
ਯੇਰੂਸ਼ਲਮ, 5 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਤਿਹਾਸਕ ਇਜ਼ਰਾਈਲ ਦੌਰੇ ਦੇ ਦੂਜੇ ਦਿਨ ਦੋਹਾਂ ਦੇਸ਼ਾਂ ਵਿਚਾਲੇ ਕਈ ਅਹਿਮ ਸਮਝੌਤੇ ਹੋਏ। ਭਾਰਤ ਅਤੇ ਇਜ਼ਰਾਈਲ ਵਿਚਕਾਰ ਖੇਤੀਬਾੜੀ,
ਯੇਰੂਸ਼ਲਮ, 5 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਤਿਹਾਸਕ ਇਜ਼ਰਾਈਲ ਦੌਰੇ ਦੇ ਦੂਜੇ ਦਿਨ ਦੋਹਾਂ ਦੇਸ਼ਾਂ ਵਿਚਾਲੇ ਕਈ ਅਹਿਮ ਸਮਝੌਤੇ ਹੋਏ। ਭਾਰਤ ਅਤੇ ਇਜ਼ਰਾਈਲ ਵਿਚਕਾਰ ਖੇਤੀਬਾੜੀ, ਵਿਗਿਆਨ ਅਤੇ ਤਕਨੀਕ, ਪੁਲਾੜ ਅਤੇ ਪਾਣੀ ਸੰਭਾਲ ਜਿਹੇ ਅਹਿਮ ਖੇਤਰਾਂ ਵਿਚ ਕੁਲ 7 ਸਮਝੌਤੇ ਹੋਏ। ਨੇਤਨਯਾਹੂ ਅਤੇ ਮੋਦੀ ਨੇ ਸਾਂਝੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੋਹਾਂ ਦੇਸ਼ ਦੀ ਸਾਂਝ ਦਾ ਜ਼ਿਕਰ ਕੀਤਾ। ਮੋਦੀ ਨੇ ਅਪਣੇ ਸੰਬੋਧਨ ਵਿਚ ਨੇਤਨਯਾਹੂ ਅਤੇ ਉਸ ਦੇ ਪਰਵਾਰ ਨੂੰ ਭਾਰਤ ਆਉਣ ਦਾ ਸੱਦਾ ਦਿਤਾ ਜਿਸ ਨੂੰ ਨੇਤਨਯਾਹੂ ਨੇ ਤੁਰਤ ਪ੍ਰਵਾਨ ਕਰ ਲਿਆ।
ਇਜ਼ਰਾਈਲ ਨੇ ਯੂਪੀ ਵਿਚ ਗੰਗਾ ਦੀ ਸਫ਼ਾਈ ਅਤੇ ਪਾਣੀ ਸੰਭਾਲ ਦੇ ਖੇਤਰ ਵਿਚ ਸਹਿਯੋਗ ਸਬੰਧੀ ਸਮਝੌਤਾ ਕੀਤਾ ਹੈ। ਦੋਹਾਂ ਆਗੂਆਂ ਨੇ ਅਤਿਵਾਦ ਵਿਰੁਧ ਲੜਾਈ ਮਿਲ-ਜੁਲ ਕੇ ਲੜਨ ਦਾ ਤਹਈਆ ਕੀਤਾ। ਦੋਹਾਂ ਦੇਸ਼ਾਂ ਵਿਚਕਾਰ ਨਾ ਸਿਰਫ਼ ਦੁਵੱਲੇ ਸਬੰਧਾਂ ਬਾਰੇ ਸਮਝੌਤੇ ਹੋਏ ਸਗੋਂ ਵਿਸ਼ਵ ਸਮੱਸਿਆਵਾਂ ਅਤੇ ਲੋੜਾਂ ਬਾਰੇ ਵੀ ਗੱਲਬਾਤ ਹੋਈ। ਇਜ਼ਰਾਈਲ ਨੇ ਭਾਰਤ ਨਾਲ ਮਿਲ ਕੇ ਤੀਜੀ ਦੁਨੀਆਂ ਦੇ ਦੇਸ਼ਾਂ ਖ਼ਾਸਕਰ ਅਫ਼ਰੀਕੀ ਲੋਕਾਂ ਲਈ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ।
7 ਅਹਿਮ ਸਮਝੌਤਿਆਂ ਦੇ ਐਲਾਨ ਮਗਰੋਂ ਪਹਿਲਾਂ ਨੇਤਨਯਾਹੂ ਨੇ ਸੰਮੇਲਨ ਵਿਚ ਕਿਹਾ, 'ਅਸੀਂ ਇਤਿਹਾਸ ਬਣਾ ਰਹੇ ਹਾਂ। ਇਹ ਮੇਰੇ ਲਈ ਵਿਅਕਤੀਗਤ ਅਤੇ ਰਾਸ਼ਟਰੀ ਅੰਤਰਰਾਸ਼ਟਰੀ ਦੋਹਾਂ ਤਰੀਕਿਆਂ ਨਾਲ ਅਹਿਮ ਹੈ।' ਉਨ੍ਹਾਂ ਕਿਹਾ ਕਿ ਤੁਸੀਂ ਅਤੇ ਅਸੀਂ ਮਿਲ ਕੇ ਦੁਨੀਆਂ ਬਦਲ ਸਕਦੇ ਹਾਂ। ਮੋਦੀ ਨੇ ਅਪਣੇ ਭਾਸ਼ਨ ਵਿਚ ਨੇਤਨਯਾਹੂ ਨਾਲ ਨਿਜੀ ਮੁਲਾਕਾਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀ ਰਾਤ ਦੀ ਮੁਲਾਕਾਤ ਵਿਚ ਨੇਤਨਯਾਹੂ ਨੇ ਅਪਣੇ
ਪਿਤਾ ਅਤੇ ਪਰਵਾਰ ਬਾਰੇ ਦਸਿਆ ਜਿਨ੍ਹਾਂ ਨੇ ਇਸ ਦੇਸ਼ ਨੂੰ ਨਵੀਂ ਉਚਾਈ 'ਤੇ ਪਹੁੰਚਾਇਆ। ਮੋਦੀ ਨੇ ਕਿਹਾ, 'ਆਧੁਨਿਕ ਵਿਸ਼ਵ ਵਿਚ ਸਾਡੇ ਰਸਤੇ ਅਲੱਗ ਹੋ ਸਕਦੇ ਹਨ ਪਰ ਅਸੀਂ ਜਮਹੂਰੀ ਕਦਰਾਂ-ਕੀਮਤਾਂ ਅਤੇ ਆਰਥਕ ਵਿਕਾਸ ਵਿਚ ਭਰੋਸਾ ਕਰਦੇ ਹਾਂ। ਇਸ ਯਾਤਰਾ ਨੇ ਸਾਡੀ ਦੋਸਤੀ ਨੂੰ ਹੋਰ ਮਜ਼ਬੂਤ ਕੀਤਾ ਹੈ।'
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੀ ਇਤਿਹਾਸਕ ਇਜ਼ਰਾਈਲ ਯਾਤਰਾ ਦੇ ਦੂਜੇ ਦਿਨ ਅੱਜ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਗੱਲਬਾਤ ਕੀਤੀ। ਨੇਤਨਯਾਹੂ ਨਾਲ ਸੀਮਤ ਗੱਲਬਾਤ ਤੋਂ ਪਹਿਲਾਂ ਮੋਦੀ ਨੇ ਇਜ਼ਰਾਈਲੀ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ, ਮੋਦੀ ਨੇ ਵਫ਼ਦ ਪੱਧਰ ਦੀ ਗੱਲਬਾਤ ਕੀਤੀ। ਮੋਦੀ ਨੇ ਇਜ਼ਰਾਈਲ ਦੀ ਅਪਣੀ ਯਾਤਰਾ ਦੀ ਮੇਜ਼ਬਾਨੀ ਕਰਨ ਅਤੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਦਾ ਇਕ ਅਹਿਮ ਅਧਿਆਏ ਲਿਖਣ ਵਿਚ ਅਹਿਮ ਭੂਮਿਕਾ ਨਿਭਾਉਣ 'ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਦਾ ਧਨਵਾਦ ਕੀਤਾ।
ਵਿਦੇਸ਼ ਮੰਤਰਾਲੇ ਨੇ ਬੁਲਾਰੇ ਗੋਪਾਲ ਬਾਗਲੇ ਨੇ ਟਵਿਟਰ 'ਤੇ ਦਸਿਆ ਕਿ ਨੇਤਨਯਾਹੂ ਨਾਲ ਮੁਲਾਕਾਤ ਸਮੇਂ ਪ੍ਰਧਾਨ ਮੰਤਰੀ ਨੇ ਦੋਹਾਂ ਦੇਸ਼ਾਂ ਦੇ ਸਬੰਧਾਂ ਬਾਬਤ ਅਤੇ ਵੱਖ ਵੱਖ ਖੇਤਰਾਂ ਵਿਚ ਆਪਸੀ ਸਹਿਯੋਗ ਬਾਰੇ ਚਰਚਾ ਕੀਤੀ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਭਾਰਤੀ ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਇਤਿਹਾਸਕ ਕਰਾਰ ਦਿਤਾ ਅਤੇ ਕਿਹਾ ਕਿ ਉਹ ਅਪਣੇ ਭਾਰਤੀ ਹਮਅਹੁਦੇ ਸਾਹਮਣੇ ਗੱਲਬਾਤ ਵਿਚ ਇਤਿਹਾਸ ਬਣਦਾ ਵੇਖ ਰਹੇ ਹਨ। ਇਹ 70 ਸਾਲ 'ਚ ਪਹਿਲਾ ਮੌਕਾ ਹੈ ਜਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਇਜ਼ਰਾਈਲ ਦੀ ਯਾਤਰਾ ਕੀਤੀ ਹੈ। ਯਹੂਦੀ ਦੇਸ਼ ਵਿਚ ਮੋਦੀ ਦਾ ਕਲ ਭਰਵਾਂ ਸਵਾਗਤ ਹੋਇਆ ਸੀ। (ਏਜੰਸੀ)
ਇਹ ਹਨ ਸੱਤ ਸਮਝੌਤੇ
1. 40 ਮਿਲੀਅਨ ਡਾਲਰ ਦੇ ਭਾਰਤ-ਇਜ਼ਰਾਈਲ ਇੰਡਸਟਰੀਅਲ ਆਰ ਐਂਡ ਡੀ ਟੈਕਨਾਲੋਜੀਕਲ ਇਨੋਵੇਸ਼ਨ ਫ਼ੰਡ ਲਈ ਸਮਝੌਤਾ। 2. ਭਾਰਤ ਵਿਚ ਜਲ ਸੰਭਾਲ ਲਈ ਸਮਝੌਤਾ। 3. ਭਾਰਤ ਦੇ ਰਾਜਾਂ ਵਿਚ ਪਾਣੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਐਮਓਯੂ। 4. ਭਾਰਤ-ਇਜ਼ਰਾਈਲ ਡਿਵੈਲਪਮੈਂਟ ਕਾਰਪੋਰੇਸ਼ਨ-ਖੇਤੀ ਲਈ 3 ਸਾਲ ਦਾ ਪ੍ਰੋਗਰਾਮ। 5. ਇਸਰੋ ਅਤੇ ਇਜ਼ਰਾਈਲ ਵਿਚਕਾਰ ਸਮਝੌਤਾ। 6. ਜੀਈਓ-ਐਲਈਓ ਆਪਟੀਕਲ ਲਿੰਕ ਲਈ ਐਮਓਯੂ। 7. ਛੋਟੇ ਉਪਗ੍ਰਹਿ ਨੂੰ ਬਿਜਲੀ ਲਈ ਸਮਝੌਤਾ।
0Share