
Gaza Israel News: 70 ਫ਼ਲਸਤੀਨੀਆਂ ਦੀ ਮੌਤ, ਮਰਨ ਵਾਲਿਆਂ ਵਿਚ ਬੱਚੇ ਵੀ ਸ਼ਾਮਲ
Israeli bombardment of Gaza continues: ਇਕ ਪਾਸੇ ਜਿਥੇ ਟਰੰਪ ਦੀਆਂ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ ਰੋਕਣ ਦੀਆਂ ਕੋਸ਼ਿਸ਼ਾਂ ਦੀਆਂ ਤਾਰੀਫ਼ਾਂ ਹੋ ਰਹੀਆਂ ਹਨ, ਇਸੇ ਦੌਰਾਨ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਇਜ਼ਰਾਈਲ ਨੇ ਟਰੰਪ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਨਜ਼ਰਅੰਦਾਜ਼ ਕਰਦਿਆਂ ਗਾਜ਼ਾ ਪੱਟੀ ’ਚ ਇਕ ਹੋਰ ਵੱਡਾ ਹਵਾਈ ਹਮਲਾ ਕੀਤਾ ਹੈ, ਜਿਸ ਕਾਰਨ ਘੱਟੋ-ਘੱਟ 70 ਫ਼ਲਸਤੀਨੀ ਮਾਰੇ ਗਏ, ਜਿਨ੍ਹਾਂ ਵਿਚ ਦੋ ਮਹੀਨਿਆਂ ਤੋਂ ਲੈ ਕੇ ਅੱਠ ਸਾਲ ਦੇ ਬੱਚੇ ਵੀ ਸ਼ਾਮਲ ਹਨ।
ਇਹ ਹਮਲੇ ਉਦੋਂ ਹੋਏ ਜਦੋਂ ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਨੂੰ ਤੁਰਤ ਹਮਲੇ ਬੰਦ ਕਰਨ ਦੀ ਅਪੀਲ ਕੀਤੀ ਸੀ। ਇਜ਼ਰਾਈਲ ਦੀ ਫ਼ੌਜੀ ਮੁਹਿੰਮ ਦੇ ਕੇਂਦਰ ਰਹੇ ਗਾਜ਼ਾ ਸਿਟੀ ਵਿਚ ਸੱਭ ਤੋਂ ਵੱਧ ਮੌਤਾਂ ਹੋਈਆਂ। ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਥੇ 45 ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਤੋਂ ਇਲਾਵਾ ਤੁਫ਼ਾਹ ਇਲਾਕੇ ਵਿਚ ਹੋਏ ਹਵਾਈ ਹਮਲੇ ਵਿਚ 18 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋਏ। ਬਚਾਅ ਕਰਮਚਾਰੀਆਂ ਨੇ ਦਸਿਆ ਕਿ ਧਮਾਕੇ ਕਾਰਨ ਨੇੜਲੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ। ਇਜ਼ਰਾਈਲੀ ਫ਼ੌਜਾਂ ਨੇ ਦੱਖਣੀ ਗਾਜ਼ਾ ਦੇ ਅਲ-ਮਵਾਸੀ ਵਿਚ ਇਕ ਕੈਂਪ ’ਤੇ ਵੀ ਹਮਲੇ ਕੀਤੇ। ਇਹ ਉਹ ਖੇਤਰ ਹੈ ਜਿੱਥੇ ਇਜ਼ਰਾਈਲੀ ਫ਼ੌਜਾਂ ਨੇ ਫਲਸਤੀਨੀਆਂ ਨੂੰ ਖੇਤਰ ਖ਼ਾਲੀ ਕਰਨ ਲਈ ਕਿਹਾ ਸੀ।
ਇਸ ਹਮਲੇ ਵਿਚ ਦੋ ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਘੱਟੋ-ਘੱਟ 8 ਹੋਰ ਜ਼ਖ਼ਮੀ ਹੋ ਗਏ। ਇਜ਼ਰਾਈਲੀ ਹਮਲਿਆਂ ਕਾਰਨ ਹਾਲ ਹੀ ਦੇ ਹਫ਼ਤਿਆਂ ਵਿਚ ਇਕ ਮਿਲੀਅਨ ਤੋਂ ਵੱਧ ਗਾਜ਼ਾ ਨਿਵਾਸੀ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨੂੰ ਦੱਖਣੀ ਗਾਜ਼ਾ ਵਲ ਜਾਣ ਲਈ ਮਜਬੂਰ ਕੀਤਾ ਗਿਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਯੇਰੂਸ਼ਲਮ ਵਿਚ ਕਿਹਾ ਕਿ ਇਜ਼ਰਾਈਲੀ ਫ਼ੌਜਾਂ ਗਾਜ਼ਾ ਦੇ ਅੰਦਰ ਅਪਣੀਆਂ ਕਾਰਵਾਈਆਂ ਜਾਰੀ ਰਖਣਗੀਆਂ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹਮਾਸ ਨੂੰ ਨਿਸ਼ਸਤਰ ਕੀਤਾ ਜਾਣਾ ਜ਼ਰੂਰੀ ਹੈ।
ਇਸ ਦੌਰਾਨ ਬੰਧਕਾਂ ਦੀ ਰਿਹਾਈ ਅਤੇ ਕੈਦੀਆਂ ਦੀ ਅਦਲਾ-ਬਦਲੀ ਲਈ ਗੱਲਬਾਤ ਜਾਰੀ ਹੈ, ਜਿਸ ਲਈ ਹਮਾਸ ਅਤੇ ਇਜ਼ਰਾਈਲ ਦੇ ਵਫ਼ਦ ਸੋਮਵਾਰ ਨੂੰ ਮਿਸਰ ਵਿਚ ਗੱਲਬਾਤ ਵਿੱਚ ਸ਼ਾਮਲ ਹੋਣਗੇ। ਵ੍ਹਾਈਟ ਹਾਊਸ ਦੇ ਅਧਿਕਾਰੀਆਂ (ਸਟੀਵ ਵਿਟਕੋਫ ਅਤੇ ਜੇਰੇਡ ਕੁਸ਼ਨਰ) ਨੂੰ ਵੀ ਗੱਲਬਾਤ ਲਈ ਮਿਸਰ ਭੇਜਿਆ ਜਾ ਰਿਹਾ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਗੋਲੀਬਾਰੀ ਵਿਚ ਸ਼ਾਮਲ ਨਹੀਂ ਸੀ ਅਤੇ ਹਮਲਿਆਂ ਬਾਰੇ ਤੁਰਤ ਕੋਈ ਟਿਪਣੀ ਨਹੀਂ ਕੀਤੀ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਐਤਵਾਰ ਨੂੰ ਜੰਗ ਵਿਚ ਫਲਸਤੀਨੀਆਂ ਦੀ ਮੌਤ ਦੀ ਗਿਣਤੀ 67,139 ਹੋ ਗਈ ਹੈ, ਜਿਸ ਵਿਚ ਲਗਭਗ 170,000 ਜ਼ਖਮੀ ਹੋਏ ਹਨ। (ਏਜੰਸੀ)