40 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚਿਆ ਤਾਪਮਾਨ
ਟੋਕੀਓ : ਕੁਦਰਤ ਦੇ ਰੰਗਾਂ ਦਾ ਕੋਈ ਵੀ ਅਨੁਮਾਨ ਨਹੀਂ ਲਗਾ ਸਕਦਾ। ਕਿਤੇ ਭਾਰੀ ਬਾਰਿਸ਼ ਅਤੇ ਹੜ੍ਹ ਕਾਰਨ ਲੋਕ ਪ੍ਰਭਾਵਿਤ ਹੋ ਰਹੇ ਹਨ ਅਤੇ ਦੁਨੀਆ ਦੇ ਕਿਸੇ ਹਿੱਸੇ ਵਿਚ ਗਰਮੀ ਦੀ ਮਾਰ ਝੱਲਣੀ ਪੈ ਰਹੀ ਹੈ। ਜਾਪਾਨ ਵਿਚ 27 ਜੂਨ ਤੋਂ 3 ਜੁਲਾਈ ਦਰਮਿਆਨ ਭਿਆਨਕ ਗਰਮੀ ਦੀ ਲਪੇਟ ਵਿਚ ਆਏ 14,300 ਤੋਂ ਜ਼ਿਆਦਾ ਲੋਕਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ ਅਤੇ ਕਈ ਲੋਕਾਂ ਦੀ ਮੌਤ ਹੋਣ ਬਾਰੇ ਵੀ ਖਬਰਾਂ ਆ ਰਹੀਆਂ ਹਨ।
ਜਾਪਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲਾ ਦੀ ਅੱਗ ਅਤੇ ਆਫ਼ਤ ਪ੍ਰਬੰਧਨ ਏਜੰਸੀ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਆਫ਼ਤ ਪ੍ਰਬੰਧਨ ਏਜੰਸੀ ਦੀ ਰਿਪੋਰਟ ਅਨੁਸਾਰ ਟੋਕੀਓ ਵਿੱਚ 2,030, ਸੈਤਾਮਾ ਪ੍ਰੀਫੈਕਚਰ ਵਿੱਚ 1,383, ਏਚੀ ਵਿੱਚ 1,036, ਕਾਨਾਗਾਵਾ ਵਿੱਚ 875, ਚੀਬਾ ਵਿੱਚ 821 ਅਤੇ ਓਸਾਕਾ ਵਿੱਚ 782 ਲੋਕ ਹਸਪਤਾਲ ਵਿੱਚ ਦਾਖ਼ਲ ਹਨ। ਇੱਕ ਹਫ਼ਤੇ ਵਿੱਚ ਜਾਪਾਨ ਵਿੱਚ ਹਸਪਤਾਲ ਵਿੱਚ ਭਰਤੀ ਹੋਣ ਵਾਲਿਆਂ ਦੀ ਕੁੱਲ ਸੰਖਿਆ 14,353 ਹੈ, ਜੋ ਕਿ ਪਿਛਲੇ ਹਫ਼ਤੇ ਨਾਲੋਂ ਤਿੰਨ ਗੁਣਾ ਵੱਧ ਹੈ, ਉਦੋਂ ਇਹ ਸੰਖਿਆ 4,551 ਸੀ।
1 ਜੁਲਾਈ ਨੂੰ ਜਾਪਾਨ ਵਿਚ 40 ਡਿਗਰੀ ਸੈਲਸੀਅਸ ਤੋਂ ਉੱਪਰ ਰਿਕਾਰਡ ਉੱਚ ਤਾਪਮਾਨ ਦਰਜ ਕੀਤਾ ਗਿਆ। ਮੌਜੂਦਾ ਸਮੇਂ ਵਿਚ ਭਾਰੀ ਬਾਰਿਸ਼ ਲਿਆਉਣ ਵਾਲੇ ਚੱਕਰਵਾਤ ਏਰੇ ਦੇ ਅੱਗੇ ਵਧਣ ਦਰਮਿਆਨ ਜਾਪਾਨੀ ਆਈਲੈਂਡ ਦੇ ਦੱਖਣੀ ਅਤੇ ਦੱਖਣੀ-ਪੱਛਮੀ ਹਿੱਸਿਆਂ ਵਿਚ ਤਾਪਮਾਨ ਥੋੜ੍ਹਾ ਘੱਟ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 1875 ਤੋਂ ਬਾਅਦ ਇਥੇ ਸਭ ਤੋਂ ਵੱਧ ਗਰਮੀ ਰਿਕਾਰਡ ਕੀਤੀ ਗਈ ਹੈ।