
ਸ਼ਿਮੀਅਨ ਕਾਉਂਟੀ ਵਿਚ ਇਸੇ ਭੂਚਾਲ ਕਾਰਨ 28 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 248 ਲੋਕ ਜ਼ਖਮੀ ਹੋਏ
ਪੇਈਚਿੰਗ : ਦੱਖਣ-ਪੱਛਮੀ ਚੀਨ ਵਿਚ ਆਏ ਭੂਚਾਲ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 65 ਹੋ ਗਈ ਹੈ। ਸਰਕਾਰੀ ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ ਦੀ ਲੁਡਿੰਗ ਕਾਊਂਟੀ 'ਚ ਸੋਮਵਾਰ ਨੂੰ 6.8 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ 16 ਹੋਰ ਲਾਪਤਾ ਹੋ ਗਏ। ਭੂਚਾਲ ਕਾਰਨ ਸੂਬਾਈ ਰਾਜਧਾਨੀ ਚੇਂਗਦੂ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸੂਬਾਈ ਰਾਜਧਾਨੀ ਦੇ 20 ਮਿਲੀਅਨ ਤੋਂ ਵੱਧ ਲੋਕ ਪਹਿਲਾਂ ਹੀ ਕੋਰੋਨਾ ਵਾਇਰਸ ਦੀ ਲਾਗ ਕਾਰਨ ਪਾਬੰਦੀਆਂ ਹੇਠ ਰਹਿ ਰਹੇ ਹਨ।
ਇਕ ਸਰਕਾਰੀ ਸਮਾਚਾਰ ਏਜੰਸੀ ਮੁਤਾਬਿਕ ਭੂਚਾਲ ਨੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਗਰਜੇ ਤਿੱਬਤੀ ਆਟੋਨੋਮਸ ਖੇਤਰ ਦੇ ਮੋਕਸ਼ੀ ਸ਼ਹਿਰ ਵਿਚ ਬਿਜਲੀ ਸਪਲਾਈ ਵਿਚ ਵਿਘਨ ਪਾਇਆ। ਉੱਥੇ ਵੀ 37 ਲੋਕਾਂ ਦੀ ਮੌਤ ਹੋ ਚੁੱਕੀ ਹੈ। 50,000 ਤੋਂ ਵੱਧ ਲੋਕਾਂ ਨੂੰ ਉੱਥੋਂ ਕੱਢ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਠਹਿਰਣ ਲਈ ਟੈਂਟ ਲਗਾਏ ਜਾ ਰਹੇ ਹਨ।
ਸ਼ਿਮੀਅਨ ਕਾਉਂਟੀ ਵਿਚ ਇਸੇ ਭੂਚਾਲ ਕਾਰਨ 28 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 248 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਮੋਕਸ਼ੀ ਦੇ ਰਹਿਣ ਵਾਲੇ ਸਨ। ਮਰਨ ਵਾਲਿਆਂ ਵਿਚੋਂ ਤਿੰਨ ਹੇਲੁਓਗੋ ਸੀਨਿਕ ਏਰੀਆ ਦੇ ਕਰਮਚਾਰੀ ਸਨ। ਰਾਜ ਪ੍ਰਸਾਰਕ ਸੀਸੀਟੀਵੀ ਨੇ ਇਹ ਜਾਣਕਾਰੀ ਦਿੱਤੀ ਕਿ ਭੂਚਾਲ ਦੇ ਪ੍ਰਭਾਵ ਕਾਰਨ ਪਹਾੜੀ ਖੇਤਰਾਂ ਤੋਂ ਚੱਟਾਨਾਂ ਅਤੇ ਮਿੱਟੀ ਡਿੱਗ ਰਹੀ ਹੈ, ਜਿਸ ਨਾਲ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।