
ਇੰਦਰਪ੍ਰੀਤ ਸਿੰਘ ਗਾਬਾ ਪਿਛਲੇ ਸਾਲ ਦਸੰਬਰ ਵਿੱਚ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਤੋਂ ਫੜਿਆ ਗਿਆ ਸੀ
Inderpal Singh Gaba : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਪਿਛਲੇ ਸਾਲ ਮਾਰਚ 2023 'ਚ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ 'ਚ ਹੋਈ ਹਿੰਸਾ ਦੇ ਮਾਮਲੇ 'ਚ ਬ੍ਰਿਟੇਨ ਨਾਗਰਿਕ ਇੰਦਰਪਾਲ ਸਿੰਘ ਗਾਬਾ ਖਿਲਾਫ ਵੀਰਵਾਰ ਨੂੰ ਚਾਰਜਸ਼ੀਟ ਦਾਇਰ ਕੀਤੀ ਹੈ। ਗਰਮਖ਼ਿਆਲੀ ਮੁਲਜ਼ਮ ਇੰਦਰਪ੍ਰੀਤ ਸਿੰਘ ਗਾਬਾ ਪਿਛਲੇ ਸਾਲ ਦਸੰਬਰ ਵਿੱਚ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਤੋਂ ਫੜਿਆ ਗਿਆ ਸੀ। ਉਹ ਪਾਕਿਸਤਾਨ ਤੋਂ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਆ ਰਿਹਾ ਸੀ।
ਐਨਆਈਏ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇੰਦਰਪ੍ਰੀਤ ਸਿੰਘ ਗਾਬਾ ਬ੍ਰਿਟੇਨ ਦਾ ਨਾਗਰਿਕ ਹੈ ਅਤੇ ਹਾਉਂਸਲੋ ਵਿੱਚ ਰਹਿੰਦਾ ਹੈ। ਮੂਲ ਰੂਪ ਵਿੱਚ ਉਹ ਦਿੱਲੀ ਦਾ ਵਸਨੀਕ ਹੈ ਅਤੇ ਉਸ ਕੋਲ ਬ੍ਰਿਟੇਨ ਦੀ ਨਾਗਰਿਕਤਾ ਹੈ। ਇੰਦਰਪਾਲ ਸਿੰਘ ਗਾਬਾ ਨੇ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਵਿਚ ਖਾਲਿਸਤਾਨ ਪੱਖੀ ਹਿੰਸਾ ਵਿਚ ਭਾਰਤ ਵਿਰੁੱਧ ਸਰਗਰਮ ਭੂਮਿਕਾ ਨਿਭਾਈ ਸੀ। ਇਹ ਪ੍ਰਦਰਸ਼ਨ 22 ਮਾਰਚ 2023 ਨੂੰ ਕੀਤਾ ਗਿਆ ਸੀ। NIA ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ 'ਇਸ ਸਾਲ 25 ਅਪ੍ਰੈਲ ਨੂੰ NIA ਨੇ ਉਸ ਨੂੰ ਵਿਆਪਕ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ ਅਤੇ ਵੱਖਵਾਦੀ ਗਤੀਵਿਧੀਆਂ 'ਚ ਉਸਦੀ ਭੂਮਿਕਾ ਦਾ ਪਤਾ ਲਗਾਇਆ ਸੀ।
ਅਟਾਰੀ ਬਾਰਡਰ ਤੋਂ ਹੋਈ ਸੀ ਇਹ ਗ੍ਰਿਫਤਾਰੀ
ਗਾਬਾ ਨੂੰ ਪਿਛਲੇ ਸਾਲ ਦਸੰਬਰ ਵਿੱਚ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਖਿਲਾਫ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ। ਉਹ ਲੰਡਨ ਤੋਂ ਪਾਕਿਸਤਾਨ ਆਇਆ ਸੀ ਅਤੇ ਅਟਾਰੀ ਸਰਹੱਦ ਤੋਂ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਸੀ। ਉਸ ਨੂੰ ਕਸਟਮ ਵਿਭਾਗ ਨੇ ਦਸਤਾਵੇਜ਼ਾਂ ਦੀ ਤਸਦੀਕ ਦੌਰਾਨ ਹਿਰਾਸਤ ਵਿੱਚ ਲਿਆ ਸੀ। ਇਸ ਤੋਂ ਬਾਅਦ ਇੰਦਰਪਾਲ ਖਿਲਾਫ ਜਾਂਚ ਸ਼ੁਰੂ ਕੀਤੀ ਗਈ ਅਤੇ ਜਾਂਚ ਜਾਰੀ ਰਹਿਣ ਤੱਕ ਉਸ ਨੂੰ ਦੇਸ਼ ਛੱਡ ਕੇ ਨਾ ਜਾਣ ਲਈ ਕਿਹਾ ਗਿਆ।
ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਕੀਤਾ ਸੀ ਹਮਲਾ
ਜਾਂਚ ਦੌਰਾਨ ਐਨਆਈਏ ਨੇ ਉਸ ਦਾ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਸੀ। ਘਟਨਾ ਦੇ ਕਈ ਇਤਰਾਜ਼ਯੋਗ ਵੀਡੀਓ ਅਤੇ ਫੋਟੋਆਂ ਸਮੇਤ ਡਾਟਾ ਦੀ ਜਾਂਚ ਕੀਤੀ ਗਈ। ਆਖ਼ਰਕਾਰ ਘਟਨਾ ਵਿਚ ਉਸ ਦੀਆਂ ਅਹਿਮ ਜ਼ਿੰਮੇਵਾਰੀਆਂ ਸਾਹਮਣੇ ਆ ਗਈਆਂ। ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲਿਆਂ ਦੀ ਯੋਜਨਾ ਲੰਡਨ 'ਚ ਬਣਾਈ ਗਈ ਸੀ।
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਕੀਤੀ ਕਾਰਵਾਈ ਦਾ ਬਦਲਾ ਲੈਣ ਲਈ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕਰਨ ਅਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਹਾਈ ਕਮਿਸ਼ਨ 'ਤੇ ਹਿੰਸਕ ਹਮਲੇ ਦਾ ਉਦੇਸ਼ ਪੰਜਾਬ ਵਿਚ ਵੱਖ ਹੋਣ ਦੇ ਜ਼ਰੀਏ ਖਾਲਿਸਤਾਨ ਦੇ ਉਦੇਸ਼ ਨੂੰ ਅੱਗੇ ਵਧਾਉਣਾ ਸੀ।