
ਕਿਸਾਨ ਵਿਰੋਧੀ ਖਿਡਾਰੀਆਂ ਤੇ ਕਲਾਕਾਰਾਂ ਦਾ ਹੋਵੇਗਾ ਵਿਰੋਧ
ਫਰਿਜ਼ਨੋ: ਸਮੂਹ ਅਮਰੀਕਾ ਭਰ ਦੀਆਂ ਸਿੱਖ ਜੱਥੇਬੰਦੀਆਂ ਨੇ ਉਥੋਂ ਦੀਆਂ ਸਮਾਜਿਕ ਸੰਸਥਾਵਾਂ ਨਾਲ ਮਿਲ ਕੇ ਫਰਿਜ਼ਨੋ, ਕੈਲੇਫੋਰਨੀਆਂ ਵਿਖੇ 'ਅਮਰੀਕਨ ਸਿੱਖ ਸੰਗਤ' ਦੇ ਨਾਮ ਹੇਠ ਦਿੱਲੀ ਦੇ ਬਾਰਡਰਾਂ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੀ ਇਕਜੁੱਟਤਾ ਤੇ ਚੜ੍ਹਦੀ ਕਲਾ ਲਈ ਇਕ ਵਿਸ਼ੇਸ਼ ਸਭਾ ਬੁਲਾਈ।
80 US organizations stand up for farmers
ਸਾਰੇ ਅਮਰੀਕਾ ਵਿੱਚੋਂ ਲੱਗਭਗ 80 ਜਥੇਬੰਦੀਆਂ ਨੇ ਇਸ ਸਭਾ ਵਿੱਚ ਹਿੱਸਾ ਲਿਆ ਅਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਵਿਚਾਰ ਵਟਾਂਦਰੇ ਕੀਤੇ। ਇਸ ਦੌਰਾਨ ਫਰਿਜ਼ਨੋ, ਕੈਲੀਫੋਰਨੀਆ ਦੇ ਮੇਅਰ ਜੈਰੀ ਡਾਇਰ ਉਚੇਚੇ ਤੌਰ ਤੇ ਸ਼ਾਮਲ ਹੋਏ। ਸੰਗਤ ਨੂੰ ਸੰਬੋਧਨ ਕਰਦਿਆਂ ਮੇਅਰ ਨੇ ਕਿਹਾ ਕਿ ਵਿਸ਼ਵ ਵਿੱਚ ਕਿਤੇ ਵੀ ਚਾਹੇ ਉਹ ਭਾਰਤ ਹੋਵੇ ਜਾਂ ਅਮਰੀਕਾ ਜੇਕਰ ਲੋਕਤੰਤਰ ਦਾ ਘਾਣ ਹੁੰਦਾ ਹੈ ਤਾਂ ਸਾਰਿਆਂ ਨੂੰ ਮਿਲ ਕੇ ਇਸ ਦੇ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ।
80 US organizations stand up for farmers
ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਉੱਤੇ ਗੌਰ ਕਰਦਿਆਂ ਇਨ੍ਹਾਂ ਦਾ ਹੱਲ ਲੱਭਣਾ ਚਾਹੀਦਾ ਹੈ।ਸੰਗਤ ਵੱਲੋਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਾਉਣ ਦਾ ਵੀ ਪ੍ਰਣ ਕੀਤਾ ਗਿਆ।
80 US organizations stand up for farmers
ਸਭਾ ਦੇ ਦੌਰਾਨ ਦਿੱਲੀ ਵਿੱਚ 26 ਜਨਵਰੀ ਨੂੰ ਹੋਏ ਘਟਨਾਕ੍ਰਮ ਤੋਂ ਬਾਅਦ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ, ਕਿਸਾਨਾਂ ਅਤੇ ਪੱਤਰਕਾਰਾਂ ਦੀ ਪੈਰਵਾਈ ਕਰ ਰਹੇ ਐਡਵੋਕੇਟ ਅਮਰਵੀਰ ਸਿੰਘ ਭੁੱਲਰ ਕੋਲੋਂ ਇਨ੍ਹਾਂ ਕੇਸਾਂ ਦੀ ਜਾਣਕਾਰੀ ਲਈ ਗਈ। ਇਸ ਦੌਰਾਨ ਐਕਟਿਵਿਸਟ ਨੌਦੀਪ ਕੌਰ ਅਤੇ ਉਨ੍ਹਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਯਤਨਾਂ ਸਬੰਧੀ ਵੀ ਵਿਚਾਰ ਵਟਾਂਦਰੇ ਕੀਤੇ ਗਏ। ਖਾਲਸਾ ਏਡ, ਏਸੀ਼ਆ ਦੇ ਮੁਖੀ ਅਮਰਪ੍ਰੀਤ ਸਿੰਘ ਨੇ ਮੋਰਚੇ ਦੀ ਅਜੋਕੀ ਸਥਿਤੀ ਦੱਸੀ ਅਤੇ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਲਈ ਅਪੀਲ ਕੀਤੀ।
