
Donald Trump : ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਫਸੇ ਦੋਵੇਂ ਪੁਲਾੜ ਯਾਤਰੀਆਂ ਨੂੰ ਛੇਤੀ ਹੀ ਲਿਆਂਦਾ ਜਾਵੇਗਾ ਵਾਪਸ
Trump criticizes Biden for extending eight-day space mission to nine months News in Punjabi : ਨਿਊਯਾਰਕ/ਵਾਸ਼ਿੰਗਟਨ : 78 ਸਾਲਾ ਟਰੰਪ ਨੇ ਫਸੇ ਹੋਏ ਪੁਲਾੜ ਸਟੇਸ਼ਨ ਨਿਵਾਸੀਆਂ ਬੁੱਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਨੂੰ ਧਰਤੀ 'ਤੇ ਵਾਪਸ ਲਿਆਉਣ ਵਿਚ ਮਦਦ ਲਈ ਇਕ ਬਚਾਅ ਟੀਮ ਨੂੰ ਨਿੱਜੀ ਤੌਰ 'ਤੇ ਔਰਬਿਟ ਵਿਚ ਭੇਜਣ ਦੀ ਸੰਭਾਵਨਾ ਉਠਾਈ ਅਤੇ ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਦੀ ਅੱਠ ਦਿਨਾਂ ਦੇ ਮਿਸ਼ਨ ਨੂੰ ਨੌਂ ਮਹੀਨਿਆਂ ਤਕ ਵਧਾਉਣ ਲਈ ਆਲੋਚਨਾ ਕੀਤੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੀ ਨਾਸਾ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਉਨ੍ਹਾਂ ਦੇ ਸੰਘਣੇ ਵਾਲਾਂ ਲਈ ਪ੍ਰਸ਼ੰਸਾ ਕੀਤੀ ਅਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਫਸੇ ਦੋ ਪੁਲਾੜ ਯਾਤਰੀਆਂ ਨੂੰ ਸੁਨੇਹਾ ਭੇਜਿਆ ਕਿ ਉਨ੍ਹਾਂ ਨੂੰ ਛੇਤੀ ਹੀ ਧਰਤੀ 'ਤੇ ਵਾਪਸ ਲਿਆਂਦਾ ਜਾਵੇਗਾ।
ਟਰੰਪ ਨੇ ਓਵਲ ਦਫ਼ਤਰ ਵਿਚ ਜਾਣਕਾਰੀ ਦਿੰਦਿਆਂ ਕਿਹਾ, “ਬਾਈਡੇਨ ਨੇ ਉਨ੍ਹਾਂ ਨੂੰ ਫਸਾ ਕੇ ਛੱਡ ਦਿਤਾ ਹੈ।”
ਉਨ੍ਹਾਂ ਕਿਹਾ, “ਸਾਡੇ ਦੋ ਪੁਲਾੜ ਯਾਤਰੀ ਪੁਲਾੜ ਵਿਚ ਫਸੇ ਹੋਏ ਹਨ। ਮੈਂ ਐਲੋਨ ਮਸਕ ਨੂੰ ਕਿਹਾ, 'ਮੇਰੇ 'ਤੇ ਇਕ ਅਹਿਸਾਨ ਕਰੋ।' ਕੀ ਤੁਸੀਂ ਉਨ੍ਹਾਂ ਨੂੰ ਬਾਹਰ ਕੱਢ ਸਕਦੇ ਹੋ? ਉਸ ਨੇ 'ਹਾਂ' ਕਿਹਾ। ਉਹ ਉੱਥੇ ਜਾਣ ਲਈ ਤਿਆਰ ਹੋ ਰਿਹਾ ਹੈ, ਮੈਨੂੰ ਲੱਗਦਾ ਹੈ ਕਿ ਦੋ ਹਫ਼ਤਿਆਂ ਵਿਚ ਤਿਆਰੀ ਮੁਕੰਮਲ ਹੋ ਜਾਵੇਗੀ।"
ਟਰੰਪ ਨੇ ਕਿਹਾ ਕਿ ਮਸਕ ਇਸ ਸਮੇਂ ਇਕ ਪੁਲਾੜ ਯਾਨ ਬਣਾ ਰਿਹਾ ਹੈ ਜੋ ਪੁਲਾੜ ’ਚ ਜਾਵੇਗਾ ਅਤੇ ਉਨ੍ਹਾਂ ਨੂੰ ਉਥੋਂ ਵਾਪਸ ਲੈ ਆਵੇਗਾ।
ਟਰੰਪ ਨੇ ਓਵਲ ਦਫ਼ਤਰ ਵਿਚ ਵਿਲੀਅਮਜ਼ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਸ ਦੇ ਵਾਲ ਬਹੁਤ ਵਧੀਆ ਹਨ, ਅਤੇ ਵਾਲ ਬਹੁਤ ਸੰਘਣੇ ਤੇ ਮਜ਼ਬੂਤ ਹਨ। ਇਹ ਕੋਈ ਮਜ਼ਾਕ ਨਹੀਂ ਹੈ। ਉਨ੍ਹਾਂ ਇਹ ਗੱਲ ਵਿਲੀਅਮਜ਼ ਅਤੇ ਵਿਲਮੋਰ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕਹੀ, ਜੋ ਨੌਂ ਮਹੀਨਿਆਂ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਫਸੇ ਹੋਏ ਹਨ।
ਬਾਈਡੇਨ ਨੂੰ "ਦੇਸ਼ ਦੇ ਇਤਿਹਾਸ ਦਾ ਸੱਭ ਤੋਂ ਅਯੋਗ ਰਾਸ਼ਟਰਪਤੀ" ਦਸਦੇ ਹੋਏ ਟਰੰਪ ਨੇ ਕਿਹਾ, "ਉਨ੍ਹਾਂ ਨੇ ਇਹ ਤੁਹਾਡੇ ਨਾਲ ਹੋਣ ਦਿਤਾ, ਪਰ ਇਹ ਰਾਸ਼ਟਰਪਤੀ ਅਜਿਹਾ ਨਹੀਂ ਕਰੇਗਾ।"
ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਉੱਥੇ ਹੀ ਛੱਡ ਦਿਤਾ ਗਿਆ ਸੀ। ਮੈਨੂੰ ਉਮੀਦ ਹੈ ਕਿ ਉਹ ਇਕ ਦੂਜੇ ਨੂੰ ਪਸੰਦ ਕਰਦੇ ਹਨ ਜਾਂ ਸ਼ਾਇਦ ਉਹ ਇਕ ਦੂਜੇ ਨੂੰ ਪਿਆਰ ਕਰਦੇ ਹਨ, ਮੈਨੂੰ ਨਹੀਂ ਪਤਾ, ਪਰ ਉਹ ਉੱਥੇ ਹੀ ਰਹਿ ਗਏ ਹਨ। ਇਸ ਬਾਰੇ ਸੋਚੋ। ਉੱਥੇ ਵੀ ਖ਼ਤਰਾ ਹੈ। ਉੱਥੇ ਕੋਈ ਵੀ ਘਟਨਾ ਵਾਪਰ ਸਕਦੀ ਹੈ। ਇਹ ਬਹੁਤ ਬੁਰਾ ਹੋਵੇਗਾ। ਉਨ੍ਹਾਂ ਨੂੰ ਬਾਹਰ ਕੱਢਣਾ ਪਵੇਗਾ।
ਮਸਕ ਨੇ 'ਐਕਸ' 'ਤੇ ਕਿਹਾ ਕਿ ਅਸੀਂ ਲੇ ਕੇ ਆਵਾਂਗੇ ਵਾਪਸ:
ਮਸਕ ਨੇ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ "ਪੁਲਾੜ ਯਾਤਰੀ ਉੱਥੇ ਸਿਰਫ਼ ਅੱਠ ਦਿਨਾਂ ਲਈ ਗਏ ਸਨ ਪਰ ਉਹ ਅੱਠ ਮਹੀਨਿਆਂ ਤੋਂ ਉੱਥੇ ਹਨ।" ਉਨ੍ਹਾਂ ਕਿਹਾ ਕਿ “ਸਪੇਸਐਕਸ ਛੇ ਮਹੀਨੇ ਪਹਿਲਾਂ ਇਕ ਹੋਰ ਪੁਲਾੜ ਯਾਨ ਭੇਜ ਸਕਦਾ ਸੀ ਅਤੇ ਉਨ੍ਹਾਂ ਨੂੰ ਵਾਪਸ ਲਿਆ ਸਕਦਾ ਸੀ, ਪਰ ਬਾਈਡੇਨ ਵ੍ਹਾਈਟ ਹਾਊਸ ਨੇ ਇਸ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ। ਰਾਸ਼ਟਰਪਤੀ ਟਰੰਪ ਨੇ ਸਾਨੂੰ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਵਾਪਸ ਲਿਆਉਣ ਲਈ ਕਿਹਾ ਅਤੇ ਅਸੀਂ ਅਜਿਹਾ ਕਰ ਰਹੇ ਹਾਂ।"