
ਆਪਣੀ ਹੀ ਪਾਰਟੀ ਵੱਲੋਂ ਪਾਏ ਜਾ ਰਹੇ ਦਬਾਅ ਕਾਰਨ ਛੱਡਿਆ ਅਹੁਦਾ
ਟੋਕੀਓ : ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ਼ੀਬਾ ਨੇ ਇਹ ਕਦਮ ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ (LDP) ਦੀ ਅੰਦਰੂਨੀ ਫੁੱਟ ਤੋਂ ਬਚਣ ਲਈ ਚੁੱਕਿਆ ਹੈ। ਜਪਾਨੀ ਮੀਡੀਆ NHK ਨੇ ਇਹ ਖਬਰ ਦਿੱਤੀ ਹੈ। ਇਸ਼ੀਬਾ ਨੇ ਐਲਾਨ ਕੀਤਾ ਸੀ ਕਿ ਉਹ ਜੁਲਾਈ ਵਿੱਚ ਹੋਈਆਂ ਸੰਸਦੀ ਚੋਣਾਂ ਵਿੱਚ ਮਿਲੀ ਇਤਿਹਾਸਕ ਹਾਰ ਦੀ ਜ਼ਿੰਮੇਵਾਰੀ ਲੈਣ ਲਈ ਆਪਣੀ ਹੀ ਪਾਰਟੀ ਵੱਲੋਂ ਪਾਏ ਜਾ ਰਹੇ ਦਬਾਅ ਕਰਕੇ ਅਹੁਦਾ ਛੱਡ ਰਹੇ ਹਨ। ਪਿਛਲੇ ਸਾਲ ਅਕਤੂਬਰ ਵਿੱਚ ਅਹੁਦਾ ਸੰਭਾਲਣ ਵਾਲੇ ਇਸ਼ੀਬਾ ਨੇ ਆਪਣੀ ਹੀ ਪਾਰਟੀ ਅੰਦਰ ਸੱਜੇ-ਪੱਖੀ ਵਿਰੋਧੀਆਂ ਦੀਆਂ ਮੰਗਾਂ ਦਾ ਵਿਰੋਧ ਕੀਤਾ ਸੀ। ਪਾਰਟੀ ਦੇ ਕੁੱਝ ਆਗੂਆਂ ਅਤੇ ਸੰਸਦ ਮੈਂਬਰਾਂ ਨੇ ਉਨ੍ਹਾਂ ਦੀ ਲੀਡਰਸ਼ਿਪ ’ਤੇ ਸਵਾਲ ਚੁੱਕੇ ਸਨ, ਜਿਸ ਕਾਰਨ ਉਨ੍ਹਾਂ ਦੀ ਸਥਿਤੀ ਕਮਜ਼ੋਰ ਹੋ ਗਈ ਸੀ। ਇਸ਼ੀਬਾ ਨੇ ਕਿਹਾ ਕਿ ਉਹ ਪਾਰਟੀ ਲੀਡਰਸ਼ਿਪ ਦੀ ਵੋਟ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨਗੇ।
ਜ਼ਿਕਰਯੋਗ ਹੈ ਕਿ ਇਸ਼ੀਬਾ ਦੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਅਤੇ ਉਸ ਦੇ ਸਹਿਯੋਗੀਆਂ ਨੇ ਜੁਲਾਈ ਵਿਚ ਹੋਈਆਂ ਚੋਣਾਂ ਵਿਚ ਦੇਸ਼ ਦੇ ਉੱਚ ਸਦਨ ਵਿਚ ਆਪਣਾ ਬਹੁਮਤ ਗੁਆ ਦਿੱਤਾ ਸੀ। ਹਾਲਾਂਕਿ, ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ। ਜਪਾਨੀ ਸੰਸਦ ਦੇ ਉਪਰਲੇ ਸਦਨ ਵਿੱਚ ਕੁੱਲ 248 ਸੀਟਾਂ ਹਨ। ਇਸ਼ੀਬਾ ਦੇ ਗਠਜੋੜ ਕੋਲ ਪਹਿਲਾਂ ਹੀ 75 ਸੀਟਾਂ ਸਨ। ਬਹੁਮਤ ਬਣਾਈ ਰੱਖਣ ਲਈ, ਉਨ੍ਹਾਂ ਨੂੰ ਇਸ ਚੋਣ ਵਿੱਚ ਘੱਟੋ-ਘੱਟ 50 ਨਵੀਆਂ ਸੀਟਾਂ ਦੀ ਲੋੜ ਸੀ, ਪਰ ਉਹ ਸਿਰਫ 47 ਸੀਟਾਂ ਹੀ ਪ੍ਰਾਪਤ ਕਰ ਸਕੇ। ਇਨ੍ਹਾਂ ਵਿੱਚੋਂ LDP ਨੂੰ 39 ਸੀਟਾਂ ਹੀ ਮਿਲੀਆਂ। LDP ਦੀ ਸਥਾਪਨਾ 1955 ਵਿੱਚ ਹੋਈ ਸੀ ਅਤੇ ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਨੇ ਦੋਵਾਂ ਸਦਨਾਂ ਵਿੱਚ ਬਹੁਮਤ ਗੁਆ ਦਿੱਤਾ ਸੀ।