
'ਅਮਰੀਕਾ ਨੇ 1954 ਤੋਂ ਪਾਕਿਸਤਾਨ ਨੂੰ 2 ਅਰਬ ਡਾਲਰ ਦੇ ਹਥਿਆਰ ਦਿਤੇ ਹਨ''
Indian Army reminded America of history News in punjabi : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਭਾਰਤ ਉਤੇ ਟੈਰਿਫ ਵਧਾਉਣ ਦੀ ਧਮਕੀ ਦੇ ਰਹੇ ਹਨ। ਟਰੰਪ ਦੀਆਂ ਟੈਰਿਫ ਧਮਕੀਆਂ ਅਤੇ ਨਾਰਾਜ਼ਗੀ ਦੇ ਵਿਚਕਾਰ ਭਾਰਤੀ ਫੌਜ ਨੇ ਅਮਰੀਕਾ ਉਤੇ ਜ਼ਬਰਦਸਤ ਨਿਸ਼ਾਨਾ ਵਿੰਨਿ੍ਹਆ ਹੈ। ਫੌਜ ਨੇ ਇਸ ਲਈ ਇਕ ਸੋਸ਼ਲ ਮੀਡੀਆ ਪੋਸਟ ਦਾ ਪ੍ਰਯੋਗ ਕੀਤਾ।ਭਾਰਤੀ ਫੌਜ ਦੀ ਪੂਰਬੀ ਕਮਾਂਡ ਨੇ 5 ਅਗੱਸਤ, 1971 ਨੂੰ ਪ੍ਰਕਾਸ਼ਤ ਇਕ ਅਖਬਾਰ ਦੀ ਖ਼ਬਰ ਸਾਂਝੀ ਕੀਤੀ, ਜਿਸ ਵਿਚ ਸਪੱਸ਼ਟ ਲਿਖਿਆ ਸੀ ਕਿ ਅਮਰੀਕਾ ਨੇ 1954 ਤੋਂ ਪਾਕਿਸਤਾਨ ਨੂੰ 2 ਅਰਬ ਡਾਲਰ ਦੇ ਹਥਿਆਰ ਦਿਤੇ ਹਨ।
ਖ਼ਬਰ ਵਿਚ 4 ਅਗੱਸਤ, 1971 ਨੂੰ ਤਤਕਾਲੀ ਰੱਖਿਆ ਉਤਪਾਦਨ ਮੰਤਰੀ ਵੀ.ਸੀ. ਸ਼ੁਕਲਾ ਦਾ ਇਕ ਬਿਆਨ ਸੀ, ਜਿਸ ਵਿਚ ਉਨ੍ਹਾਂ ਨੇ ਰਾਜ ਸਭਾ ਨੂੰ ਦਸਿਆ ਸੀ ਕਿ ਪਾਕਿਸਤਾਨ ਨੂੰ ਹਥਿਆਰਾਂ ਦੀ ਸਪਲਾਈ ਦੇ ਮੁੱਦੇ ਉਤੇ ਨਾਟੋ ਦੇਸ਼ਾਂ ਅਤੇ ਸੋਵੀਅਤ ਯੂਨੀਅਨ ਨਾਲ ਗੱਲਬਾਤ ਹੋਈ ਸੀ।
ਸੋਵੀਅਤ ਅਤੇ ਫਰਾਂਸ ਨੇ ਸਪਲਾਈ ਕਰਨ ਤੋਂ ਇਨਕਾਰ ਕਰ ਦਿਤਾ ਸੀ, ਪਰ ਅਮਰੀਕਾ ਅਜੇ ਵੀ ਪਾਕਿਸਤਾਨ ਨੂੰ ਹਥਿਆਰਾਂ ਦੀ ਸਪਲਾਈ ਕਰ ਰਿਹਾ ਸੀ। ਸ਼ੁਕਲਾ ਨੇ ਕਿਹਾ ਕਿ 1954 ਵਿਚ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਹਥਿਆਰ ਸਮਝੌਤੇ ਉਤੇ ਹਸਤਾਖਰ ਹੋਣ ਤੋਂ ਬਾਅਦ ਪਾਕਿਸਤਾਨ ਨੂੰ 2 ਅਰਬ ਡਾਲਰ ਦੇ ਅਮਰੀਕੀ ਹਥਿਆਰ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਨਾਟੋ ਸ਼ਕਤੀਆਂ ਅਤੇ ਸੋਵੀਅਤ ਯੂਨੀਅਨ ਨਾਲ ਸੰਪਰਕ ਕੀਤਾ ਗਿਆ ਸੀ। ਸੋਵੀਅਤ ਅਤੇ ਫਰਾਂਸ ਨੇ ਸਪੱਸ਼ਟ ਤੌਰ ਉਤੇ ਕਿਹਾ ਕਿ ਉਨ੍ਹਾਂ ਨੇ ਕੁੱਝ ਨਹੀਂ ਦਿਤਾ, ਪਰ ਅਮਰੀਕਾ ਨੇ ਸਪਲਾਈ ਜਾਰੀ ਰੱਖੀ।
ਰੀਪੋਰਟ ’ਚ ਇਹ ਵੀ ਲਿਖਿਆ ਗਿਆ ਸੀ ਕਿ ਚੀਨ ਅਤੇ ਅਮਰੀਕਾ ਨੇ ਪਾਕਿਸਤਾਨ ਨੂੰ ‘ਬਹੁਤ ਘੱਟ ਕੀਮਤ’ ਉਤੇ ਹਥਿਆਰ ਦਿਤੇ ਸਨ। ਯਾਨੀ 1971 ਦੀ ਜੰਗ ’ਚ ਪਾਕਿਸਤਾਨ ਨੇ ਜਿਨ੍ਹਾਂ ਹਥਿਆਰਾਂ ਨਾਲ ਭਾਰਤ ਨਾਲ ਲੜਾਈ ਲੜੀ ਸੀ, ਉਨ੍ਹਾਂ ਵਿਚੋਂ ਜ਼ਿਆਦਾਤਰ ਅਮਰੀਕਾ ਅਤੇ ਚੀਨ ਦੀ ਸਸਤੀ ਕੀਮਤ ਉਤੇ ਮਿਲੇ ਹਥਿਆਰ ਸਨ। (ਏਜੰਸੀ)
(For more news apart from “Indian Army reminded America of history News in punjabi, ” stay tuned to Rozana Spokesman.)