
ਇਕ ਹਫ਼ਤੇ ਤੋਂ ਵੀ ਘੱਟ ਸਮੇਂ ’ਚ ਦੇਸ਼ ’ਚ ਸਮੂਹਿਕ ਅਗਵਾ ਦੀ ਇਹ ਦੂਜੀ ਘਟਨਾ
ਅਬੁਜਾ (ਨਾਈਜੀਰੀਆ): ਨਾਈਜੀਰੀਆ ਦੇ ਉੱਤਰ-ਪੱਛਮ ’ਚ ਵੀਰਵਾਰ ਨੂੰ ਬੰਦੂਕਧਾਰੀਆਂ ਨੇ ਇਕ ਸਕੂਲ ’ਤੇ ਹਮਲਾ ਕਰ ਕੇ ਘੱਟੋ-ਘੱਟ 287 ਵਿਦਿਆਰਥੀਆਂ ਨੂੰ ਅਗਵਾ ਕਰ ਲਿਆ। ਸਕੂਲ ਦੇ ਹੈੱਡਮਾਸਟਰ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਇਕ ਹਫ਼ਤੇ ਤੋਂ ਵੀ ਘੱਟ ਸਮੇਂ ’ਚ ਦੇਸ਼ ’ਚ ਸਮੂਹਿਕ ਅਗਵਾ ਦੀ ਇਹ ਦੂਜੀ ਘਟਨਾ ਹੈ। ਸਥਾਨਕ ਲੋਕਾਂ ਨੇ ਦਸਿਆ ਕਿ ਹਮਲਾਵਰਾਂ ਨੇ ਸਵੇਰੇ ਕਰੀਬ 8 ਵਜੇ ਕਦੁਨਾ ਸੂਬੇ ਦੇ ਕੁਰੀਗਾ ਸ਼ਹਿਰ ਦੇ ਸਰਕਾਰੀ ਸਕੂਲ ਨੂੰ ਘੇਰ ਲਿਆ ਜਦੋਂ ਵਿਦਿਆਰਥੀ ਪਹੁੰਚੇ ਸਨ ਅਤੇ ਅਪਣੀ ਰੋਜ਼ਾਨਾ ਦੀ ਰੁਟੀਨ ਸ਼ੁਰੂ ਕਰਨ ਵਾਲੇ ਸਨ।
ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਹਮਲਾਵਰਾਂ ਨੇ 100 ਤੋਂ ਵੱਧ ਵਿਦਿਆਰਥੀਆਂ ਨੂੰ ਬੰਧਕ ਬਣਾ ਲਿਆ ਸੀ ਪਰ ਹੈੱਡਮਾਸਟਰ ਸਾਨੀ ਅਬਦੁੱਲਾਹੀ ਨੇ ਕਦੁਨਾ ਦੇ ਗਵਰਨਰ ਉਬਾ ਸਾਨੀ ਨੂੰ ਦਸਿਆ ਕਿ ਲਾਪਤਾ ਬੱਚਿਆਂ ਦੀ ਗਿਣਤੀ 287 ਹੈ। ਗਵਰਨਰ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ, ‘‘ਅਸੀਂ ਇਹ ਯਕੀਨੀ ਬਣਾਵਾਂਗੇ ਕਿ ਹਰ ਬੱਚਾ ਘਰ ਵਾਪਸ ਆਵੇ। ਅਸੀਂ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।’’
ਕਿਸੇ ਵੀ ਸਮੂਹ ਨੇ ਤੁਰਤ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ, ਪਰ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਪਸ਼ੂਪਾਲਕਾਂ ਦੇ ਹਥਿਆਰਬੰਦ ਸਮੂਹ ਨੇ ਅੰਜਾਮ ਦਿਤਾ ਸੀ। ਇਹ ਸਮੂਹ ਫਿਰੌਤੀ ਲਈ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਇਲਾਕੇ ’ਚ ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਸੁਰੱਖਿਆ ਬਲ ਵੀ ਉੱਥੇ ਪਹੁੰਚ ਗਏ ਹਨ।
ਇਹ ਘਟਨਾ ਉੱਤਰ-ਪੂਰਬੀ ਨਾਈਜੀਰੀਆ ’ਚ ਕੱਟੜਪੰਥੀਆਂ ਵਲੋਂ 200 ਤੋਂ ਵੱਧ ਲੋਕਾਂ ਨੂੰ ਅਗਵਾ ਕੀਤੇ ਜਾਣ ਤੋਂ ਕੁੱਝ ਦਿਨ ਬਾਅਦ ਵਾਪਰੀ ਹੈ, ਜਿਨ੍ਹਾਂ ’ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਨਿਰੀਖਕਾਂ ਦਾ ਕਹਿਣਾ ