ਕਤਰ ਸਰਕਾਰ ਨਾਲ ਲਗਾਤਾਰ ਬਣਾਏ ਸੰਪਰਕ ਬਾਰੇ ਦਿੱਤੀ ਜਾਣਕਾਰੀ
ਨਵੀਂ ਦਿੱਲੀ - ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਕਤਰ ਵਿਚ ਨਜ਼ਰਬੰਦ ਕੀਤੇ ਗਏ ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਘਰ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਜੈਸ਼ੰਕਰ ਨੇ ਰਾਜ ਸਭਾ ਵਿੱਚ 'ਭਾਰਤ ਦੀ ਵਿਦੇਸ਼ ਨੀਤੀ ਵਿੱਚ ਨਵੀਨਤਮ ਵਿਕਾਸ' 'ਤੇ ਦਿੱਤੇ ਬਿਆਨ ਤੋਂ ਬਾਅਦ, ਮੈਂਬਰਾਂ ਵੱਲੋਂ ਮੰਗੇ ਗਏ ਸਪੱਸ਼ਟੀਕਰਨ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
ਬੀਜੂ ਜਨਤਾ ਦਲ ਦੇ ਸੁਜੀਤ ਕੁਮਾਰ ਨੇ ਕਤਰ ਵਿੱਚ ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਜਵਾਨਾਂ ਦੀ ਨਜ਼ਰਬੰਦੀ ਦਾ ਮੁੱਦਾ ਉਠਾਉਂਦਿਆਂ ਜਾਣਨਾ ਚਾਹਿਆ, ਕਿ ਉਨ੍ਹਾਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਸਰਕਾਰ ਵੱਲੋਂ ਕੀ ਯਤਨ ਕੀਤੇ ਜਾ ਰਹੇ ਹਨ।
ਇਸ ਦੇ ਜਵਾਬ 'ਚ ਜੈਸ਼ੰਕਰ ਨੇ ਕਿਹਾ ਕਿ ਇਹ ਬਹੁਤ 'ਸੰਵੇਦਨਸ਼ੀਲ' ਮਾਮਲਾ ਹੈ।
ਉਨ੍ਹਾਂ ਕਿਹਾ, “ਮੈਂ ਐਨਾ ਕਹਿ ਸਕਦਾ ਹਾਂ ਕਿ ਉਨ੍ਹਾਂ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਮਹੱਤਵਪੂਰਨ ਹੈ। ਅਸੀਂ ਇਸ ਪੂਰੇ ਵਿਕਾਸ 'ਤੇ ਨਜ਼ਰ ਰੱਖ ਰਹੇ ਹਾਂ। ਸਾਡੇ ਰਾਜਦੂਤ ਅਤੇ ਅਧਿਕਾਰੀ ਕਤਰ ਦੀ ਸਰਕਾਰ ਨਾਲ ਲਗਾਤਾਰ ਸੰਪਰਕ ਵਿੱਚ ਹਨ।"
ਉਨ੍ਹਾਂ ਕਿਹਾ, ''ਸਾਡੀ ਕੋਸ਼ਿਸ਼ ਸਪੱਸ਼ਟ ਤੌਰ 'ਤੇ ਇਹ ਯਕੀਨੀ ਬਣਾਉਣ ਲਈ ਹੈ, ਕਿ ਉਨ੍ਹਾਂ ਨਾਲ ਬੇਇਨਸਾਫ਼ੀ ਨਾ ਹੋਵੇ, ਅਤੇ ਅਸੀਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆ ਸਕੀਏ।''
ਜ਼ਿਕਰਯੋਗ ਹੈ ਕਿ ਕਤਰ ਵਿੱਚ ਹਿਰਾਸਤ 'ਚ ਲਏ ਗਏ ਭਾਰਤੀ ਦਾਹਰਾ ਗਲੋਬਲ ਟੈਕਨਾਲੋਜੀ ਅਤੇ ਕੰਸਲਟੈਂਸੀ ਲਈ ਕੰਮ ਕਰ ਰਹੇ ਸਨ। ਇਹ ਇੱਕ ਨਿੱਜੀ ਕੰਪਨੀ ਹੈ।