
ਇਜ਼ਰਾਈਲ ਵਿਰੁਧ ਕਾਰਵਾਈ ਤੋਂ ਸੀ ਨਾਰਾਜ਼
ਇਕ ਤੋਂ ਬਾਅਦ ਇਕ ਅਪਣੇ ਫ਼ੈਸਲਿਆਂ ਨਾਲ ਦੁਨੀਆਂ ਨੂੰ ਹੈਰਾਨ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਇਕ ਹੋਰ ਹੈਰਾਨ ਕਰਨ ਵਾਲਾ ਫ਼ੈਸਲਾ ਲਿਆ ਹੈ। ਡੋਨਾਲਡ ਟਰੰਪ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਅਪਰਾਧਕ ਅਦਾਲਤ (ਆਈਸੀਸੀ) ’ਤੇ ਪਾਬੰਦੀਆਂ ਲਗਾਉਣ ਵਾਲੇ ਕਾਰਜਕਾਰੀ ਆਦੇਸ਼ ’ਤੇ ਦਸਤਖ਼ਤ ਕੀਤੇ। ਟਰੰਪ ਪ੍ਰਸ਼ਾਸਨ ਨੇ ਇਜ਼ਰਾਈਲ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਕਾਰਵਾਈ ਦੇ ਵਿਰੋਧ ’ਚ ਇਹ ਪਾਬੰਦੀ ਲਗਾਈ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ ਹੇਗ ਸਥਿਤ ਅਦਾਲਤ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਕੇ ਅਪਣੀ ਸ਼ਕਤੀ ਦੀ ਦੁਰਵਰਤੋਂ ਕੀਤੀ ਹੈ। ਦਸਣਯੋਗ ਹੈ ਕਿ ਪਿਛਲੇ ਸਾਲ 21 ਨਵੰਬਰ ਨੂੰ ਆਈਸੀਸੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਸਾਬਕਾ ਰਖਿਆ ਮੰਤਰੀ ਯੋਵ ਗੈਲੈਂਟ ਅਤੇ ਹਮਾਸ ਦੇ ਫ਼ੌਜ ਮੁਖੀ ਮੁਹੰਮਦ ਦਾਇਫ਼ ਨੂੰ ਗਾਜ਼ਾ ਵਿਚ ਜੰਗੀ ਅਪਰਾਧਾਂ ਦਾ ਦੋਸ਼ ਲਗਾਉਂਦੇ ਹੋਏ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ।
ਟਰੰਪ ਨੇ ਆਈਸੀਸੀ ’ਤੇ ਅਜਿਹੇ ਸਮੇਂ ਇਹ ਪਾਬੰਦੀ ਲਾਈ ਜਦੋਂ ਮੰਗਲਵਾਰ ਨੂੰ ਟਰੰਪ ਨੇ ਵ੍ਹਾਈਟ ਹਾਊਸ ’ਚ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕੀਤੀ। ਜਿਸ ਵਿਚ ਟਰੰਪ ਨੇ ਗਾਜ਼ਾ ਨੂੰ ਅਮਰੀਕੀ ਕੰਟਰੋਲ ਵਿਚ ਲੈਣ ਦੀ ਇੱਛਾ ਪ੍ਰਗਟਾਈ ਸੀ ਅਤੇ ਗਾਜ਼ਾ ਤੋਂ ਬੇਘਰ ਹੋਏ ਲੋਕਾਂ ਨੂੰ ਗਾਜ਼ਾ ਤੋਂ ਬਾਹਰ ਵਸਾਉਣ ਦਾ ਸੁਝਾਅ ਦਿਤਾ ਸੀ।
ਟਰੰਪ ਦੁਆਰਾ ਦਸਤਖ਼ਤ ਕੀਤੇ ਗਏ ਕਾਰਜਕਾਰੀ ਹੁਕਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਟ੍ਰਿਬਿਊਨਲ ਨੇ ਅਮਰੀਕਾ ਅਤੇ ਉਸਦੇ ਨਜ਼ਦੀਕੀ ਸਹਿਯੋਗੀ ਇਜ਼ਰਾਈਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਗ਼ੈਰ ਕਾਨੂੰਨੀ ਅਤੇ ਬੇਬੁਨਿਆਦ ਕਾਰਵਾਈ ਕੀਤੀ ਹੈ। ਹੁਕਮਾਂ ਵਿਚ ਆਈਸੀਸੀ ਵਲੋਂ ਅਫ਼ਗ਼ਾਨਿਸਤਾਨ ’ਚ ਅਮਰੀਕੀ ਸੈਨਿਕਾਂ ਅਤੇ ਗਾਜ਼ਾ ਵਿਚ ਇਜ਼ਰਾਈਲੀ ਸੈਨਿਕਾਂ ਦੁਆਰਾ ਕੀਤੇ ਗਏ ਕਥਿਤ ਅਪਰਾਧਾਂ ਦੀ ਜਾਂਚ ਕਰਨ ’ਤੇ ਵੀ ਨਾਰਾਜ਼ਗੀ ਪ੍ਰਗਟਾਈ ਗਈ ਹੈ। ਅਮਰੀਕੀ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਅਪਰਾਧਕ ਅਦਾਲਤ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਦੇ ਨਾਲ-ਨਾਲ ਅਦਾਲਤ ਦੀ ਜਾਂਚ ਵਿਚ ਮਦਦ ਕਰਨ ਵਾਲੇ ਲੋਕਾਂ ਦੀ ਵੀ ’ਤੇ ਜਾਇਦਾਦ ਜ਼ਬਤ ਕਰਨ ਅਤੇ ਯਾਤਰਾ ਪਾਬੰਦੀ ਦਾ ਹੁਕਮ ਵੀ ਦਿਤਾ ਹੈ। ਜ਼ਿਕਰਯੋਗ ਹੈ ਕਿ ਨਾ ਤਾਂ ਅਮਰੀਕਾ ਅਤੇ ਨਾ ਹੀ ਇਜ਼ਰਾਈਲ ਆਈਸੀਸੀ ਦੇ ਮੈਂਬਰ ਹਨ।