
ਚੀਨ 'ਚ 197 ਫ਼ੁੱਟ ਦੀ ਉਚਾਈ 'ਤੇ ਇਕ ਘੰਟੇ ਤਕ ਉਲਟੇ ਲਟਕੇ ਰਹੇ 20 ਲੋਕ
ਬੀਜਿੰਗ, 7 ਸਤੰਬਰ : ਚੀਨ ਦੇ ਜਿਆਂਗਸੂ ਸੂਬੇ ਦੇ ਵੁਸ਼ੀ ਵਿਚ 20 ਲੋਕ ਇਕ ਘੰਟੇ ਤਕ ਹਵਾ ਵਿਚ ਉਲਟੇ ਲਟਕੇ ਰਹੇ। ਅਸਲ ਵਿਚ ਉਹ ਗਏ ਤਾਂ ਸਨ ਰੋਲਕੋਸਟਰ ਰਾਈਡ ਦਾ ਮਜ਼ਾ ਲੈਣ ਪਰ ਉਹ ਉਚਾਈ 'ਤੇ ਪਹੁੰਚ ਕੇ ਅਟਕ ਗਿਆ। ਇਹ ਘਟਨਾ ਵੁਸ਼ੀ ਦੇ ਸੁਨਾਕ ਪਾਰਕ ਦੀ ਹੈ। ਇਕ ਘੰਟੇ ਦੇ ਡਰਾਉਣੇ ਨਜ਼ਾਰੇ ਦੇ ਬਾਅਦ ਸਾਰੇ ਲੋਕਾਂ ਨੂੰ ਸੁਰੱਖਿਅਤ ਰੋਲਰਕੋਸਟਰ ਤੋਂ ਉਤਾਰਿਆ ਗਿਆ। ਇਸ ਮਗਰੋਂ ਸੁਨਾਕ ਮਨੋਰੰਜਨ ਪਾਰਕ ਪਾਰਕ ਦੇ ਪ੍ਰਬੰਧਨ ਨੇ ਲੋਕਾਂ ਤੋਂ ਮੁਆਫ਼ੀ ਮੰਗੀ। ਇਸ ਤੋਂ ਬਾਅਦ ਮਨੋਰੰਜਨ ਪਾਰਕ ਨੂੰ ਬੰਦ ਕਰ ਦਿਤਾ ਗਿਆ। ਗਲੋਬਲ ਟਾਈਮਜ਼ ਦੀ ਖ਼ਬਰ ਮੁਤਾਬਕ, ਸੁਨਾਕ ਪਾਰਕ ਵਿਚ ਅਜਿਹੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਅਗੱਸਤ 2019 ਵਿਚ ਵੀ ਅਜਿਹੀ ਘਟਨਾ ਵਾਪਰੀ ਸੀ। ਉਦੋਂ ਰੋਲਰਕੋਸਟਰ ਲੋਕਾਂ ਨਾਲ ਭਰਿਆ ਹੋਇਆ ਸੀ ਅਤੇ ਉਹ ਹਵਾ ਵਿਚ ਜਾ ਕੇ ਅਟਕ ਗਿਆ ਸੀ। ਪਾਰਕ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਜਦੋਂ ਰੋਲਰਕੋਸਟਰ ਦੇ ਸਾਹਮਣੇ ਕੋਈ ਪੰਛੀ ਉਡਦਾ ਹੋਇਆ ਆ ਜਾਂਦਾ ਹੈ ਤਾਂ ਰੋਲਰਕੋਸਟਰ ਦਾ ਸੈਂਸਰ ਤੁਰਤ ਉਸ ਨੂੰ ਰੋਕ ਦਿੰਦਾ ਹੈ ਤਾਂ ਜੋ ਕੋਈ ਹਾਦਸਾ ਨਾ ਵਾਪਰੇ।
ਜਦੋਂ ਚੀਨ ਦੇ ਸਰਕਾਰੀ ਅਧਿਕਾਰੀਆਂ ਅਤੇ ਮੀਡੀਆ ਨੇ ਸੁਨਾਕ ਮਨੋਰੰਜਨ ਪਾਰਕ ਦੇ ਪ੍ਰਬੰਧਨ ਤੋਂ ਪੁਛਗਿੱਛ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਜਾਰੀ ਹੈ। ਜਿਵੇਂ ਹੀ ਪਿਛਲੇ ਸਾਲ ਦੀ ਘਟਨਾ ਦਾ ਜ਼ਿਕਰ ਕੀਤਾ ਗਿਆ ਤਾਂ ਪ੍ਰਬੰਧਨ ਨੇ ਕਿਹਾ ਕਿ ਉਸ ਹਾਦਸੇ ਦਾ ਇਸ ਵਾਰ ਦੀ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਥੇ ਦਸ ਦਈਏ ਕਿ ਇਸ ਰੋਲਰਕੋਸਟਰ ਦੀ ਲੰਬਾਈ 4,192 ਫ਼ੁੱਟ ਹੈ। ਸੱਭ ਤੋਂ ਉਚਾਈ ਵਾਲਾ ਹਿੱਸਾ 196.9 ਫ਼ੁੱਟ ਦਾ ਹੈ। ਇਹ ਰੋਲਰਕੋਸਟਰ ਵੱਧ ਤੋਂ ਵੱਧ 119 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚਲਦਾ ਹੈ। ਸੱਭ ਤੋਂ ਉੱਚਾਈ ਵਾਲੇ ਹਿੱਸੇ 'ਤੇ ਜਾ ਕੇ ਹੀ ਰੋਲਰਕੋਸਟਰ ਅਟਕ ਗਿਆ ਸੀ। (ਏਜੰਸੀ)