
ਅਧਿਕਾਰੀਆਂ ਨੇ ਤਾਲਿਬਾਨ 'ਤੇ ਸ਼ੱਕ ਪ੍ਰਗਟਾਇਆਕਾਬੁਲ
6 ਮਈ : ਅਫ਼ਗ਼ਾਨਿਸਤਾਨ ਵਿਚ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਛੇ ਭਾਰਤੀਆਂ ਸਮੇਤ 7 ਲੋਕਾਂ ਨੂੰ ਅਗ਼ਵਾ ਕਰ ਲਿਆ ਹੈ। ਸ਼ੁਰੂਆਤੀ ਖ਼ਬਰਾਂ ਮੁਤਾਬਕ ਅਫ਼ਗ਼ਾਨਿਸਤਾਨ ਦੇ ਬਾਘਲਾਨ ਇਲਾਕੇ ਤੋਂ ਹਥਿਆਰਬੰਦ ਹਮਲਾਵਰਾਂ ਨੇ ਇਕ ਭਾਰਤੀ ਕੰਪਨੀ ਵਿਚ ਕੰਮ ਕਰਨ ਵਾਲੇ 7 ਲੋਕਾਂ ਨੂੰ ਹਥਿਆਰਾਂ ਦੀ ਨੋਕ 'ਤੇ ਅਗਵਾ ਕਰ ਲਿਆ। ਖ਼ਬਰਾਂ ਮੁਤਾਬਕ ਅਗਵਾ ਲੋਕਾਂ ਵਿਚ ਛੇ ਭਾਰਤੀ ਅਤੇ ਇਕ ਅਫ਼ਗਾਨ ਨਾਗਰਿਕ ਹਨ। ਸਾਰੇ ਕੇਈਸੀ ਨਾਮ ਦੀ ਇੰਫਰਾਸਟਰਕਚਰ ਕੰਪਨੀ ਦੇ ਕਰਮਚਾਰੀ ਹਨ।
ਸਥਾਨਕ ਅਧਿਕਾਰੀਆਂ ਮੁਤਾਬਕ ਇਹ ਘਟਨਾ ਐਤਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਇਹ ਲੋਕ ਇਲਾਕੇ ਵਿਚ ਸਫ਼ਰ ਕਰ ਰਹੇ ਸਨ। ਅਤਿਵਾਦੀ ਸੰਗਠਨ ਤਾਲਿਬਾਨ 'ਤੇ ਇਨ੍ਹਾਂ ਭਾਰਤੀਆਂ ਨੂੰ ਅਗਵਾ ਕਰਨ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਕੇਈਸੀ ਕੰਪਨੀ ਦੇ ਇਕ ਸੱਤ ਕਰਮਚਾਰੀਆਂ ਨੂੰ ਬਘਲਾਨ ਸੂਬੇ ਦੀ ਰਾਜਧਾਨੀ ਪੁਲ-ਏ-ਖੋਮਰੇ ਸ਼ਹਿਰ ਦੇ ਬਾਗ਼-ਏ-ਸ਼ਮਲ ਪਿੰਡ ਤੋਂ ਅਗਵਾ ਕੀਤਾ ਗਿਆ।
ਇਹ ਭਾਰਤੀ ਕੰਪਨੀ ਇਲਾਕੇ ਵਿਚ ਬਿਜਲੀ ਦਾ ਕੰਮ ਕਰਦੀ ਹੈ। ਬਘਲਾਨ ਸੂਬਾਈ ਕੌਂਸਲ ਨੇ ਇਸ ਘਟਨਾ ਦੇ ਪਿੱਛੇ ਤਾਲਿਬਾਨ ਦੇ ਹੱਥ ਹੋਣ ਦੀ ਗੱਲ ਆਖੀ ਹੈ। ਫ਼ਿਲਹਾਲ ਇਸ ਸਬੰਧੀ ਕੇਈਸੀ ਇੰਟਰਨੈਸ਼ਨਲ ਕੰਪਨੀ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹਾਲਾਂਕਿ ਅਫ਼ਗਾਨਿਸਤਾਨ ਵਿਚ ਸੂਤਰਾਂ ਨੇ ਦਸਿਆ ਕਿ ਇਸ ਮਾਮਲੇ ਨੂੰ ਲੈ ਕੇ ਅਧਿਕਾਰੀ ਸਬੰਧਤ ਵਿਭਾਗ ਅਤੇ ਕੇਈਸੀ ਕੰਪਨੀ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਹਨ।
ਫਿਲਹਾਲ ਅਧਿਕਾਰੀ ਘਟਨਾ ਦੀ ਜਾਣਕਾਰੀ ਲੈ ਰਹੇ ਹਨ। ਇਸ ਤੋਂ ਇਲਾਵਾ ਭਾਰਤੀ ਵਿਦੇਸ਼ ਮੰਤਰਾਲਾ ਵੀ ਕਾਬੁਲ ਸਥਿਤ ਭਾਰਤੀ ਦੂਤਘਰ ਦੇ ਸੰਪਰਕ ਵਿਚ ਹੈ। ਨਾਲ ਹੀ ਘਟਨਾ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਅਜੇ ਤਕ ਇਸ ਸਬੰਧੀ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਅਤੇ ਨਾ ਹੀ ਕਿਸੇ ਅਤਿਵਾਦੀ ਸੰਗਠਨ ਨੇ ਇਸ ਘਟਨਾ ਨੂੰ ਅੰਜ਼ਾਮ ਦੇਣ ਦਾ ਦਾਅਵਾ ਕੀਤਾ ਹੈ।