
ਕਿਹਾ, ਦੇਸ਼ ਸਿਆਸੀ ਮਤਭੇਦਾਂ ਨੂੰ ਨਫ਼ਰਤ ’ਚ ਬਦਲਣ ਨਹੀਂ ਦੇਵੇਗਾ
ਇਸਲਾਮਾਬਾਦ: ਪਾਕਿਸਤਾਨੀ ਫ਼ੌਜ ਦੇ ਕਿਸੇ ਮੌਜੂਦਾ ਫੌਜ ਮੁਖੀ ਵਲੋਂ ਜਨਤਕ ਰੂਪ ’ਚ ਦੁਰਲੱਭ ਮਨਜ਼ੂਰੀ ’ਚ ਜਨਰਲ ਅਸੀਮ ਮੁਨੀਰ ਨੇ ਕਾਰਗਿਲ ਜੰਗ ’ਚ ਪਾਕਿਸਤਾਨੀ ਫੌਜ ਦੀ ਸ਼ਮੂਲੀਅਤ ਦਾ ਜ਼ਿਕਰ ਕੀਤਾ ਹੈ, ਅਤੇ ਉਨ੍ਹਾਂ ਨੇ ਭਾਰਤ ਨਾਲ 1999 ਦੀ ਜੰਗ ਨੂੰ ਗੁਆਂਢੀ ਦੇਸ਼ ਨਾਲ ਲੜੀਆਂ ਪ੍ਰਮੁੱਖ ਜੰਗਾਂ ’ਚ ਗਿਣਿਆ ਹੈ।
ਫੌਜ ਮੁਖੀ ਮੁਨੀਰ ਸ਼ੁਕਰਵਾਰ ਨੂੰ ਰਾਵਲਪਿੰਡੀ ’ਚ ਰੱਖਿਆ ਅਤੇ ਸ਼ਹੀਦੀ ਦਿਵਸ ਸਮਾਰੋਹ ਦੌਰਾਨ ਬੋਲ ਰਹੇ ਸਨ। ਕਾਰਗਿਲ ਜੰਗ 1999 ’ਚ ਭਾਰਤ ਵਲੋਂ ਪਾਕਿਸਤਾਨੀ ਘੁਸਪੈਠੀਆਂ ਵਲੋਂ ਕਬਜ਼ੇ ਵਾਲੀਆਂ ਸਰਹੱਦੀ ਚੌਕੀਆਂ ’ਤੇ ਮੁੜ ਕਬਜ਼ਾ ਕਰਨ ਨਾਲ ਖਤਮ ਹੋਈ ਸੀ। ਭਾਰਤ ਇਸ ਜਿੱਤ ਨੂੰ 26 ਜੁਲਾਈ ਨੂੰ ‘ਵਿਜੇ ਦਿਵਸ’ ਵਜੋਂ ਮਨਾਉਂਦਾ ਹੈ।
ਅਪਣੇ ਭਾਸ਼ਣ ’ਚ ਜਨਰਲ ਮੁਨੀਰ ਨੇ ਪਾਕਿਸਤਾਨ ਦੇ ਲੋਕਾਂ ਦੇ ਸਹਿਯੋਗ ਨਾਲ ਮਾਤ ਭੂਮੀ ਦੀ ਰੱਖਿਆ ’ਚ ਫੌਜ ਦੀ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਕਾਰਗਿਲ ਜੰਗ ਸਮੇਤ ਭਾਰਤ ਨਾਲ ਵੱਖ-ਵੱਖ ਸੰਘਰਸ਼ਾਂ ਦਾ ਵੀ ਜ਼ਿਕਰ ਕੀਤਾ।
ਮੁਨੀਰ ਨੇ ਕਿਹਾ, ‘‘ਪਾਕਿਸਤਾਨ ਇਕ ਬਹਾਦਰ ਅਤੇ ਨਿਡਰ ਦੇਸ਼ ਹੈ ਜੋ ਆਜ਼ਾਦੀ ਦੀ ਮਹੱਤਤਾ ਨੂੰ ਸਮਝਦਾ ਹੈ ਅਤੇ ਜਾਣਦਾ ਹੈ ਕਿ ਹਰ ਕੀਮਤ ’ਤੇ ਇਸ ਦੀ ਰੱਖਿਆ ਕਿਵੇਂ ਕਰਨੀ ਹੈ। ਭਾਵੇਂ 1948, 1965, 1971 ਦੀ ਪਾਕਿ-ਭਾਰਤ ਜੰਗ ਹੋਵੇ ਜਾਂ ਕਾਰਗਿਲ ਜਾਂ ਸਿਆਚਿਨ ਸੰਘਰਸ਼ ਹੋਵੇ, ਹਜ਼ਾਰਾਂ ਸ਼ਹੀਦਾਂ ਨੇ ਦੇਸ਼ ਦੀ ਸੁਰੱਖਿਆ ਅਤੇ ਸਨਮਾਨ ਲਈ ਕੁਰਬਾਨੀਆਂ ਦਿਤੀਆਂ।’’
