
ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫਤਾਰ
ਨਿਊਯਾਰਕ- ਕੈਲੀਫ਼ੋਰਨੀਆ ਦੇ ਫਰਿਜ਼ਨੋ ਵਿੱਚ ਰਹਿੰਦੇ ਇੱਕ 74 ਸਾਲਾ ਪੰਜਾਬੀ ਅਮਰੀਕੀ ਸ਼ਖ਼ਸ ਨੂੰ ਆਪਣੀ ਨੂੰਹ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਹ ਕਤਲ ਉਕਤ ਵਿਅਕਤੀ ਨੇ ਸੈਨ ਜੋਜ਼ ਵਿਖੇ ਵਾਲਮਾਰਟ ਦੀ ਪਾਰਕਿੰਗ ਲਾਟ ਵਿੱਚ ਕੀਤਾ ਜਿੱਥੇ ਮ੍ਰਿਤਕ ਔਰਤ ਕੰਮ ਕਰਦੀ ਸੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੀਤਲ ਸਿੰਘ ਦੁਸਾਂਝ ਨੇ ਗੁਰਪ੍ਰੀਤ ਕੌਰ ਦੁਸਾਂਝ ਵੱਲੋਂ ਉਸ ਦੇ ਪੁੱਤਰ ਨੂੰ ਤਲਾਕ ਦੇਣ ਦੀ ਪ੍ਰਕਿਰਿਆ ਬਾਰੇ ਪਤਾ ਲੱਗਣ ਤੋਂ ਆਏ ਗੁੱਸੇ ਵਿੱਚ ਜਾਨੋਂ ਮਾਰਿਆ। ਪੁਲਿਸ ਅਨੁਸਾਰ, ਕਤਲ ਤੋਂ ਠੀਕ ਪਹਿਲਾਂ, 'ਬੇਹੱਦ ਡਰੀ ਹੋਈ' ਗੁਰਪ੍ਰੀਤ ਨੇ ਆਪਣੇ ਚਾਚੇ ਨਾਲ ਫ਼ੋਨ 'ਤੇ ਗੱਲ ਕੀਤੀ, ਅਤੇ ਉਸ ਨੂੰ ਦੱਸਿਆ ਕਿ ਉਸ ਦਾ ਸਹੁਰਾ ਉਸ ਨੂੰ ਲੱਭ ਰਿਹਾ ਹੈ। ਪੀੜਤਾ ਨੇ ਜ਼ਿਕਰ ਕੀਤਾ ਸੀ ਕਿ ਉਸ ਨੇ ਉਸ (ਸੀਤਲ) ਨੂੰ ਪਾਰਕਿੰਗ ਲਾਟ 'ਚ ਦੇਖਿਆ, ਜਿਹੜਾ ਉਸ (ਗੁਰਪ੍ਰੀਤ) ਨੂੰ ਲੱਭਣ ਲਈ 150 ਮੀਲ ਦਾ ਸਫ਼ਰ ਕਰਕੇ ਆਇਆ ਸੀ।
ਇਸ ਕਾਲ ਦੇ ਪੰਜ ਘੰਟਿਆਂ ਬਾਅਦ, ਵਾਲਮਾਰਟ ਦੇ ਇੱਕ ਸਹਿ-ਕਰਮਚਾਰੀ ਨੂੰ ਗੁਰਪ੍ਰੀਤ ਕੌਰ ਦੀ ਲਾਸ਼ ਉਸੇ ਪਾਰਕਿੰਗ ਵਿੱਚ ਮਿਲੀ, ਜਿਸ 'ਤੇ ਗੋਲ਼ੀਆਂ ਵੱਜੀਆਂ ਹੋਣ ਦੇ ਨਿਸ਼ਾਨ ਸਨ। ਗੁਰਪ੍ਰੀਤ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਜਿਸ ਚਾਚੇ ਨਾਲ ਗੁਰਪ੍ਰੀਤ ਕੌਰ ਨੇ ਆਖਰੀ ਸਮੇਂ ਗੱਲ ਕੀਤੀ ਸੀ, ਉਸ ਦੀ ਮਦਦ ਨਾਲ ਹੀ ਜਾਂਚਕਰਤਾ ਸੀਤਲ ਦੁਸਾਂਝ ਤੱਕ ਪਹੁੰਚ ਸਕੇ।
ਗੁਰਪ੍ਰੀਤ ਦੇ ਚਾਚੇ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਭਤੀਜੀ ਵੱਲੋਂ ਸੀਤਲ ਦੁਸਾਂਝ ਦੇ ਬੇਟੇ ਨੂੰ ਤਲਾਕ ਦੇਣ ਦੀ ਪ੍ਰਕਿਰਿਆ ਚੱਲ ਰਹੀ ਸੀ। ਉਸ ਨੇ ਦੱਸਿਆ ਕਿ ਸੀਤਲ ਤੇ ਉਸ ਦਾ ਪੁੱਤਰ ਫਰਿਜ਼ਨੋ ਵਿੱਚ ਰਹਿੰਦੇ ਸਨ, ਜਦੋਂ ਕਿ ਗੁਰਪ੍ਰੀਤ ਕੌਰ ਸੈਨ ਜੋਸ ਵਿੱਚ ਰਹਿੰਦੀ ਸੀ। ਸੀਤਲ ਦੋਸਾਂਝ ਨੂੰ ਅਗਲੀ ਸਵੇਰ ਉਸ ਦੇ ਫਰਿਜ਼ਨੋ ਵਾਲੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।