
ਪਾਕਿਸਤਾਨ ਦੇ ਗ੍ਰਹਿ ਮੰਤਰੀ ਅਹਿਸਾਨ ਇਕਬਾਲ ਨੂੰ ਐਤਵਾਰ ਨੂੰ ਇਕ ਰੈਲੀ ਦੌਰਾਨ ਗੋਲੀ ਮਾਰ ਦਿਤੀ ਗਈ।
ਇਸਲਾਮਾਬਾਦ, 7 ਮਈ : ਪਾਕਿਸਤਾਨ ਦੇ ਗ੍ਰਹਿ ਮੰਤਰੀ ਅਹਿਸਾਨ ਇਕਬਾਲ ਨੂੰ ਐਤਵਾਰ ਨੂੰ ਇਕ ਰੈਲੀ ਦੌਰਾਨ ਗੋਲੀ ਮਾਰ ਦਿਤੀ ਗਈ। ਗੋਲੀ ਇਕਬਾਲ ਦੀ ਸੱਜੀ ਬਾਂਹ 'ਤੇ ਲੱਗੀ, ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਕਬਾਲ ਦੇ ਰਿਸ਼ਤੇਦਾਰਾਂ ਨੇ ਦਸਿਆ ਕਿ ਉਹ ਖ਼ਤਰੇ ਤੋਂ ਬਾਹਰ ਹਨ। ਇਕਬਾਲ 'ਤੇ ਹਮਲਾ ਪਾਕਿਸਤਾਨੀ ਪੰਜਾਬ ਦੇ ਨਰੋਵਾਲ ਸ਼ਹਿਰ ਦੇ ਕਾਂਜਰੂਰ 'ਚ ਹੋਇਆ, ਜਿਥੇ ਉਹ ਇਕ ਰੈਲੀ ਲਈ ਪਹੁੰਚੇ ਹੋਏ ਸਨ। ਰੈਲੀ ਮਗਰੋਂ ਜਦੋਂ ਇਕਬਾਲ ਅਪਣੀ ਕਾਰ 'ਚ ਬੈਠ ਰਹੇ ਸਨ, ਉਸੇ ਸਮੇਂ ਉਨ੍ਹਾਂ 'ਤੇ ਗੋਲੀ ਚਲਾ ਦਿਤੀ ਗਈ।
ਹਮਲਾਵਰ ਦੀ ਉਮਰ 20 ਤੋਂ 22 ਸਾਲ ਵਿਚਕਾਰ ਦੱਸੀ ਗਈ ਹੈ। ਪਾਕਿਸਤਾਨ ਦੇ ਗ੍ਰਹਿ ਸੂਬਾ ਮੰਤਰੀ ਤਲਾਲ ਚੌਧਰੀ ਨੇ ਦਸਿਆ ਕਿ ਹਮਲਾਵਰ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਹਮਲਾਵਰ ਕਿਸੇ ਅਤਿਵਾਦੀ ਸੰਗਠਨ ਨਾਲ ਸਬੰਧਤ ਹੈ ਜਾਂ ਫਿਰ ਕਿਸੇ ਹੋਰ ਕਾਰਨ ਉਸ ਨੇ ਮੰਤਰੀ 'ਤੇ ਗੋਲੀ ਚਲਾਈ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ 'ਤੇ ਇਸੇ ਤਰ੍ਹਾਂ ਇਕ ਰੈਲੀ ਦੌਰਾਨ ਹਮਲਾ ਕੀਤਾ ਗਿਆ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ।