
ਡਾਕਟਰਾਂ ਨੇ ਨਹੀਂ ਕੀਤਾ ਸੀ ਮਰੀਜ਼ ਨੂੰ ਮ੍ਰਿਤਕ ਐਲਾਨ
ਮੈਲਬੌਰਨ - ਆਸਟ੍ਰੇਲੀਆ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਹਸਪਤਾਲ ਵਿਚ ਮਰੀਜ਼ ਨੂੰ ਜ਼ਿੰਦਾ ਹੀ ਬੌਡੀ ਬੈਗ 'ਚ ਰੱਖ ਕੇ ਮੁਰਦਾਘਰ 'ਚ ਰੱਖਿਆ ਗਿਆ ਹੈ ਤੇ ਇਸ ਕਥਿਤ ਅਣਗਹਿਲੀ ਕਾਰਨ 55 ਸਾਲਾ ਮਰੀਜ਼ ਦੀ ਅਸਲ ਵਿਚ ਮੌਤ ਹੋ ਗਈ। ਹੁਣ ਇਸ ਮਾਮਲੇ ਵਿਚ ਹਸਪਤਾਲ ਦੇ ਸਟਾਫ਼ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮਾਮਲਾ ਆਸਟ੍ਰੇਲੀਆ ਦੇ ਪਰਥ ਦਾ ਹੈ। ਇਕ ਨਿਊਜ਼ ਏਜੰਸੀ ਮੁਤਾਬਕ 55 ਸਾਲਾ ਕੇਵਿਨ ਰੀਡ ਨੂੰ ਇਲਾਜ ਲਈ ਰੌਕਿੰਘਮ ਜਨਰਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਪਰ 5 ਸਤੰਬਰ ਨੂੰ ਹਸਪਤਾਲ ਦੇ ਸਟਾਫ਼ ਨੇ ਕੇਵਿਨ ਨੂੰ ਮ੍ਰਿਤਕ ਮੰਨ ਕੇ ਲਾਸ਼ ਨੂੰ ਬੈਗ ਵਿਚ ਪੈਕ ਕਰ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਡਾਕਟਰਾਂ ਵੱਲੋਂ ਮਰੀਜ਼ ਨੂੰ ਮ੍ਰਿਤਕ ਐਲਾਨ ਨਹੀਂ ਕੀਤਾ ਗਿਆ ਸੀ। ਸਟਾਫ਼ ਨੇ ਖ਼ੁਦ ਹੀ ਉਸ ਨੂੰ ਮਰਿਆ ਸਮਝ ਕੇ ਬਾਡੀ ਬੈਗ ਵਿਚ ਪੈਕ ਕਰਕੇ ਮੁਰਦਾਘਰ ਵਿਚ ਰਖਵਾ ਦਿੱਤਾ। ਇਹ ਮਾਮਲਾ ਅਗਲੇ ਦਿਨ ਸਵੇਰੇ ਉਸ ਸਮੇਂ ਸਾਹਮਣੇ ਆਇਆ ਜਦੋਂ ਡਾਕਟਰਾਂ ਦੀ ਟੀਮ ਲਾਸ਼ ਦਾ ਮੁਆਇਨਾ ਕਰਨ ਪਹੁੰਚੀ।
ਦਰਅਸਲ ਕੇਵਿਨ ਨੇ ਮਰਨ ਤੋਂ ਪਹਿਲਾਂ ਆਪਣੇ ਅੰਗ ਦਾਨ ਕਰ ਦਿੱਤੇ ਸਨ। ਇਸ ਲਈ ਮਾਹਿਰ ਡਾਕਟਰਾਂ ਦੀ ਟੀਮ ਉਸ ਦੀ ਲਾਸ਼ ਦਾ ਮੁਆਇਨਾ ਕਰਨ ਲਈ ਮੁਰਦਾਘਰ ਪਹੁੰਚੀ ਸੀ। ਜਦੋਂ ਡਾਕਟਰਾਂ ਨੇ ਲਾਸ਼ ਦੇਖੀ ਤਾਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਸਨ। ਉਸ ਦੇ ਮੂੰਹ ਵਿਚੋਂ ਖੂਨ ਨਿਕਲ ਰਿਹਾ ਸੀ। ਲਹੂ ਤਾਜ਼ਾ ਸੀ। ਅਜਿਹੇ 'ਚ ਡਾਕਟਰਾਂ ਨੂੰ ਸ਼ੱਕ ਹੋਇਆ। ਉਹਨਾਂ ਨੇ ਸਟਾਫ ਤੋਂ ਮੌਤ ਦਾ ਸਰਟੀਫਿਕੇਟ ਮੰਗਿਆ ਪਰ ਉਹ ਸਰਟੀਫਿਕੇਟ ਦੇਣ ਤੋਂ ਅਸਮਰੱਥ ਸਨ ਕਿਉਂਕਿ ਹਸਪਤਾਲ ਦੇ ਡਾਕਟਰ ਨੇ ਮਰੀਜ਼ ਨੂੰ ਮ੍ਰਿਤਕ ਐਲਾਨ ਨਹੀਂ ਕੀਤਾ ਸੀ।
ਇਸ ਤਰ੍ਹਾਂ ਮੁਰਦਾਘਰ ਦੀ ਜਾਂਚ ਕਰਨ ਗਏ ਡਾਕਟਰਾਂ ਦੇ ਸਾਹਮਣੇ ਸਟਾਫ਼ ਦੀ ਲਾਪਰਵਾਹੀ ਦਾ ਪਰਦਾਫਾਸ਼ ਹੋ ਗਿਆ। ਜਾਂਚ ਟੀਮ ਦੇ ਇੱਕ ਮੈਂਬਰ ਨੇ ਦੱਸਿਆ ਕਿ ਮਰੀਜ਼ ਸ਼ਾਇਦ ਜ਼ਿੰਦਾ ਸੀ ਅਤੇ ਲਾਸ਼ ਬੈਗ ਵਿਚੋਂ ਬਾਹਰ ਆਉਣ ਲਈ ਤਰਲੋ-ਮੱਛੀ ਹੋ ਰਹੀ ਸੀ ਪਰ ਬਾਅਦ ਵਿਚ ਉਸ ਦੀ ਸਾਹ ਘੁੱਟਣ ਨਾਲ ਮੌਤ ਹੋ ਗਈ। ਦੱਸਿਆ ਗਿਆ ਕਿ ਮਰੀਜ਼ ਦੀਆਂ ਅੱਖਾਂ ਖੁੱਲ੍ਹੀਆਂ ਸਨ, ਉਸ ਦੇ ਗਾਊਨ 'ਤੇ ਖੂਨ ਸੀ।
ਬਾਡੀ ਬੈਗ ਵਿਚ ਉਸ ਦੀ ਸਥਿਤੀ ਬਦਲ ਗਈ ਸੀ। ਜਾਂਚ ਟੀਮ ਦੇ ਮੈਂਬਰ ਨੇ ਇਹ ਵੀ ਕਿਹਾ ਕਿ ਮੌਤ ਦੀ ਤਸਦੀਕ ਕਰਨ ਲਈ ਕਿਸੇ ਡਾਕਟਰ ਨੂੰ ਨਹੀਂ ਬੁਲਾਇਆ ਗਿਆ, ਜੋ ਕਿ ਇੱਕ ਮਿਆਰੀ ਪ੍ਰਕਿਰਿਆ ਹੈ। ਫਿਲਹਾਲ ਇਨ੍ਹਾਂ ਦੋਸ਼ਾਂ ਤੋਂ ਬਾਅਦ ਹਸਪਤਾਲ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।