ਸਭਾ ਦੇ ਅੰਤ ਵਿਚ ਸਮੂਹ ਸੰਗਤ ਵੱਲੋਂ ਸਾਰਿਆਂ ਦੀ ਸਹਿਮਤੀ ਦੇ ਨਾਲ ਮਤੇ ਪਾਏ ਗਏ। ਜਿਸ ਵਿੱਚ ਅਮਰੀਕਾ ਦੀ ਸੰਗਤ ਵੱਲੋਂ ਬੇਨਤੀ ਕੀਤੀ ਗਈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਤੇ ਨੌਜਵਾਨ, ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸਾਂਝ ਬਣਾ ਕੇ ਉਨ੍ਹਾਂ ਦੀ ਅਗਵਾਹੀ ਵਿੱਚ ਇੱਕਠੇ ਹੋ ਕੇ ਕਿਸਾਨਾਂ ਦੀ ਆਵਾਜ਼ ਬਣਨ ਕਿਉਂ ਜੋ ਇਹ ਸਮੇ ਦੀ ਮੰਗ ਹੈ। ਜੇਕਰ ਸੰਘਰਸ਼ ਕਰ ਰਹੀਆਂ ਧਿਰਾਂ ਵਿੱਚ ਕੋਈ ਮਨ ਮੁਟਾਵ ਹੈ ਤਾਂ ਸਾਰਿਆਂ ਦੀ ਇਕਜੁਟਤਾ ਨੂੰ ਬਹਾਲ ਕਰਨ ਲਈ ਅਮਰੀਕਾ ਦੀ ਸੰਗਤ ਮੀਡੀਏਟਰ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਇਸ ਮੀਟਿੰਗ ਤੋਂ ਬਾਅਦ ਅਮਰੀਕਾ ਦੀ ਸੰਗਤ ਵੱਲੋਂ ਸਾਰੀਆਂ ਧਿਰਾਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ।
ਅਮਰੀਕਾ ਦੀ ਸਿੱਖ ਸੰਗਤ ਵੱਲੋਂ ਕਿਸਾਨ ਯੂਨੀਅਨ ਲੀਡਰਾਂ ਨੂੰ ਬੇਨਤੀ ਗਈ ਕਿ ਜਿਹੜੇ ਨੌਜਵਾਨ, ਬਜ਼ੁਰਗ, ਪੱਤਰਕਾਰ ਜਾਂ ਸਮਾਜ ਸੇਵੀ ਸੰਘਰਸ਼ ਦੌਰਾਨ ਰਾਜਨੀਤਿਕ ਦਬਾਅ ਹੇਠ ਲਗਾਤਾਰ ਪੁਲੀਸ ਦੁਆਰਾ ਝੂਠੇ ਕੇਸਾਂ ਤਹਿਤ ਜੇਲ੍ਹਾਂ ਵਿੱਚ ਡੱਕੇ ਜਾ ਰਹੇ ਹਨ, ਉਨ੍ਹਾਂ ਨੂੰ ਰਿਹਾਅ ਕਰਵਾਉਣ ਦੀ ਸ਼ਰਤ ਨੂੰ ਪਹਿਲ ਦੇ ਅਧਾਰ ਤੇ ਰੱਖਿਆ ਜਾਵੇ ਤਾਂ ਜੋ ਪਿੰਡਾਂ ਵਿੱਚੋਂ ਆਉਣ ਵਾਲੀ ਸੰਗਤ ਦਾ ਹੌਸਲਾ ਬੁਲੰਦ ਰਹੇ।
ਅਮਰੀਕਾ ਦੀ ਸੰਗਤ ਨੇ ਐਲਾਨ ਕੀਤਾ ਕਿ ਜਿਹੜੇ ਬਾਲੀਵੁੱਡ ਦੇ ਕਲਾਕਾਰਾ ਅਤੇ ਖਿਡਾਰੀਆ ਨੇ ਆਪਣੀਆਂ ਜ਼ਮੀਰਾਂ ਗਿਰਵੀ ਰੱਖ ਕੇ ਦੇਸ਼ ਦੇ ਅੰਨਦਾਤਾ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਹੈ, ਅਤੇ ਜਿਹੜੇ ਅੱਗੋਂ ਅਜਿਹਾ ਕਰਨਗੇ, ਉਹਨਾਂ ਦਾ ਅਮਰੀਕਾ ਵਿਚ ਹਰ ਜਗ੍ਹਾ ਤੇ ਬਾਈਕਾਟ ਕੀਤਾ ਜਾਵੇਗਾ। ਜੇ ਕਿਸੇ ਪ੍ਰਮੋਟਰ ਨੇ ਅਮਰੀਕਾ ਦੀ ਧਰਤੀ ਉੱਤੇ ਉਹਨਾਂ ਦਾ ਸਾਥ ਦਿੱਤਾ ਤਾਂ ਉਸ ਦਾ ਵੀ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ। ਅਮਰੀਕਾ ਦੀ ਸਿੱਖ ਸੰਗਤ ਨੇ ਐਲਾਨ ਕੀਤਾ ਕਿ ਸੰਗਤ ਜਥੇਬੰਦੀਆਂ ਦੀ ਹਰ ਪੱਖੋਂ ਉਦੋਂ ਤਕ ਮਦਦ ਕਰੇਗੀ ਜਦੋਂ ਤੱਕ ਤਿੰਨੇ ਬਿੱਲ ਵਾਪਸ ਅਤੇ ਬਾਕੀ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ।