
ਸੰਚਾਰ ਸੇਵਾਵਾਂ ਐਤਵਾਰ ਨੂੰ ਤੀਜੀ ਵਾਰ ਫਿਰ ਵਿਘਨ ਪਈਆਂ
Israel Hamas War escalates and Gaza strip cut into two by Israeli military : ਇਜ਼ਰਾਇਲੀ ਫੌਜ ਨੇ ਬੀਤੀ ਰਾਤ ਹਮਾਸ ਸ਼ਾਸਿਤ ਗਾਜ਼ਾ ਦੇ ਉੱਤਰੀ ਹਿੱਸੇ ਨੂੰ ਦਖਣੀ ਹਿੱਸੇ ਤੋਂ ਵੱਖ ਕਰਦੇ ਹੋਏ ਕਈ ਹਵਾਈ ਹਮਲੇ ਕੀਤੇ। ਇਸ ਦੌਰਾਨ ਮਹੀਨਾ ਭਰ ਚੱਲੀ ਜੰਗ ’ਚ ਮਾਰੇ ਗਏ ਫਲਸਤੀਨੀਆਂ ਦੀ ਕੁਲ ਗਿਣਤੀ 10 ਹਜ਼ਾਰ ਨੂੰ ਪਾਰ ਕਰ ਗਈ ਹੈ। ਸੰਘਣੀ ਆਬਾਦੀ ਵਾਲੇ ਗਾਜ਼ਾ ਸ਼ਹਿਰ ’ਚ ਇਜ਼ਰਾਈਲੀ ਫੌਜਾਂ ਵਲੋਂ ਕੀਤੀ ਜ਼ਮੀਨੀ ਕਾਰਵਾਈ ਕਾਰਨ ਹੋਰ ਵੀ ਖੂਨੀ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਹੈ। ਫਲਸਤੀਨੀਆਂ ਨੇ ਇਕ ਦਿਨ ਪਹਿਲਾਂ ਦਖਣੀ ਗਾਜ਼ਾ ’ਚ ਹਮਲਿਆਂ ’ਚ ਮਾਰੇ ਗਏ ਦਰਜਨਾਂ ਲੋਕਾਂ ਦਾ ਸਮੂਹਕ ਅੰਤਮ ਸੰਸਕਾਰ ਕੀਤਾ।
ਇਜ਼ਰਾਈਲੀ ਮੀਡੀਆ ਨੇ ਕਿਹਾ ਕਿ ਫੌਜੀ ਜਲਦੀ ਹੀ ਗਾਜ਼ਾ ਸ਼ਹਿਰ ’ਚ ਦਾਖਲ ਹੋ ਸਕਦੇ ਹਨ ਅਤੇ ਸ਼ਹਿਰੀ ਖੇਤਰਾਂ ’ਚ ਲੜਾਈ ਸ਼ੁਰੂ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਇਜ਼ਰਾਈਲ ’ਚ 1,400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਲੋਕ 7 ਅਕਤੂਬਰ ਨੂੰ ਹਮਾਸ ਦੇ ਸ਼ੁਰੂਆਤੀ ਹਮਲੇ ’ਚ ਮਾਰੇ ਗਏ ਸਨ। ਇਸ ਹਮਲੇ ਤੋਂ ਬਾਅਦ ਇਹ ਜੰਗ ਸ਼ੁਰੂ ਹੋਈ। ਇਜ਼ਰਾਇਲੀ ਫੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਰਿਚਰਡ ਹੇਚ ਨੇ ਕਿਹਾ, ‘‘ਅਸੀਂ ਉਨ੍ਹਾਂ ਦੇ ਨੇੜੇ ਪਹੁੰਚ ਰਹੇ ਹਾਂ। ਅਸੀਂ ਘੇਰਾਬੰਦੀ ਪੂਰੀ ਕਰ ਲਈ ਹੈ ਅਤੇ ਗਾਜ਼ਾ, ਹਮਾਸ ਦੇ ਗੜ੍ਹ ਨੂੰ, ਉੱਤਰ ਅਤੇ ਦੱਖਣ ’ਚ ਵੰਡ ਦਿਤਾ ਹੈ।’’
ਫੌਜ ਨੇ ਸੋਮਵਾਰ ਨੂੰ ਕਿਹਾ ਕਿ ਜਹਾਜ਼ਾਂ ਨੇ ਰਾਤੋ-ਰਾਤ 450 ਥਾਵਾਂ ’ਤੇ ਹਮਲਾ ਕੀਤਾ ਅਤੇ ਜ਼ਮੀਨੀ ਕਾਰਵਾਈਆਂ ’ਚ ਸ਼ਾਮਲ ਫੌਜੀਆਂ ਨੇ ਹਮਾਸ ਦੇ ਇਕ ਕੰਪਲੈਕਸ ’ਤੇ ਕਬਜ਼ਾ ਕਰ ਲਿਆ।
ਫੌਜ ਮੁਤਾਬਕ, ਗਾਜ਼ਾ ਸਿਟੀ ਅਤੇ ਉੱਤਰ ਦੇ ਹੋਰ ਹਿੱਸਿਆਂ ’ਚ ਰਹਿ ਰਹੇ ਹਜ਼ਾਰਾਂ ਫਲਸਤੀਨੀਆਂ ਲਈ ਦੱਖਣ ਵਲ ਇਕ ਤਰਫਾ ਗਲਿਆਰਾ ਖੁੱਲ੍ਹਾ ਹੈ।
ਇਨ੍ਹਾਂ ਹਮਲਿਆਂ ਕਾਰਨ ਗਾਜ਼ਾ ’ਚ 15 ਲੱਖ ਤੋਂ ਵੱਧ ਫਲਸਤੀਨੀ ਬੇਘਰ ਹੋਏ ਹਨ। ਇਸ ਤੋਂ ਇਲਾਵਾ ਗਾਜ਼ਾ ’ਚ ਘੱਟੋ-ਘੱਟ 241 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਹੈ। ਗਾਜ਼ਾ ’ਚ ਲੋਕ ਭੋਜਨ, ਦਵਾਈਆਂ, ਬਾਲਣ ਅਤੇ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਨੂੰ ਲੋੜੀਂਦੀ ਮਾਨਵਤਾਵਾਦੀ ਸਹਾਇਤਾ ਨਹੀਂ ਮਿਲ ਰਹੀ ਹੈ। ਹਮਲਿਆਂ ਦੇ ਵਿਰੋਧ ਅਤੇ ਉਹਨਾਂ ਨੂੰ ਰੋਕਣ ਦੀਆਂ ਅਪੀਲਾਂ ਦੇ ਬਾਵਜੂਦ, ਇਜ਼ਰਾਈਲ ਨੇ ਹਮਾਸ ਲੜਾਕਿਆਂ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਨਸ਼ਟ ਕਰਨ ਦੇ ਉਦੇਸ਼ ਨਾਲ ਗਾਜ਼ਾ ’ਤੇ ਬੰਬਾਰੀ ਜਾਰੀ ਰੱਖੀ ਹੈ। ਇਜ਼ਰਾਈਲ ਨੇ ਹਮਾਸ ’ਤੇ ਨਾਗਰਿਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਣ ਦਾ ਦੋਸ਼ ਲਾਇਆ ਹੈ।
ਅਮਰੀਕਾ ਨੇ ਇਜ਼ਰਾਈਲ ਨੂੰ ਆਮ ਨਾਗਰਿਕਾਂ ਨੂੰ ਰਾਹਤ ਦੇਣ ਲਈ ਕੁਝ ਸਮੇਂ ਲਈ ਹਮਲੇ ਬੰਦ ਕਰਨ ਦੀ ਅਪੀਲ ਕੀਤੀ ਸੀ ਪਰ ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਗਾਜ਼ਾ ’ਚ ਹਮਾਸ ਦੇ ਸ਼ਾਸਕਾਂ ਨੂੰ ਕੁਚਲਣ ਲਈ ਅਪਣੇ ਹਮਲੇ ਜਾਰੀ ਰੱਖੇਗਾ। ਇਜ਼ਰਾਈਲ ਦਾ ਕਹਿਣਾ ਹੈ ਕਿ ਹਮਾਸ ਬੰਧਕਾਂ ਨੂੰ ਰਿਹਾਅ ਕਰਨ ਤਕ ਹਮਲੇ ਜਾਰੀ ਰਹਿਣਗੇ।
ਅਰਬ ਨੇਤਾਵਾਂ ਵੱਲੋਂ ਜੰਗਬੰਦੀ ਦੀ ਮੰਗ ਇਜ਼ਰਾਈਲ ਨੇ ਕੀਤੀ ਖ਼ਾਰਜ
ਅਰਬ ਨੇਤਾਵਾਂ ਨੇ ਸ਼ਨਿਚਰਵਾਰ ਨੂੰ ਇਜ਼ਰਾਇਲ-ਹਮਾਸ ਯੁੱਧ ’ਚ ਹਜ਼ਾਰਾਂ ਫਲਸਤੀਨੀਆਂ ਦੀ ਮੌਤ ਦੀ ਨਿੰਦਾ ਕਰਦੇ ਹੋਏ ਤੁਰਤ ਜੰਗਬੰਦੀ ਦੀ ਮੰਗ ਕੀਤੀ, ਜਦਕਿ ਅਮਰੀਕੀ ਵਿਦੇਸ਼ ਮੰਤਰੀ ਨੇ ਚਿਤਾਵਨੀ ਦਿਤੀ ਕਿ ਅਜਿਹਾ ਕਦਮ ਉਲਟਾ ਅਸਰ ਕਰੇਗਾ ਅਤੇ ਅਤਿਵਾਦੀ ਸਮੂਹ ਨੂੰ ਹੋਰ ਹਿੰਸਾ ਕਰਨ ਲਈ ਉਤਸ਼ਾਹਿਤ ਕਰੇਗਾ। ਘਟਨਾ ਸਥਾਨ ’ਤੇ ਪੁਲਿਸ ਅਤੇ ਐਸੋਸੀਏਟਿਡ ਪ੍ਰੈਸ ਦੇ ਇਕ ਰੀਪੋਰਟਰ ਅਨੁਸਾਰ, ਇਕ ਫਲਸਤੀਨੀ ਵਿਅਕਤੀ ਨੇ ਪੂਰਬੀ ਯਰੂਸ਼ਲਮ ’ਚ ਇਜ਼ਰਾਈਲ ਦੀ ਅਰਧ ਸੈਨਿਕ ਸਰਹੱਦੀ ਪੁਲਿਸ ਦੇ ਦੋ ਮੈਂਬਰਾਂ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿਤਾ, ਇਸ ਤੋਂ ਪਹਿਲਾਂ ਕਿ ਇਜ਼ਰਾਈਲੀ ਬਲਾਂ ਨੇ ਉਸ ਨੂੰ ਵਧ ਰਹੀ ਅਸ਼ਾਂਤੀ ਦੇ ਦੌਰਾਨ ਗੋਲੀ ਮਾਰ ਦਿਤੀ। ਇਜ਼ਰਾਈਲ ਨੇ 1967 ਦੀ ਜੰਗ ’ਚ ਗਾਜ਼ਾ ਅਤੇ ਵੈਸਟ ਬੈਂਕ ਦੇ ਨਾਲ ਪੂਰਬੀ ਯੇਰੂਸ਼ਲਮ ਉੱਤੇ ਕਬਜ਼ਾ ਕਰ ਲਿਆ ਸੀ।
ਜੌਰਡਨ ਦੇ ਰਾਜਾ ਅਬਦੁੱਲਾ-2 ਨੇ ਸੋਮਵਾਰ ਤੜਕੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦੇ ਇਕ ਫੌਜੀ ਕਾਰਗੋ ਜਹਾਜ਼ ਨੇ ਉੱਤਰੀ ਗਾਜ਼ਾ ਦੇ ਇਕ ਹਸਪਤਾਲ ’ਚ ਡਾਕਟਰੀ ਸਹਾਇਤਾ ਪਹੁੰਚਾਈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਗਾਜ਼ਾ ’ਚ ਪਹਿਲੀ ਵਾਰ ਹਵਾਈ ਜਹਾਜ਼ ਰਾਹੀਂ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਹੁਣ ਤਕ, ਗਾਜ਼ਾ ਨਾਲ ਲੱਗਦੀ ਮਿਸਰ ਦੀ ਸਰਹੱਦ ਰਾਹੀਂ ਜ਼ਮੀਨੀ ਰਸਤੇ ਰਾਹੀਂ ਹੀ ਸਹਾਇਤਾ ਦਿਤੀ ਜਾ ਰਹੀ ਸੀ। ਉੱਤਰੀ ਗਾਜ਼ਾ ’ਚ ਸਥਿਤੀ ਨਾਜ਼ੁਕ ਬਣੀ ਹੋਈ ਹੈ ਅਤੇ ਲਗਭਗ 800,000 ਲੋਕਾਂ ਨੇ ਦਖਣੀ ਗਾਜ਼ਾ ਜਾਣ ਲਈ ਇਜ਼ਰਾਈਲੀ ਫੌਜੀ ਹੁਕਮਾਂ ਦਾ ਪਾਲਣ ਕੀਤਾ। ਹਾਲਾਂਕਿ, ਇਜ਼ਰਾਈਲ ਨੇ ਐਤਵਾਰ ਨੂੰ ਮੱਧ ਅਤੇ ਦਖਣੀ ਗਾਜ਼ਾ ਦੇ ਅਖੌਤੀ ਸੁਰੱਖਿਅਤ ਖੇਤਰ ’ਚ ਵੀ ਹਮਲੇ ਕੀਤੇ, ਜਿਸ ’ਚ ਘੱਟੋ-ਘੱਟ 53 ਲੋਕ ਮਾਰੇ ਗਏ।
ਇਜ਼ਰਾਇਲੀ ਫੌਜ ਨੇ ਐਤਵਾਰ ਦੇਰ ਰਾਤ ਕਿਹਾ ਕਿ ਉਸ ਨੇ ਹਮਾਸ ਵਿਰੁਧ ਚੱਲ ਰਹੀ ਜੰਗ ਦੇ ਹਿੱਸੇ ਵਜੋਂ ਗਾਜ਼ਾ ਸ਼ਹਿਰ ਨੂੰ ਘੇਰ ਲਿਆ ਹੈ ਅਤੇ ਤੱਟਵਰਤੀ ਪੱਟੀ ਨੂੰ ਦੋ ਹਿੱਸਿਆਂ ’ਚ ਵੰਡ ਦਿਤਾ ਹੈ। ਇਜ਼ਰਾਈਲ ਦੇ ਫੌਜੀ ਰੀਅਰ ਐਡਮਿਰਲ ਡੇਨੀਅਲ ਹਾਗਾਰੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਹੁਣ ਉੱਤਰੀ ਗਾਜ਼ਾ ਅਤੇ ਦਖਣੀ ਗਾਜ਼ਾ ਵੰਡਿਆ ਗਿਆ ਹੈ, ਗਾਜ਼ਾ ’ਤੇ ਸ਼ਾਸਨ ਕਰਨ ਵਾਲੇ ਹਮਾਸ ਦੇ ਅਤਿਵਾਦੀਆਂ ਵਿਰੁਧ ਇਜ਼ਰਾਈਲ ਦੀ ਲੜਾਈ ’ਚ ਇਸ ਨੂੰ ‘ਮਹੱਤਵਪੂਰਨ ਕਦਮ’ ਕਰਾਰ ਦਿਤਾ। ਉੱਤਰੀ ਗਾਜ਼ਾ ’ਚ ਪੂਰੀ ਰਾਤ ਧਮਾਕੇ ਹੁੰਦੇ ਰਹੇ। ਗਾਜ਼ਾ ’ਚ ਸੰਚਾਰ ਸੇਵਾਵਾਂ ਐਤਵਾਰ ਨੂੰ ਤੀਜੀ ਵਾਰ ਫਿਰ ਵਿਘਨ ਪਈਆਂ। ਇੰਟਰਨੈੱਟ ਐਕਸੈਸ ਐਡਵੋਕੇਸੀ ਗਰੁੱਪ NetBlocks.org ਨੇ ਗਾਜ਼ਾ ’ਚ ਕਨੈਕਟੀਵਿਟੀ ਵਿਘਨ ਦੀ ਰੀਪੋਰਟ ਕੀਤੀ, ਜਿਵੇਂ ਕਿ ਫਲਸਤੀਨੀ ਦੂਰਸੰਚਾਰ ਕੰਪਨੀ ਪੈਲਟੇਲ ਨੇ ਕੀਤਾ ਸੀ। ਸੰਚਾਰ ਸੇਵਾਵਾਂ ਦੇ ਟੁੱਟਣ ਕਾਰਨ ਫੌਜੀ ਕਾਰਵਾਈ ਦੇ ਨਵੇਂ ਪੜਾਅ ਦੀ ਜਾਣਕਾਰੀ ਲੋਕਾਂ ਤਕ ਪਹੁੰਚਾਉਣੀ ਔਖੀ ਹੋ ਗਈ ਹੈ।
ਇਸ ਤੋਂ ਪਹਿਲਾਂ ਵੀ ਗਾਜ਼ਾ ’ਚ ਸੰਚਾਰ ਸੇਵਾ ਪਹਿਲੇ 36 ਘੰਟਿਆਂ ਲਈ ਅਤੇ ਦੂਜੀ ਵਾਰ ਕੁਝ ਘੰਟਿਆਂ ਲਈ ਵਿਘਨ ਪਈ ਸੀ। ‘ਨੈੱਟਬਲਾਕ’ ਅਤੇ ‘ਪੈਲਟੇਲ’ ਨੇ ਕਿਹਾ ਕਿ ਸੋਮਵਾਰ ਨੂੰ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿਤੀਆਂ ਗਈਆਂ ਹਨ। ਇਸ ਤੋਂ ਪਹਿਲਾਂ, ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਐਤਵਾਰ ਨੂੰ ਮੱਧ ਗਾਜ਼ਾ ਪੱਟੀ ਵਿਚ ਦੋ ਸ਼ਰਨਾਰਥੀ ਕੈਂਪਾਂ ’ਤੇ ਹਮਲਾ ਕੀਤਾ, ਜਿਸ ਵਿਚ ਘੱਟੋ-ਘੱਟ 53 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਕੇਂਦਰੀ ਗਾਜ਼ਾ ਵਿਚ ਬੁਰੀਜ ਸ਼ਰਨਾਰਥੀ ਕੈਂਪ ਵਿਚ ਇਕ ਸਕੂਲ ਦੇ ਨੇੜੇ ਇਕ ਘਰ ਨੂੰ ਵੀ ਹਵਾਈ ਹਮਲਾ ਕੀਤਾ ਗਿਆ। ਅਲ-ਅਕਸਾ ਹਸਪਤਾਲ ਦੇ ਸਟਾਫ ਨੇ ਦਸਿਆ ਕਿ ਹਮਲੇ ’ਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ। ਇਸ ਕੈਂਪ ’ਤੇ ਵੀਰਵਾਰ ਨੂੰ ਵੀ ਹਮਲਾ ਹੋਇਆ ਸੀ।
ਇਜ਼ਰਾਈਲ-ਹਮਾਸ ਸੰਘਰਸ਼ ’ਤੇ ਮੱਧ ਪੂਰਬ ਦੀ ਕੂਟਨੀਤੀ ਦੇ ਹਿੱਸੇ ਵਜੋਂ, ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਐਤਵਾਰ ਨੂੰ ਕਬਜ਼ੇ ਵਾਲੇ ਵੈਸਟ ਬੈਂਕ ਦੇ ਰਾਮੱਲਾ ਦਾ ਦੌਰਾ ਕੀਤਾ ਅਤੇ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਮੁਲਾਕਾਤ ਕੀਤੀ। ਇਜ਼ਰਾਈਲ ’ਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਗੱਲਬਾਤ ਤੋਂ ਬਾਅਦ ਬਲਿੰਕੇਨ ਨੇ ਸ਼ਨਿਚਰਵਾਰ ਨੂੰ ਜਾਰਡਨ ’ਚ ਅਰਬ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਨੇਤਨਯਾਹੂ ਨੇ ਜ਼ੋਰ ਦੇ ਕੇ ਕਿਹਾ ਕਿ ਹਮਾਸ ਵਲੋਂ ਬਣਾਏ ਗਏ ਸਾਰੇ ਬੰਧਕਾਂ ਨੂੰ ਰਿਹਾਅ ਕੀਤੇ ਜਾਣ ਤਕ ਕੋਈ ਅਸਥਾਈ ਜੰਗਬੰਦੀ ਨਹੀਂ ਹੋ ਸਕਦੀ।
ਦ. ਅਫ਼ਰੀਕਾ ਨੇ ਇਜ਼ਰਾਈਲ ਤੋਂ ਅਪਣੇ ਸਫ਼ੀਰ ਨੂੰ ਵਾਪਸ ਸਦਿਆ
ਜੋਹਾਨਸਬਰਗ: ਦਖਣੀ ਅਫ਼ਰੀਕਾ ਦੀ ਸਰਕਾਰ ਨੇ ਸੋਮਵਾਰ ਨੂੰ ਗਾਜ਼ਾ ਪੱਟੀ ’ਚ ਬੰਬ ਧਮਾਕੇ ਨੂੰ ‘ਨਸਲਕੁਸ਼ੀ’ ਕਰਾਰ ਦਿੰਦਿਆਂ ਇਜ਼ਰਾਈਲ ਤੋਂ ਅਪਣੇ ਸਫ਼ੀਰ ਅਤੇ ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਹੈ। ਦਖਣੀ ਅਫ਼ਰੀਕਾ ਦੀ ਸਰਕਾਰ ਨੇ ਇਜ਼ਰਾਈਲ-ਹਮਾਸ ਯੁੱਧ ’ਤੇ ਦੇਸ਼ ਦੇ ਰੁਖ ਬਾਰੇ ਤਾਜ਼ਾ ਟਿਪਣੀਆਂ ’ਤੇ ਅਪਣੇ ਸਫ਼ੀਰ ਵਿਰੁਧ ਕਾਰਵਾਈ ਦੀ ਧਮਕੀ ਵੀ ਦਿਤੀ ਹੈ। ਇਜ਼ਰਾਈਲ ’ਚ ਦਖਣੀ ਅਫ਼ਰੀਕਾ ਦੇ ਰਾਜਦੂਤ ਵਲੋਂ ਉਨ੍ਹਾਂ ਟਿਪਣੀਆਂ ਬਾਰੇ ਕੋਈ ਹੋਰ ਵੇਰਵੇ ਨਹੀਂ ਦਿਤੇ ਗਏ ਸਨ।
ਲੇਬਨਾਨ ’ਚ ਇਜ਼ਰਾਈਲੀ ਹਵਾਈ ਹਮਲਾ, ਇਕ ਔਰਤ ਅਤੇ ਤਿੰਨ ਬੱਚਿਆਂ ਦੀ ਮੌਤ
ਬਿੰਤ ਜਬੇਲ: ਦਖਣੀ ਲੇਬਨਾਨ ’ਚ ਐਤਵਾਰ ਸ਼ਾਮ ਨੂੰ ਇਜ਼ਰਾਈਲੀ ਹਵਾਈ ਹਮਲੇ ਵਿਚ ਇਕ ਔਰਤ ਅਤੇ ਤਿੰਨ ਬੱਚੇ ਮਾਰੇ ਗਏ। ਇਸ ਘਟਨਾ ਨਾਲ ਲੇਬਨਾਨ-ਇਜ਼ਰਾਈਲ ਸਰਹੱਦ ’ਤੇ ਟਕਰਾਅ ਖਤਰਨਾਕ ਪੱਧਰ ’ਤੇ ਪਹੁੰਚਣ ਦਾ ਖਦਸ਼ਾ ਹੈ। ਇਜ਼ਰਾਈਲ-ਹਮਾਸ ਜੰਗ ਸ਼ੁਰੂ ਹੋਣ ਤੋਂ ਬਾਅਦ ਤੋਂ ਲੈਬਨਾਨ ਸਰਹੱਦ ’ਤੇ ਇਜ਼ਰਾਈਲੀ ਸੈਨਿਕ ਅਤੇ ਹਿਜ਼ਬੁੱਲਾ ਅਤਿਵਾਦੀ ਆਹਮੋ-ਸਾਹਮਣੇ ਹਨ। ਦੋਵਾਂ ਧਿਰਾਂ ਵਿਚਾਲੇ ਸੀਮਤ ਸੰਘਰਸ਼ ਹੋਇਆ ਹੈ, ਪਰ ਹਿਜ਼ਬੁੱਲਾ ਦੇ ਸਹਿਯੋਗੀ ਹਮਾਸ ਵਿਰੁਧ ਗਾਜ਼ਾ ’ਚ ਇਜ਼ਰਾਈਲ ਦੀ ਜ਼ਮੀਨੀ ਕਾਰਵਾਈ ਕਾਰਨ ਤਣਾਅ ਵਧ ਗਿਆ ਹੈ। ਲੇਬਨਾਨ ਦੀ ਸਰਕਾਰੀ ਨੈਸ਼ਨਲ ਨਿਊਜ਼ ਏਜੰਸੀ ਨੇ ਦਸਿਆ ਹੈ ਕਿ ਇਜ਼ਰਾਈਲ ਨੇ ਏਨਾਟਾ ਤੋਂ ਇਟਰੋਨ ਸ਼ਹਿਰ ਜਾ ਰਹੇ ਇੱਕ ਪਰਿਵਾਰ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੇ ਦੋ ਕਾਰਾਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲਾ ਕੀਤਾ।
ਖਬਰਾਂ ’ਚ ਕਿਹਾ ਗਿਆ ਹੈ ਕਿ ਇਕ ਕਾਰ ਸਿੱਧੇ ਹਮਲੇ ਦੀ ਲਪੇਟ ’ਚ ਆ ਗਈ ਅਤੇ ਅੱਗ ਦੇ ਗੋਲੇ ’ਚ ਬਦਲ ਗਈ। ਏਜੰਸੀ ਨੇ ਦਸਿਆ ਕਿ ਇਸ ਹਮਲੇ ’ਚ ਇਕ ਔਰਤ ਅਤੇ 10, 12, 14 ਸਾਲ ਦੀਆਂ ਤਿੰਨ ਕੁੜੀਆਂ ਦੀ ਮੌਤ ਹੋ ਗਈ। ਹਮਲੇ ਦਾ ਸ਼ਿਕਾਰ ਹੋਈ ਕਾਰ ਵਿਚ ਸਵਾਰ ਲੇਬਨਾਨੀ ਪੱਤਰਕਾਰ ਸਮੀਰ ਅਯੂਬ ਨੇ ਕਿਹਾ ਕਿ ਮਰਨ ਵਾਲੀਆਂ ਤਿੰਨ ਲੜਕੀਆਂ ਉਸ ਦੀ ਭੈਣ ਦੀਆਂ ਧੀਆਂ ਸਨ ਅਤੇ ਮਰਨ ਵਾਲੀ ਔਰਤ ਲੜਕੀਆਂ ਦੀ ਦਾਦੀ ਸੀ।
(For more news apart from Israel Hamas War, stay tuned to Rozana Spokesman).