ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਮਲੇਸ਼ੀਆ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਪ੍ਰਗਟਾਇਆ ਅਹਿਦ
Published : Feb 8, 2026, 9:12 pm IST
Updated : Feb 8, 2026, 9:12 pm IST
SHARE ARTICLE
Prime Minister Narendra Modi vows to strengthen India-Malaysia ties
Prime Minister Narendra Modi vows to strengthen India-Malaysia ties

ਕਿਹਾ, ਅਤਿਵਾਦ ਉਤੇ ‘ਕੋਈ ਸਮਝੌਤਾ' ਨਹੀਂ ਕੀਤਾ ਜਾਵੇਗਾ

ਕੁਆਲਾਲੰਪੁਰ: ਭਾਰਤ ਅਤੇ ਮਲੇਸ਼ੀਆ ਨੇ ਐਤਵਾਰ ਨੂੰ ਵਪਾਰ ਅਤੇ ਨਿਵੇਸ਼, ਰੱਖਿਆ, ਊਰਜਾ, ਉੱਨਤ ਨਿਰਮਾਣ ਅਤੇ ਸੈਮੀਕੰਡਕਟਰਾਂ ਦੇ ਉੱਚ ਤਰਜੀਹੀ ਖੇਤਰਾਂ ਵਿਚ ਅਪਣੇ ਸਬੰਧਾਂ ਦਾ ਵਿਸਥਾਰ ਕਰਨ ਦਾ ਵਾਅਦਾ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਦੋਵੇਂ ਧਿਰਾਂ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਵਚਨਬੱਧ ਹਨ।

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਵਿਆਪਕ ਗੱਲਬਾਤ ਤੋਂ ਬਾਅਦ ਮੋਦੀ ਨੇ ਅਤਿਵਾਦ ਨਾਲ ਨਜਿੱਠਣ ਲਈ ਭਾਰਤ ਦੀ ਸਥਿਤੀ ਨੂੰ ਦੁਹਰਾਉਂਦੇ ਹੋਏ ਕਿਹਾ, ‘‘ਅਤਿਵਾਦ ਬਾਰੇ ਸਾਡਾ ਸੰਦੇਸ਼ ਸਪੱਸ਼ਟ ਹੈ। ਕੋਈ ਦੋਹਰੇ ਮਾਪਦੰਡ ਨਹੀਂ, ਕੋਈ ਸਮਝੌਤਾ ਨਹੀਂ।’’

ਦੋਹਾਂ ਪੱਖਾਂ ਨੇ ਸੈਮੀਕੰਡਕਟਰ ਖੇਤਰ ਵਿਚ ਗਹਿਰੇ ਸਹਿਯੋਗ ਲਈ ਇਕ ਫਰੇਮਵਰਕ ਸਮਝੌਤੇ ਸਮੇਤ ਕਈ ਪ੍ਰਮੁੱਖ ਖੇਤਰਾਂ ਵਿਚ ਸਹਿਯੋਗ ਵਧਾਉਣ ਦੇ ਲਈ ਕੁਲ 11 ਸਮਝੌਤਿਆਂ ਅਤੇ ਦਸਤਾਵੇਜ਼ਾਂ ਉਤੇ ਹਸਤਾਖਰ ਕੀਤੇ।

ਸਨਿਚਰਵਾਰ ਨੂੰ ਕੁਆਲਾਲੰਪੁਰ ਪਹੁੰਚੇ ਮੋਦੀ ਅਤੇ ਇਬਰਾਹਿਮ ਨੇ ਵਪਾਰ ਸਮਝੌਤੇ ਲਈ ਸਥਾਨਕ ਕਰੰਸੀ - ਭਾਰਤੀ ਰੁਪਏ ਅਤੇ ਮਲੇਸ਼ੀਆ ਦੀ ਰਿੰਗਿਤ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਮੋਦੀ ਨੇ ਭਾਰਤ-ਮਲੇਸ਼ੀਆ ਸਬੰਧਾਂ ਨੂੰ ਵਿਸ਼ੇਸ਼ ਦਸਦੇ ਹੋਏ ਕਿਹਾ, ‘‘ਅਸੀਂ ਰਣਨੀਤਕ ਭਰੋਸੇ ਰਾਹੀਂ ਆਰਥਕ ਤਬਦੀਲੀ ਦਾ ਰਾਹ ਪੱਧਰਾ ਕਰਾਂਗੇ। ਅਸੀਂ ਸਮੁੰਦਰੀ ਗੁਆਂਢੀ ਹਾਂ। ਸਦੀਆਂ ਤੋਂ ਸਾਡੇ ਲੋਕਾਂ ਦੇ ਡੂੰਘੇ ਅਤੇ ਸੁਹਿਰਦ ਸਬੰਧ ਰਹੇ ਹਨ।’’

