
ਕੈਨੇਡਾ 'ਚ ਰਹਿਣ ਵਾਲੇ ਦੋ ਸਿੱਖ ਡਾਕਟਰ ਭਰਾਵਾਂ ਨੇ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਅਪਣੀ ਦਾੜ੍ਹੀ ਕਟਵਾਉਣ ਦਾ ਸਖ਼ਤ ਫ਼ੈਸਲਾ ਕੀਤਾ
ਟੋਰਾਂਟੋ, 6 ਮਈ: ਕੈਨੇਡਾ 'ਚ ਰਹਿਣ ਵਾਲੇ ਦੋ ਸਿੱਖ ਡਾਕਟਰ ਭਰਾਵਾਂ ਨੇ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਅਪਣੀ ਦਾੜ੍ਹੀ ਕਟਵਾਉਣ ਦਾ ਸਖ਼ਤ ਫ਼ੈਸਲਾ ਕੀਤਾ। ਮਰੀਜ਼ਾਂ ਦਾ ਇਲਾਜ ਕਰਨ ਲਈ ਮਾਸਕ ਪਾਉਣਾ ਲਾਜ਼ਮੀ ਹੈ ਅਤੇ ਇਸੇ ਕਰ ਕੇ ਸਿੱਖ ਡਾਕਟਰਾਂ ਨੇ ਇਹ ਫ਼ੈਸਲਾ ਕੀਤਾ ਹੈ। ਮੀਡੀਆ ਦੀਆਂ ਖ਼ਬਰਾਂ 'ਚ ਕਿਹਾ ਗਿਆ ਹੈ ਕਿ ਮਾਂਟਰੀਅਲ 'ਚ ਰਹਿਣ ਵਾਲੇ ਫ਼ਿਜੀਸ਼ੀਅਨ ਸੰਜੀਤ ਸਿੰਘ ਸਲੂਜਾ ਅਤੇ ਉਨ੍ਹਾਂ ਦੇ ਨਿਊਰੋਸਰਜਨ ਭਰਾ ਰਣਜੀਤ ਸਿੰਘ ਨੇ ਧਾਰਮਕ ਸਲਾਹਕਾਰ, ਪ੍ਰਵਾਰ ਅਤੇ ਦੋਸਤਾਂ ਨਾਲ ਸੰਪਰਕ ਕਰਨ ਮਗਰੋਂ ਦਾੜ੍ਹੀ ਕਟਵਾਉਣ ਦਾ ਫ਼ੈਸਲਾ ਕੀਤਾ।
ਐਮ.ਯੂ.ਐਚ.ਸੀ. 'ਚ ਬਤੌਰ ਨਿਊਰੋ ਸਰਜਨ ਕੰਮ ਕਰ ਰਹੇ ਰਣਜੀਤ ਸਿੰਘ ਨੇ ਕਿਹਾ, ''ਅਸੀਂ ਕੰਮ ਨਾ ਕਰਨ ਦਾ ਬਦਲ ਚੁਣ ਸਕਦੇ ਸੀ, ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਵੇਖਣ ਤੋਂ ਇਨਕਾਰ ਕਰ ਸਕਦੇ ਸੀ ਪਰ ਇਹ ਫ਼ਿਜੀਸ਼ੀਅਨ ਵਜੋਂ ਲਈ ਸਹੁੰ ਅਤੇ ਸੇਵਾ ਦੇ ਸਿਧਾਂਤਾਂ ਵਿਰੁਧ ਹੁੰਦਾ।'' ਸਲੂਜਾ ਨੇ ਕਿਹਾ, ''ਸਾਡੇ ਲਈ ਇਹ ਬਹੁਤ ਮੁਸ਼ਕਲ ਫ਼ੈਸਲਾ ਸੀ ਪਰ ਅਸੀਂ ਇਹ ਮਹਿਸੂਸ ਕੀਤਾ ਕਿ ਮੌਜੂਦਾ ਸਮੇਂ 'ਚ ਇਹ ਸੱਭ ਤੋਂ ਜ਼ਰੂਰੀ ਹੈ।''
ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨੇ ਉਨ੍ਹਾਂ ਨੂੰ ਉਦਾਸ ਕਰ ਦਿਤਾ ਹੈ। ਉਨ੍ਹਾਂ ਕਿਹਾ, ''ਇਹ ਮੇਰੀ ਪਛਾਣ ਨਾਲ ਜੁੜਿਆ ਮਾਮਲਾ ਸੀ। ਮੈਂ ਸ਼ੀਸ਼ੇ 'ਚ ਖ਼ੁਦ ਨੂੰ ਬਹੁਤ ਵਖਰਾ ਵੇਖਦਾ ਹਾਂ। ਰੋਜ਼ ਸਵੇਰੇ ਜਦੋਂ ਮੈਂ ਖ਼ੁਦ ਨੂੰ ਵੇਖਦਾ ਹਾਂ ਤਾਂ ਮੈਨੂੰ ਥੋੜ੍ਹਾ ਝਟਕਾ ਲਗਦਾ ਹੈ।'' ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਰਾ ਦਾ ਕਹਿਣਾ ਸੀ ਕਿ ਉਹ ਅਜਿਹਾ ਚੁਪਚਾਪ ਕਰਨ। ਉਹ ਕਿਸੇ ਤਰ੍ਹਾਂ ਦਾ ਪ੍ਰਚਾਰ ਨਹੀਂ ਚਾਹੁੰਦੇ ਸਨ। (ਪੀਟੀਆਈ)