
ਦਖਣੀ ਅਫਰੀਕਾ ਸਰਕਾਰ ਨੇ ਟਰੰਪ ਦੇ ਇਸ ਕਦਮ ਨੂੰ ਵਿਅੰਗਾਤਮਕ ਦਸਦੇ ਹੋਏ ਆਲੋਚਨਾ ਕੀਤੀ
ਕੇਪ ਟਾਊਨ : ਦਖਣੀ ਅਫਰੀਕਾ ਦੀ ਗੋਰੀ ਘੱਟ ਗਿਣਤੀ ਦੀ ਨੁਮਾਇੰਦਗੀ ਕਰਨ ਵਾਲੇ ਸਮੂਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸ਼ਰਨਾਰਥੀ ਦਾ ਦਰਜਾ ਅਤੇ ਅਮਰੀਕਾ ਵਿਚ ਮੁੜ ਵਸੇਬੇ ਦੀ ਪੇਸ਼ਕਸ਼ ਨੂੰ ਠੁਕਰਾ ਦਿਤਾ ਹੈ। ਇਹ ਪੇਸ਼ਕਸ਼ ਟਰੰਪ ਦੇ ਹਸਤਾਖਰ ਕੀਤੇ ਗਏ ਕਾਰਜਕਾਰੀ ਹੁਕਮ ਦਾ ਹਿੱਸਾ ਸੀ, ਜਿਸ ਨੇ ਗੋਰੇ ਨਾਗਰਿਕਾਂ ਵਿਰੁਧ ‘ਅਧਿਕਾਰਾਂ ਦੀ ਉਲੰਘਣਾ’ ਦਾ ਹਵਾਲਾ ਦਿੰਦੇ ਹੋਏ ਦਖਣੀ ਅਫਰੀਕਾ ਨੂੰ ਦਿਤੀ ਜਾਣ ਵਾਲੀ ਸਾਰੀ ਸਹਾਇਤਾ ਅਤੇ ਵਿੱਤੀ ਸਹਾਇਤਾ ਨੂੰ ਰੋਕ ਦਿਤਾ ਸੀ।
ਟਰੰਪ ਪ੍ਰਸ਼ਾਸਨ ਨੇ ਦਖਣੀ ਅਫਰੀਕਾ ਦੀ ਸਰਕਾਰ ’ਤੇ ਗੋਰੇ ਅਫਰੀਕੀ ਕਿਸਾਨਾਂ ’ਤੇ ਹਿੰਸਕ ਹਮਲਿਆਂ ਦੀ ਇਜਾਜ਼ਤ ਦੇਣ ਅਤੇ ਜ਼ਮੀਨ ਜ਼ਬਤ ਕਰਨ ਦਾ ਕਾਨੂੰਨ ਲਿਆਉਣ ਦਾ ਦੋਸ਼ ਲਾਇਆ ਹੈ ਜੋ ਬਿਨਾਂ ਮੁਆਵਜ਼ੇ ਦੇ ਜ਼ਮੀਨ ਨੂੰ ਜ਼ਬਤ ਕਰਨ ਦੇ ਯੋਗ ਬਣਾਉਂਦਾ ਹੈ। ਹਾਲਾਂਕਿ, ਦਖਣੀ ਅਫਰੀਕਾ ਦੀ ਸਰਕਾਰ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਟਰੰਪ ਦਾ ਨਵੇਂ ਭੂਮੀ ਕਾਨੂੰਨ ਦਾ ਵਰਣਨ ਗਲਤ ਜਾਣਕਾਰੀ ਅਤੇ ਵਿਗਾੜ ਨਾਲ ਭਰਿਆ ਹੋਇਆ ਹੈ।
ਅਫਰੀਕੀ ਟਰੇਡ ਯੂਨੀਅਨ ਸੋਲੀਡੈਰਿਟੀ ਦੇ ਮੁੱਖ ਕਾਰਜਕਾਰੀ ਡਰਕ ਹਰਮਨ ਨੇ ਕਿਹਾ, ‘‘ਸਾਡੇ ਮੈਂਬਰ ਇੱਥੇ ਕੰਮ ਕਰਦੇ ਹਨ, ਅਤੇ ਇੱਥੇ ਰਹਿਣਾ ਚਾਹੁੰਦੇ ਹਨ, ਅਤੇ ਉਹ ਇੱਥੇ ਰਹਿਣ ਜਾ ਰਹੇ ਹਨ ... ਅਸੀਂ ਇੱਥੇ ਭਵਿੱਖ ਬਣਾਉਣ ਲਈ ਵਚਨਬੱਧ ਹਾਂ। ਅਸੀਂ ਕਿਤੇ ਨਹੀਂ ਜਾ ਰਹੇ। ਅਫਰੀਕੀ ਲਾਬੀ ਸਮੂਹ ਅਫਰੀਫੋਰਮ ਦੇ ਸੀ.ਈ.ਓ. ਕੈਲੀ ਕ੍ਰਿਲ ਨੇ ਵੀ ਕਿਹਾ, ‘‘ਸਾਨੂੰ ਸਪੱਸ਼ਟ ਤੌਰ ’ਤੇ ਕਹਿਣਾ ਪਏਗਾ: ਅਸੀਂ ਕਿਤੇ ਹੋਰ ਨਹੀਂ ਜਾਣਾ ਚਾਹੁੰਦੇ।’’
ਦਖਣੀ ਅਫਰੀਕਾ ਸਰਕਾਰ ਨੇ ਟਰੰਪ ਦੇ ਇਸ ਕਦਮ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਇਹ ਵਿਅੰਗਾਤਮਕ ਹੈ ਕਿ ਅਮਰੀਕਾ ਇਕ ਅਜਿਹੇ ਸਮੂਹ ਨੂੰ ਸ਼ਰਨਾਰਥੀ ਦਾ ਦਰਜਾ ਦੇ ਰਿਹਾ ਹੈ ਜੋ ਆਰਥਕ ਤੌਰ ’ਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ। ਸਰਕਾਰ ਨੇ ਇਹ ਵੀ ਦਸਿਆ ਕਿ ਗੋਰਿਆਂ ਕੋਲ ਅਜੇ ਵੀ ਦਖਣੀ ਅਫਰੀਕਾ ਦੇ ਲਗਭਗ 70٪ ਨਿੱਜੀ ਖੇਤ ਹਨ, ਅਤੇ ਸਿਰਫ 1٪ ਗੋਰੇ ਗਰੀਬੀ ’ਚ ਰਹਿੰਦੇ ਹਨ, ਜਦਕਿ 64٪ ਕਾਲੀ ਚਮੜੀ ਵਾਲੇ ਲੋਕ ਗ਼ਰੀਬ ਹਨ।