ਪਾਕਿਸਤਾਨ ਨੇ ਸ਼ੁਰੂ ਵਿਚ ਇਹ ਕਹਿੰਦੇ ਹੋਏ ਸੰਘਰਸ਼ ਤੋਂ ਦੂਰੀ ਬਣਾ ਲਈ ਸੀ ਕਿ ਇਸ ਵਿਚ ਸਿਰਫ ਨਿੱਜੀ ਆਜ਼ਾਦੀ ਘੁਲਾਟੀਏ ਸ਼ਾਮਲ ਹਨ। ਪਰ ਛੇਤੀ ਹੀ ਲੜਾਈ ਦੇ ਪੈਮਾਨੇ ਨੇ ਵਿਖਾਇਆ ਕਿ ਦੋਹਾਂ ਦੇਸ਼ਾਂ ਦੀਆਂ ਫੌਜਾਂ ਇਕ ਦੂਜੇ ਦੇ ਵਿਰੁਧ ਲੜ ਰਹੀਆਂ ਸਨ। ਕਾਰਗਿਲ ਜੰਗ ਦੌਰਾਨ ਤਤਕਾਲੀ ਫੌਜ ਮੁਖੀ ਪਰਵੇਜ਼ ਮੁਸ਼ੱਰਫ ਵਲੋਂ ਲਿਖੀ ਗਈ 2006 ਦੀ ਕਿਤਾਬ ‘ਇਨ ਦਿ ਲਾਈਨ ਆਫ ਫਾਇਰ’ ਵਿਚ ਪਾਕਿਸਤਾਨੀ ਫੌਜ ਦੀ ਭੂਮਿਕਾ ਨੂੰ ਸਪੱਸ਼ਟ ਤੌਰ ’ਤੇ ਮਨਜ਼ੂਰ ਕੀਤਾ ਗਿਆ ਹੈ।
ਮੁਸ਼ੱਰਫ ਨੇ ਕਾਰਗਿਲ ਜੰਗ ’ਚ ਨਾਰਦਰਨ ਲਾਈਟ ਇਨਫੈਂਟਰੀ ਦੇ ਫ਼ੌਜੀਆਂ ਨੂੰ ਭੇਜਿਆ ਸੀ। ਕਾਰਗਿਲ ਜੰਗ ਦੀ ਸਮਾਪਤੀ ਤੋਂ ਬਾਅਦ ਪਾਕਿਸਤਾਨ ਨੇ ਸਿੰਧ ਰੈਜੀਮੈਂਟ ਦੀ 27ਵੀਂ ਬਟਾਲੀਅਨ ਦੇ ਕੈਪਟਨ ਕਰਨਾਲ ਸ਼ੇਰ ਖਾਨ ਅਤੇ ਨਾਰਦਰਨ ਲਾਈਟ ਇਨਫੈਂਟਰੀ ਦੇ ਹੌਲਦਾਰ ਲਲਕ ਜਾਨ ਨੂੰ ਸਰਵਉੱਚ ਬਹਾਦਰੀ ਪੁਰਸਕਾਰ ਨਿਸ਼ਾਨ-ਏ-ਹੈਦਰ ਨਾਲ ਸਨਮਾਨਿਤ ਕੀਤਾ ਸੀ।
ਮੁਨੀਰ ਨੇ ਅਪਣੇ ਸੰਬੋਧਨ ’ਚ ਇਹ ਵੀ ਕਿਹਾ, ‘‘ਦੇਸ਼ ਸਿਆਸੀ ਮਤਭੇਦਾਂ ਨੂੰ ਨਫ਼ਰਤ ’ਚ ਬਦਲਣ ਨਹੀਂ ਦੇਵੇਗਾ।’’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਫੌਜ ਅਤੇ ਲੋਕਾਂ ਵਿਚਾਲੇ ਮਜ਼ਬੂਤ ਸਬੰਧ ਕਿਸੇ ਵੀ ਦੁਸ਼ਮਣ ਨੂੰ ਹਰਾਉਣ ਲਈ ਆਧਾਰ ਵਜੋਂ ਕੰਮ ਕਰਨਗੇ ਜੋ ਦੋਹਾਂ ਵਿਚਾਲੇ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ।
ਉਨ੍ਹਾਂ ਕਿਹਾ, ‘‘ਹਥਿਆਰਬੰਦ ਬਲਾਂ ਅਤੇ ਦੇਸ਼ ਵਿਚਾਲੇ ਰਿਸ਼ਤਾ ਦਿਲ ਦਾ ਹੈ।’’ ਉਨ੍ਹਾਂ ਕਿਹਾ ਕਿ ਦੇਸ਼ ਨੇ ਕੁਦਰਤੀ ਆਫ਼ਤਾਂ, ਵਿਦੇਸ਼ੀ ਦੁਸ਼ਮਣੀ ਜਾਂ ਅਤਿਵਾਦ ਵਿਰੁਧ ਲੜਾਈ ਦੀ ਸਥਿਤੀ ਵਿਚ ਬਚਾਅ ਕਾਰਜਾਂ ਸਮੇਤ ਸਾਰੇ ਖੇਤਰਾਂ ਵਿਚ ਹਮੇਸ਼ਾ ਸੁਰੱਖਿਆ ਬਲਾਂ ਨੂੰ ਮਜ਼ਬੂਤ ਕੀਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੀ ਇਸ ਸਮਾਰੋਹ ਵਿਚ ਮੌਜੂਦ ਸਨ, ਜਿਸ ਵਿਚ ਫੌਜ ਦੇ ਚੋਟੀ ਦੇ ਅਧਿਕਾਰੀ ਅਤੇ ਫ਼ੌਜੀਆਂ ਦੇ ਪਰਵਾਰ ਕ ਮੈਂਬਰ ਸ਼ਾਮਲ ਹੋਏ। (ਪੀਟੀਆਈ)