
ਲਾਹੌਰ ਦੀ ਜੰਮਪਲ ਅਤੇ ਨਿਊ ਸਾਊਥ ਵੇਲਜ਼ ਲੈਜਿਸਲੇਟਿਵ ਕੌਂਸਲ ਦੀ ਮੈਂਬਰ ਮਹਿਰੀਨ ਫ਼ਾਰੂਕੀ ਨੂੰ ਆਸਟ੍ਰੇਲੀਆ ਦੇ ਉਪਰਲੇ ਸਦਨ (ਸੈਨੇਟ) ਲਈ ਨਾਮਜ਼ਦ ਕੀਤਾ.......
ਬ੍ਰਿਸਬੇਨ, : ਲਾਹੌਰ ਦੀ ਜੰਮਪਲ ਅਤੇ ਨਿਊ ਸਾਊਥ ਵੇਲਜ਼ ਲੈਜਿਸਲੇਟਿਵ ਕੌਂਸਲ ਦੀ ਮੈਂਬਰ ਮਹਿਰੀਨ ਫ਼ਾਰੂਕੀ ਨੂੰ ਆਸਟ੍ਰੇਲੀਆ ਦੇ ਉਪਰਲੇ ਸਦਨ (ਸੈਨੇਟ) ਲਈ ਨਾਮਜ਼ਦ ਕੀਤਾ ਗਿਆ ਹੈ। ਗਰੀਨ ਪਾਰਟੀ ਨਾਲ ਜੁੜੀ ਮਹਿਰੀਨ ਫ਼ਾਰੂਕੀ ਨੂੰ ਗਰੀਨਜ਼ ਲੀਡਰ ਲੀ ਰਿਆਨਨ ਦੇ ਅਸਤੀਫ਼ੇ ਤੋਂ ਬਾਅਦ ਪਾਰਟੀ ਵਲੋਂ ਨਾਮਜ਼ਦ ਕੀਤਾ ਗਿਆ ਹੈ। ਮਹਿਰੀਨ ਫ਼ਾਰੂਕੀ 1992 'ਚ ਅਪਣੇ ਪਰਵਾਰ ਨਾਲ ਆਸਟ੍ਰੇਲੀਆ ਪੁੱਜੀ ਸੀ।
ਉਸ ਨੇ ਨਿਊ ਸਾਊਥ ਵੇਲਜ਼ ਦੀ ਯੂਨੀਵਰਸਟੀ ਤੋਂ ਪਹਿਲਾਂ ਮਾਸਟਰਜ਼ ਅਤੇ ਫਿਰ 2000 'ਚ ਵਾਤਾਵਰਨ ਇੰਜਨੀਅਰਿੰਗ ਵਿੱਚ ਡਾਕਟਰੇਟ ਕੀਤੀ। ਸਾਲ 2004 ਵਿਚ ਉਹ 'ਗਰੀਨਜ਼' ਪਾਰਟੀ ਨਾਲ ਜੁੜ ਗਈ। ਉਸ ਦਾ ਆਖਣਾ ਹੈ ਕਿ ਇਸ ਪਾਰਟੀ ਦੇ ਵਾਤਾਵਰਨ ਅਤੇ ਸਮਾਜਕ ਮੁੱਦਿਆਂ ਬਾਰੇ ਵਿਚਾਰਾਂ ਨਾਲ ਉਸ ਦੀ ਪੂਰੀ ਸਹਿਮਤੀ ਹੋਣ ਕਾਰਨ ਹੀ ਉਸ ਨੇ ਇਹ ਪਾਰਟੀ ਅਪਣਾਈ। ਸਾਲ 2013 'ਚ ਉਹ ਨਿਊ ਸਾਊਥ ਵੇਲਜ਼ ਲੈਜਿਸਲੇਟਿਵ ਕੌਂਸਲ ਲਈ ਚੁਣੀ ਗਈ।
ਉਦੋਂ ਉਹ ਅਜਿਹੀ ਪਹਿਲੀ ਮੁਸਲਮਾਨ ਔਰਤ ਵਜੋਂ ਸਾਹਮਣੇ ਆਈ, ਜਿਸ ਨੂੰ ਆਸਟ੍ਰੇਲੀਆ 'ਚ ਇਹ ਮਾਣ ਹਾਸਲ ਹੋਇਆ ਸੀ। ਮੌਜੂਦਾ ਸੈਨੇਟਰ ਲੀ ਰਿਆਨਨ ਨੇ ਅਪਣਾ ਕਾਰਜਕਾਲ ਖ਼ਤਮ ਹੋਣ ਤੋਂ 10 ਮਹੀਨੇ ਪਹਿਲਾਂ ਹੀ ਸੈਨੇਟ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿਤਾ ਅਤੇ ਪਾਰਟੀ ਨੇ ਉਸ ਦੀ ਥਾਂ ਮਹਿਰੀਨ ਫ਼ਾਰੂਕੀ ਦੀ ਚੋਣ ਕਰ ਲਈ।
ਮਹਿਰੀਨ ਫ਼ਾਰੂਕੀ ਦਾ ਕਹਿਣਾ ਹੈ ਕਿ ਉਹ ਹੁਣ ਪਹਿਲਾਂ ਨਾਲੋਂ ਵਧੇਰੇ ਲਗਨ ਨਾਲ ਕੰਮ ਕਰੇਗੀ। ਇਸੇ ਦੌਰਾਨ ਨਿਊ ਸਾਊਥ ਵੇਲਜ਼ ਦੇ ਉਪਰਲੇ ਸਦਨ ਡਾ. ਫਾਰੂਕੀ ਦੀ ਖਾਲੀ ਹੋਈ ਸੀਟ ਉਪਰ ਨਾਮਜ਼ਦ ਹੋਣ ਵਾਲੀ ਬੀਬੀ ਕੇਟ ਫਾਹਰਮਾਨ ਨੇ ਇਸ ਨਾਮਜ਼ਦਗੀ ਉਤੇ ਮਹਿਰੀਨ ਫ਼ਾਰੂਕੀ ਨੂੰ ਵਧਾਈ ਦਿਤੀ ਹੈ।