
ਨੇਤਨਯਾਹੂ ਦਾ ਕਹਿਣਾ ਹੈ ਕਿ ਗਾਜ਼ਾ ਸਿਟੀ ਹਮਾਸ ਦਾ ਗੜ੍ਹ ਹੈ ਅਤੇ ਫਿਲਸਤੀਨੀ ਇਸਲਾਮਿਕ ਅਤਿਵਾਦੀਆਂ ਨੂੰ ਹਰਾਉਣ ਲਈ ਇਸ ਉਤੇ ਕਬਜ਼ਾ ਕਰਨਾ ਜ਼ਰੂਰੀ ਹੈ
ਗਾਜ਼ਾ : ਇਜ਼ਰਾਇਲੀ ਫੌਜ ਨੇ ਗਾਜ਼ਾ ਸਿਟੀ ਵਿਚ ਇਕ ਉੱਚੇ ਟਾਵਰ ਉਤੇ ਬੰਬਾਰੀ ਕਰਨ ਤੋਂ ਪਹਿਲਾਂ ਫਲਸਤੀਨੀਆਂ ਨੂੰ ਦੱਖਣ ਵਲ ਜਾਣ ਲਈ ਕਿਹਾ ਹੈ ਕਿਉਂਕਿ ਉਸ ਦੀਆਂ ਫੌਜਾਂ ਇਸ ਖੇਤਰ ਦੇ ਸੱਭ ਤੋਂ ਵੱਡੇ ਸ਼ਹਿਰੀ ਖੇਤਰ ਵਿਚ ਅੱਗੇ ਵਧ ਰਹੀਆਂ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਲੋਂ ਫੌਜ ਨੂੰ ਇਸ ਉਤੇ ਕਬਜ਼ਾ ਕਰਨ ਦੇ ਹੁਕਮ ਦਿਤੇ ਜਾਣ ਤੋਂ ਬਾਅਦ ਇਜ਼ਰਾਇਲੀ ਫੌਜ ਕਈ ਹਫਤਿਆਂ ਤੋਂ ਉੱਤਰੀ ਸ਼ਹਿਰ ਦੇ ਉਪਨਗਰਾਂ ਉਤੇ ਹਮਲਾ ਕਰ ਰਹੀ ਹੈ।
ਨੇਤਨਯਾਹੂ ਦਾ ਕਹਿਣਾ ਹੈ ਕਿ ਗਾਜ਼ਾ ਸਿਟੀ ਹਮਾਸ ਦਾ ਗੜ੍ਹ ਹੈ ਅਤੇ ਫਿਲਸਤੀਨੀ ਇਸਲਾਮਿਕ ਅਤਿਵਾਦੀਆਂ ਨੂੰ ਹਰਾਉਣ ਲਈ ਇਸ ਉਤੇ ਕਬਜ਼ਾ ਕਰਨਾ ਜ਼ਰੂਰੀ ਹੈ। ਇਸ ਹਮਲੇ ਨਾਲ ਤਕਰੀਬਨ ਦੋ ਸਾਲਾਂ ਦੀ ਲੜਾਈ ਤੋਂ ਬਾਅਦ ਉੱਥੇ ਪਨਾਹ ਲੈ ਰਹੇ ਲੱਖਾਂ ਫਲਸਤੀਨੀਆਂ ਨੂੰ ਬੇਘਰ ਕਰਨ ਦਾ ਖਤਰਾ ਹੈ। ਜੰਗ ਤੋਂ ਪਹਿਲਾਂ, ਲਗਭਗ 10 ਲੱਖ ਲੋਕ, ਗਾਜ਼ਾ ਦੀ ਲਗਭਗ ਅੱਧੀ ਆਬਾਦੀ, ਸ਼ਹਿਰ ਵਿਚ ਰਹਿੰਦੇ ਸਨ।
ਇਜ਼ਰਾਈਲੀ ਫੌਜ ਦੇ ਬੁਲਾਰੇ ਅਵਿਚੇ ਅਦਰਾਏ ਨੇ ਐਕਸ ਉਤੇ ਲਿਖਿਆ ਕਿ ਵਸਨੀਕਾਂ ਨੂੰ ਸ਼ਹਿਰ ਛੱਡ ਕੇ ਦਖਣੀ ਗਾਜ਼ਾ ਦੇ ਖਾਨ ਯੂਨਿਸ ਦੇ ਇਕ ਨਿਰਧਾਰਤ ਤੱਟੀ ਖੇਤਰ ਵਿਚ ਜਾਣਾ ਚਾਹੀਦਾ ਹੈ ਅਤੇ ਭੱਜਣ ਵਾਲਿਆਂ ਨੂੰ ਭਰੋਸਾ ਦਿਤਾ ਕਿ ਉਹ ਉਥੇ ਭੋਜਨ, ਡਾਕਟਰੀ ਦੇਖਭਾਲ ਅਤੇ ਪਨਾਹ ਪ੍ਰਾਪਤ ਕਰਨ ਦੇ ਯੋਗ ਹੋਣਗੇ।