
Donald Trump News : ਹੈਰੀ ਨੇ ਵੀਜ਼ੇ ਵਿਚ ਡਰੱਗਜ਼ ਲੈਣ ਦੀ ਗੱਲ ਛੁਪਾਈ ਸੀ, ਆਤਮਕਥਾ 'ਸਪੇਅਰ' ਵਿਚ ਕੀਤਾ ਖ਼ੁਲਾਸਾ
Donald Trump orders reopening of British Prince Harry's visa case Latest News in Punjabi : ਬ੍ਰਿਟਿਸ਼ ਪ੍ਰਿੰਸ ਹੈਰੀ ਦਾ ਨਾਮ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੇਸ਼ ਨਿਕਾਲੇ ਦੀ ਸੂਚੀ ਵਿਚ ਸ਼ਾਮਲ ਹੋ ਸਕਦਾ ਹੈ। ਟਰੰਪ ਨੇ ਹੈਰੀ ਦੇ ਵੀਜ਼ਾ ਕੇਸ ਨੂੰ ਦੁਬਾਰਾ ਖੋਲ੍ਹਣ ਦਾ ਹੁਕਮ ਦਿਤਾ ਹੈ, ਜੋ ਕਿ ਪੰਜ ਮਹੀਨੇ ਪਹਿਲਾਂ ਬੰਦ ਕਰ ਦਿਤਾ ਗਿਆ ਸੀ। ਜੇ ਹੈਰੀ ਨੂੰ ਵੀਜ਼ਾ ਪ੍ਰਾਪਤ ਕਰਨ ਵਿਚ ਗ਼ਲਤ ਜਾਣਕਾਰੀ ਦੇਣ ਦਾ ਦੋਸ਼ੀ ਪਾਇਆ ਜਾਂਦਾ ਹੈ, ਤਾਂ ਟਰੰਪ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਸਕਦੇ ਹਨ।
ਜੇ ਅਜਿਹਾ ਹੁੰਦਾ ਹੈ, ਤਾਂ ਹੈਰੀ ਟਰੰਪ ਦੁਆਰਾ ਅਪਣੇ ਕਾਰਜਕਾਲ ਦੌਰਾਨ ਦੇਸ਼ ਨਿਕਾਲਾ ਦਿਤੇ ਜਾਣ ਵਾਲੇ ਪਹਿਲੇ ਵਿਅਕਤੀ ਹੋਣਗੇ। ਟਰੰਪ ਨੇ ਕਿਹਾ ਹੈ ਕਿ ਉਹ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਾਰਕਲ ਨੂੰ ਕੋਈ ਰਿਆਇਤ ਨਹੀਂ ਦੇਣਗੇ। ਮੇਗਨ ਇਕ ਅਮਰੀਕੀ ਨਾਗਰਿਕ ਹੈ, ਹੈਰੀ ਉਨ੍ਹਾਂ ਨਾਲ ਅਮਰੀਕਾ ਵਿਚ ਰਹਿੰਦਾ ਹੈ।
ਇਹ ਮਾਮਲਾ ਹੈਰੀ ਦੀ ਆਤਮਕਥਾ 'ਸਪੇਅਰ' ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਉਨ੍ਹਾਂ ਅਪਣੀ ਛੋਟੀ ਉਮਰ ’ਚ ਨਸ਼ੇ ਲੈਣ ਦੀ ਗੱਲ ਕਬੂਲ ਕੀਤੀ ਹੈ। ਹੈਰੀ ਨੇ ਅਮਰੀਕੀ ਵੀਜ਼ਾ ਲੈਂਦੇ ਸਮੇਂ ਇਸ ਤੱਥ ਨੂੰ ਛੁਪਾਇਆ ਸੀ। ਇਸ ਨੂੰ ਮੁੱਦਾ ਬਣਾਉਂਦੇ ਹੋਏ, ਸੱਜੇ-ਪੱਖੀ ਸੰਗਠਨ ਹੈਰੀਟੇਜ਼ ਫ਼ਾਊਂਡੇਸ਼ਨ ਨੇ ਕੇਸ ਨੂੰ ਦੁਬਾਰਾ ਖੋਲ੍ਹਣ ਲਈ ਇਕ ਪਟੀਸ਼ਨ ਦਾਇਰ ਕੀਤੀ ਸੀ।
ਇਸ ਦੇ ਨਾਲ ਹੀ ਟਰੰਪ ਈਸਾਈਆਂ ਦੀ ਰੱਖਿਆ ਲਈ ਇਕ ਕਮਿਸ਼ਨ ਬਣਾਉਣਗੇ। ਟਰੰਪ ਨੇ ਈਸਾਈ ਵਿਰੋਧੀ ਵਿਤਕਰੇ ਨਾਲ ਸਬੰਧਤ ਇਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ ਹਨ। ਇਹ ਹੁਕਮ ਸੰਘੀ ਏਜੰਸੀਆਂ ਨੂੰ ਇਹ ਯਕੀਨੀ ਬਣਾਉਣ ਦਾ ਨਿਰਦੇਸ਼ ਦਿੰਦਾ ਹੈ ਕਿ ਈਸਾਈ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾਂ ਨਾ ਹੋਵੇ। ਟਰੰਪ ਨੇ ਇਸ ਦੌਰਾਨ ਕਿਹਾ ਕਿ ਉਹ ਧਾਰਮਕ ਆਜ਼ਾਦੀ 'ਤੇ ਇਕ ਰਾਸ਼ਟਰਪਤੀ ਕਮਿਸ਼ਨ ਬਣਾਉਣਗੇ, ਜੋ ਈਸਾਈ ਧਰਮ ਨੂੰ ਵਧੇਰੇ ਸੁਰੱਖਿਆ ਪ੍ਰਦਾਨ ਕਰੇਗਾ।
ਟਰੰਪ ਦੇ ਇਸ ਫ਼ੈਸਲੇ ਦੀ ਸਖ਼ਤ ਆਲੋਚਨਾ ਹੋ ਰਹੀ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਹੁਕਮ ਧਾਰਮਕ ਆਜ਼ਾਦੀ ਦੀ ਧਾਰਨਾ ਨੂੰ ਖ਼ਤਮ ਕਰ ਕੇ ਈਸਾਈ ਧਰਮ ਨੂੰ ਤਰਜੀਹ ਦਿੰਦਾ ਹੈ। ਇਲਜ਼ਾਮ ਇਹ ਹੈ ਕਿ ਜੇ ਟਰੰਪ ਸੱਚਮੁੱਚ ਧਾਰਮਕ ਆਜ਼ਾਦੀ ਦੀ ਪਰਵਾਹ ਕਰਦੇ ਹਨ, ਤਾਂ ਉਹ ਮੁਸਲਮਾਨਾਂ, ਯਹੂਦੀਆਂ ਅਤੇ ਹੋਰਾਂ ਨਾਲ ਹੋ ਰਹੇ ਵਿਤਕਰੇ ਵਲ ਵੀ ਧਿਆਨ ਦਿੰਦੇ।