
ਗ਼ਰੀਬ ਦੇਸ਼ਾਂ 'ਚ ਮਹਾਂਮਾਰੀ ਨਾਲ ਨਜਿੱਠਣ ਲਈ ਸਹਾਇਤਾ ਰਾਸ਼ੀ ਵਧਾਉਣ ਦੀ ਅਪੀਲ
ਸੰਯੁਕਤ ਰਾਸ਼ਟਰ, 7 ਮਈ: ਸੰਯੁਕਤ ਰਾਸ਼ਟਰ ਨੇ ਕੋਰੋਨਾ ਵਾਇਰਸ ਸੰਕਟ ਕਾਰਨ ਆਉਣ ਵਾਲੇ ਦਿਨਾਂ ਵਿਚ ਬੁਰੀ ਤਰ੍ਹਾਂ ਪ੍ਰਭਾਵਤ ਹੋਣ ਵਾਲੇ ਦੇਸ਼ਾਂ ਵਿਚ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਸਹਾਇਤਾ ਰਾਸ਼ੀ ਨੂੰ 2 ਅਰਬ ਡਾਲਰ ਤੋਂ ਵਧਾ ਕੇ 6.7 ਅਰਬ ਡਾਲਰ ਕਰਨ ਦੀ ਵੀਰਵਾਰ ਨੂੰ ਅਪੀਲ ਕੀਤੀ।
ਸੰਯੁਕਤ ਰਾਸ਼ਟਰ ਦੀ ਮਨੁੱਖੀ ਮਾਮਲਿਆਂ ਦੀ ਏਜੰਸੀ ਦੇ ਮੁਖੀ ਮਾਰਕ ਲਾਕਾਕ ਨੇ ਦੋਹਰਾਇਆ ਕਿ ਇਸ ਮਹਾਂਮਾਰੀ ਦਾ ਸੱਭ ਤੋਂ ਬੁਰਾ ਦੌਰ ਤਿੰਨ ਤੋਂ 6 ਮਹੀਨਿਆਂ ਵਿਚ ਦੁਨੀਆਂ ਦੇ ਸੱਭ ਤੋਂ ਗ਼ਰੀਬ ਦੇਸ਼ਾਂ ਵਿਚ ਆਉਣ ਦੀ ਸੰਭਾਵਨਾ ਨਹੀਂ ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦੇ ਸਬੂਤ ਹਨ ਕਿ ਇਨ੍ਹਾਂ ਦੇਸ਼ਾਂ ਵਿਚ ਆਮਦਨ 'ਤੇ ਅਸਰ ਪਿਆ ਹੈ।
ਨੌਕਰੀਆਂ ਖ਼ਤਮ ਹੋਈਆਂ ਹਨ, ਭੋਜਨ ਸਪਲਾਈ ਪ੍ਰਭਾਵਤ ਹੋਈ ਹੈ ਅਤੇ ਕੀਮਤਾਂ ਵਧੀਆਂ ਹਨ। ਬੱਚਿਆਂ ਨੂੰ ਟੀਕੇ ਨਹੀਂ ਲਗ ਰਹੇ ਤੇ ਭੋਜਨ ਨਹੀਂ ਮਿਲ ਰਿਹਾ। ਸੰਯੁਕਤ ਰਾਸ਼ਟਰ ਦੀ ਨਵੀਂ ਅਪੀਲ 'ਚ 9 ਵਧੇਰੇ ਦੇਸ਼ ਬੇਨਿਨ, ਜਿਬੂਤੀ, ਲਾਈਬੇਰੀਆ, ਮੋਜ਼ਾਂਬਿਕ, ਪਾਕਿਸਤਾਨ, ਫ਼ਿਲੀਪੀਨਜ਼, ਸਿਏਰਾ ਲਿਓਨ, ਟੋਗੋ ਤੇ ਜ਼ਿੰਬਾਬਵੇ ਸ਼ਾਮਲ ਹਨ। ਲਾਕਾਕ ਨੇ ਕਿਹਾ, ''ਵਧੇਰੇ ਗ਼ਰੀਬ ਦੇਸ਼ਾਂ 'ਚ ਅਸੀਂ ਪਹਿਲਾਂ ਹੀ ਅਰਥਵਿਵਸਥਾ ਕਮਜ਼ੋਰ ਹੁੰਦੇ ਵੇਖ ਸਕਦੇ ਹਾਂ। ਜੇਕਰ ਹੁਣੇ ਕਦਮ ਨਾ ਚੁਕਿਆ ਤਾਂ ਇਨ੍ਹਾਂ ਦੇਸ਼ਾਂ 'ਚ ਸੰਘਰਸ਼, ਭੁਖਮਰੀ ਤੇ ਗਰੀਬੀ ਵਧੇਗੀ।'' (ਪੀਟੀਆਈ)