ਮੋਦੀ ਨੇ ਮਲੇਸ਼ੀਆ ਵਿਚ ਭਾਰਤੀ ਕੌਂਸਲੇਟ ਜਨਰਲ ਸਥਾਪਤ ਕਰਨ ਦੇ ਭਾਰਤ ਦੇ ਫੈਸਲੇ ਦਾ ਵੀ ਐਲਾਨ ਕੀਤਾ।

ਇਬਰਾਹਿਮ ਨੇ ਅਪਣੀ ਟਿਪਣੀ ਵਿਚ ਭਾਰਤ ਦੇ ਆਰਥਕ ਵਿਕਾਸ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਬਹੁਤ ਫਾਇਦਾ ਹੋਵੇਗਾ ਜੇ ਉਹ ਨਵੀਂ ਦਿੱਲੀ ਨਾਲ ਸਹਿਯੋਗ ਕਰਨ ਦੇ ਹੋਰ ਤਰੀਕਿਆਂ ਅਤੇ ਮੌਕਿਆਂ ਨੂੰ ਸੁਰੱਖਿਅਤ ਕਰ ਸਕਦਾ ਹੈ। ਉਨ੍ਹਾਂ ਨੇ ਦੋ-ਪੱਖੀ ਵਪਾਰ ਲਈ ਸਥਾਨਕ ਕਰੰਸੀਆਂ ਦੀ ਵਰਤੋਂ ਕਰਨ ਦੇ ਫੈਸਲੇ ਨੂੰ ‘ਜ਼ਿਕਰਯੋਗ ਕਰਾਰ ਦਿਤਾ’ ਕਰਾਰ ਦਿੰਦਿਆਂ ਕਿਹਾ ਕਿ ਇਹ (ਭਾਰਤ ਦਾ ਆਰਥਕ ਵਿਕਾਸ) ਕੌਮਾਂਤਰੀ ਵਾਤਾਵਰਣ ਅਤੇ ਵਪਾਰ ਦ੍ਰਿਸ਼ ’ਚ ਇਕ ਸ਼ਾਨਦਾਰ ਵਾਧਾ ਹੈ। ਗੱਲਬਾਤ ’ਚ ਮਲੇਸ਼ੀਆ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਅਪਣਾ ਸਮਰਥਨ ਦਿਤਾ।

ਸੁਰੱਖਿਆ ਖੇਤਰ ’ਚ ਰੁਝੇਵਿਆਂ ਬਾਰੇ ਵਿਸਥਾਰ ਨਾਲ ਦਸਦੇ ਹੋਏ ਮੋਦੀ ਨੇ ਕਿਹਾ ਕਿ ਅਤਿਵਾਦ ਵਿਰੋਧੀ, ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਸਮੁੰਦਰੀ ਸੁਰੱਖਿਆ ’ਚ ਸਹਿਯੋਗ ਨੂੰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਏ.ਆਈ. ਅਤੇ ਡਿਜੀਟਲ ਤਕਨੀਕਾਂ ਦੇ ਨਾਲ, ਅਸੀਂ ਸੈਮੀਕੰਡਕਟਰਾਂ, ਸਿਹਤ ਅਤੇ ਖੁਰਾਕ ਸੁਰੱਖਿਆ ਵਿਚ ਸਾਂਝੇਦਾਰੀ ਨੂੰ ਅੱਗੇ ਵਧਾਵਾਂਗੇ।’’ ਉਨ੍ਹਾਂ ਨੇ ਕਿਹਾ ਕਿ ਸੀ.ਈ.ਓ. ਫੋਰਮ ਵਿਚ ਚਰਚਾ ਨੇ ਵਪਾਰ ਅਤੇ ਨਿਵੇਸ਼ ਦੇ ਲਈ ਨਵੇਂ ਮੌਕੇ ਖੋਲ੍ਹੇ ਹਨ।

ਪ੍ਰਧਾਨ ਮੰਤਰੀ ਨੇ ਹਿੰਦ-ਪ੍ਰਸ਼ਾਂਤ ਖੇਤਰ ਉਤੇ ਭਾਰਤ ਦੀ ਸਥਿਤੀ ਅਤੇ ਖੇਤਰ ਵਿਚ ਆਸੀਆਨ ਦੀ ਕੇਂਦਰੀਤਾ ਨੂੰ ਲੈ ਕੇ 10 ਦੇਸ਼ਾਂ ਦੇ ਸਮੂਹ ਉਤੇ ਉਸ ਦੇ ਦ੍ਰਿੜ੍ਹ ਵਿਚਾਰਾਂ ਦਾ ਜ਼ਿਕਰ ਕੀਤਾ। ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਇਬਰਾਹਿਮ ਨੇ ਖੇਤਰੀ ਅਤੇ ਗਲੋਬਲ ਮੁੱਦਿਆਂ ਉਤੇ ਵੀ ‘ਸਾਰਥਕ ਚਰਚਾ’ ਕੀਤੀ ਸੀ। ਉਨ੍ਹਾਂ ਕਿਹਾ ਕਿ ਗਲੋਬਲ ਅਸਥਿਰਤਾ ਦੇ ਇਸ ਮਾਹੌਲ ’ਚ ਭਾਰਤ ਅਤੇ ਮਲੇਸ਼ੀਆ ਵਿਚਾਲੇ ਵਧਦੀ ਦੋਸਤੀ ਦੋਹਾਂ ਦੇਸ਼ਾਂ ਲਈ ਬਹੁਤ ਮਹੱਤਵਪੂਰਨ ਹੈ।

ਇਕ ਸਾਂਝੇ ਬਿਆਨ ਮੁਤਾਬਕ ਦੋਹਾਂ ਪ੍ਰਧਾਨ ਮੰਤਰੀਆਂ ਨੇ ਸਰਹੱਦ ਪਾਰ ਅਤਿਵਾਦ ਸਮੇਤ ਹਰ ਤਰ੍ਹਾਂ ਦੇ ਅਤਿਵਾਦ ਦੀ ਸਪੱਸ਼ਟ ਅਤੇ ਸਖਤ ਨਿੰਦਾ ਕੀਤੀ ਅਤੇ ਅਤਿਵਾਦ ਪ੍ਰਤੀ ਸਿਫ਼ਰ ਸਹਿਣਸ਼ੀਲਤਾ ਦੀ ਮੰਗ ਕੀਤੀ।

ਦੋਹਾਂ ਨੇਤਾਵਾਂ ਨੇ ਆਤੰਕਵਾਦ ਦਾ ਵਿਆਪਕ ਅਤੇ ਨਿਰੰਤਰ ਢੰਗ ਨਾਲ ਮੁਕਾਬਲਾ ਕਰਨ ਲਈ ਠੋਸ ਗਲੋਬਲ ਯਤਨਾਂ ਦਾ ਸੱਦਾ ਦਿਤਾ ਅਤੇ ਕੱਟੜਪੰਥ ਅਤੇ ਹਿੰਸਕ ਕੱਟੜਵਾਦ ਦਾ ਮੁਕਾਬਲਾ ਕਰਨ ਲਈ ਕੰਮ ਕਰਨ ਲਈ ਸਹਿਮਤ ਹੋਏ।

ਉਨ੍ਹਾਂ ਨੇ ਆਤੰਕਵਾਦ ਦੇ ਵਿੱਤ ਪੋਸ਼ਣ ਦਾ ਮੁਕਾਬਲਾ ਕਰਨ, ਆਤੰਕਵਾਦੀ ਉਦੇਸ਼ਾਂ ਲਈ ਨਵੀਆਂ ਅਤੇ ਉੱਭਰ ਰਹੀਆਂ ਟੈਕਨੋਲੋਜੀਆਂ ਦੀ ਵਰਤੋਂ ਨੂੰ ਰੋਕਣ ਲਈ ਕੰਮ ਕਰਨ ਦਾ ਵੀ ਸੰਕਲਪ ਲਿਆ।

ਬਿਆਨ ’ਚ ਕਿਹਾ ਗਿਆ ਹੈ ਕਿ ਦੋਹਾਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਅਤੇ ਐਫ.ਏ.ਟੀ.ਐਫ. (ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ) ਸਮੇਤ ਅਤਿਵਾਦ ਦਾ ਮੁਕਾਬਲਾ ਕਰਨ ਲਈ ਦੁਵਲੇ ਅਤੇ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਮੋਦੀ ਅਤੇ ਇਬਰਾਹਿਮ ਨੇ ਸੰਯੁਕਤ ਰਾਸ਼ਟਰ ਸਮੇਤ ਬਹੁਪੱਖੀ ਮੰਚਾਂ ਉਤੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਕੌਮਾਂਤਰੀ ਸੰਸਥਾਵਾਂ ਦੇ ਸੁਧਾਰਾਂ ਦਾ ਸਮਰਥਨ ਕਰਨ ਉਤੇ ਵੀ ਸਹਿਮਤੀ ਪ੍ਰਗਟਾਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement