ਦੋ ਭਾਰਤੀ ਜਾਸੂਸਾਂ ਨੂੰ ਦੇਸ਼ ਤੋਂ ਕੱਢਣ ਦੀਆਂ ਰੀਪੋਰਟਾਂ ਵਿਚਕਾਰ ਹੋਈ ਬਾਗਲੇ ਅਤੇ ਵਾਂਗ ਵਿਚਾਲੇ ਇਹ ਮੁਲਾਕਾਤ
ਕੈਨਬਰਾ: ਆਸਟਰੇਲੀਆ ’ਚ ਭਾਰਤੀ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੇ ਸੋਮਵਾਰ ਨੂੰ ਆਸਟਰੇਲੀਆ ਦੇ ਵਿਦੇਸ਼ ਮੰਤਰੀ ਪੇਨੀ ਵਾਂਗ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਦੇਸ਼ਾਂ ਦਰਮਿਆਨ ਦੁਵਲੇ ਸਹਿਯੋਗ ਦੇ ਮੁੱਦਿਆਂ ’ਤੇ ਚਰਚਾ ਕੀਤੀ। ਕੈਨਬਰਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਪੋਸਟ ਕੀਤਾ, ‘‘ਭਾਰਤ ਅਤੇ ਆਸਟਰੇਲੀਆ ਵਿਚਾਲੇ ਵਿਆਪਕ ਰਣਨੀਤਕ ਭਾਈਵਾਲੀ ਨਵੀਆਂ ਉਚਾਈਆਂ ਨੂੰ ਛੂਹਣ ਲਈ ਤਿਆਰ ਹੈ।’’
ਵਾਂਗ ਅਤੇ ਬਾਗਲੇ ਵਿਚਾਲੇ ਮੁਲਾਕਾਤ ਦੀ ਤਸਵੀਰ ਸਾਂਝੀ ਕਰਦਿਆਂ ਹਾਈ ਕਮਿਸ਼ਨ ਨੇ ਕਿਹਾ ਕਿ ਹਾਈ ਕਮਿਸ਼ਨਰ ਅਤੇ ਵਿਦੇਸ਼ ਮੰਤਰੀ ਨੇ ਭਾਰਤ ਅਤੇ ਆਸਟਰੇਲੀਆ ਵਿਚਾਲੇ ਦੁਵਲੇ ਸਹਿਯੋਗ ਦੇ ਸਾਰੇ ਪਹਿਲੂਆਂ ’ਤੇ ਕੀਮਤੀ ਚਰਚਾ ਕੀਤੀ।
ਬਾਗਲੇ ਅਤੇ ਵਾਂਗ ਵਿਚਾਲੇ ਇਹ ਮੁਲਾਕਾਤ ਆਸਟ੍ਰੇਲੀਆਈ ਮੀਡੀਆ ਦੀਆਂ ਰੀਪੋਰਟਾਂ ਤੋਂ ਕੁੱਝ ਦਿਨ ਬਾਅਦ ਹੋਈ ਹੈ ਕਿ ਕੈਨਬਰਾ ਨੇ ਸੰਵੇਦਨਸ਼ੀਲ ਰੱਖਿਆ ਪ੍ਰਾਜੈਕਟਾਂ ਅਤੇ ਹਵਾਈ ਅੱਡੇ ਦੀ ਸੁਰੱਖਿਆ ਬਾਰੇ ਕਥਿਤ ਤੌਰ ’ਤੇ ਖੁਫੀਆ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ 2020 ਵਿਚ ਦੋ ਭਾਰਤੀ ਜਾਸੂਸਾਂ ਨੂੰ ਦੇਸ਼ ਤੋਂ ਕੱਢ ਦਿਤਾ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਹਾਲ ਹੀ ’ਚ ਨਵੀਂ ਦਿੱਲੀ ’ਚ ਰੀਪੋਰਟ ’ਤੇ ਇਕ ਸਵਾਲ ਦੇ ਜਵਾਬ ’ਚ ਇਸ ਨੂੰ ‘ਕਿਆਸੇ’ ਕਰਾਰ ਦਿਤਾ ਸੀ।