
Trump Proposal to Canada: ਕਿਹਾ, ਅਮਰੀਕਾ ਕੈਨੇਡਾ ਨੂੰ ਹੋਰ ਸਬਸਿਡੀ ਨਹੀਂ ਦੇ ਸਕਦਾ, ਟਰੂਡੋ ਇਹ ਜਾਣਦੇ ਸਨ ਤਾਂ ਹੀ ਅਸਤੀਫ਼ਾ ਦੇ ਦਿਤਾ
Trump Proposal to Canada: ਅਮਰੀਕਾ ਦੇ ਨਵੇਂ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫ਼ੇ ਤੋਂ ਤੁਰਤ ਬਾਅਦ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੇ ਅਪਣੇ ਪ੍ਰਸਤਾਵ ਨੂੰ ਦੁਹਰਾਇਆ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਪਣੀ ਲੀਡਰਸ਼ਿਪ ਪ੍ਰਤੀ ਵਧਦੀ ਅਸੰਤੁਸ਼ਟੀ ਦੇ ਮੱਦੇਨਜ਼ਰ ਸੋਮਵਾਰ ਨੂੰ ਅਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ। ਕੈਨੇਡਾ ਵਿਚ ਇਸ ਸਾਲ ਆਮ ਚੋਣਾਂ ਹੋਣੀਆਂ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਉਦੋਂ ਤਕ ਪ੍ਰਧਾਨ ਮੰਤਰੀ ਬਣੇ ਰਹਿਣਗੇ ਜਦੋਂ ਤਕ ਪਾਰਟੀ ਕੋਈ ਨਵਾਂ ਆਗੂ ਨਹੀਂ ਚੁਣਦੀ।
ਟਰੰਪ 5 ਨਵੰਬਰ ਨੂੰ ਅਪਣੀ ਚੋਣ ਜਿੱਤ ਤੋਂ ਬਾਅਦ ‘ਮਾਰ-ਏ-ਲਾਗੋ’ ਵਿਖੇ ਟਰੂਡੋ ਨਾਲ ਮੁਲਾਕਾਤ ਤੋਂ ਬਾਅਦ ਤੋਂ ਹੀ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦਾ ਵਿਚਾਰ ਜ਼ਾਹਰ ਕਰਦੇ ਆ ਰਹੇ ਹਨ। ਇਸ ਤੋਂ ਬਾਅਦ ਉਹ ਕਈ ਵਾਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਵਿਚ ਇਸ ਦਾ ਜ਼ਿਕਰ ਕਰ ਚੁੱਕੇ ਹਨ।
ਟਰੰਪ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਟਰੂਥ ਸੋਸ਼ਲ’ ’ਤੇ ਪੋਸਟ ਕਰਦੇ ਹੋਏ ਕਿਹਾ, ‘‘ਕੈਨੇਡਾ ’ਚ ਵੀ ਕਈ ਲੋਕ ਅਪਣੇ ਦੇਸ਼ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ’ਚ ਦਿਲਚਸਪੀ ਰੱਖਦੇ ਹਨ। ਅਮਰੀਕਾ ਹੁਣ ਉਨ੍ਹਾਂ ਵੱਡੇ ਵਪਾਰਕ ਘਾਟੇ ਅਤੇ ਸਬਸਿਡੀਆਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਹੈ ਜਿਨ੍ਹਾਂ ਦੀ ਕੈਨੇਡਾ ਨੂੰ ਅਪਣੀ ਹੋਂਦ ਨੂੰ ਬਚਾਈ ਰੱਖਣ ਲਈ ਲੋੜ ਹੈ। ਜਸਟਿਨ ਟਰੂਡੋ ਨੂੰ ਇਹ ਪਤਾ ਸੀ ਤੇ ਉਨ੍ਹਾਂ ਨੇ ਅਸਤੀਫ਼ਾ ਦੇ ਦਿਤਾ।’’
ਸੋਮਵਾਰ ਨੂੰ ਟਰੂਡੋ ਦੇ ਅਸਤੀਫ਼ੇ ਤੋਂ ਬਾਅਦ ਟਰੰਪ ਨੇ ਕਿਹਾ, ‘‘ਜੇਕਰ ਕੈਨੇਡਾ ਅਮਰੀਕਾ ਦਾ ਹਿੱਸਾ ਬਣ ਜਾਂਦਾ ਹੈ ਤਾਂ ਕੋਈ ਟੈਕਸ ਨਹੀਂ ਲੱਗੇਗਾ, ਟੈਕਸ ਬਹੁਤ ਘੱਟ ਹੋ ਜਾਣਗੇ ਅਤੇ ਉਹ ਰੂਸੀ ਅਤੇ ਚੀਨੀ ਜਹਾਜ਼ਾਂ ਦੇ ਖਤਰੇ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਣਗੇ ਜੋ ਉਨ੍ਹਾਂ ਨੂੰ ਲਗਾਤਾਰ ਘੇਰਦੇ ਰਹੇ ਹਨ। ਇਕੱਠੇ ਮਿਲ ਕੇ, ਇਹ ਕਿੰਨਾ ਮਹਾਨ ਦੇਸ਼ ਬਣ ਜਾਵੇਗਾ।’’ ਕੈਨੇਡਾ ਵਲੋਂ ਟਰੰਪ ਦੇ ਪ੍ਰਸਤਾਵ ’ਤੇ ਕੋਈ ਧਿਆਨ ਨਹੀਂ ਦਿਤਾ ਗਿਆ ਹੈ।
ਟਰੰਪ ਨੇ ਚਿਤਾਵਨੀ ਦਿਤੀ ਕਿ ਜੇਕਰ ਕੈਨੇਡਾ ਨੇ ਅਮਰੀਕਾ ਨਾਲ ਲੱਗਦੀ ਅਪਣੀ ਦਖਣੀ ਸਰਹੱਦ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗ਼ੈਰ-ਕਾਨੂੰਨੀ ਪਰਵਾਸ ਨੂੰ ਬੰਦ ਨਹੀਂ ਕੀਤਾ ਤਾਂ ਕੈਨੇਡੀਅਨ ਦਰਾਮਦ ’ਤੇ 25 ਫ਼ੀ ਸਦੀ ਟੈਕਸ ਲਗਾਇਆ ਜਾਵੇਗਾ।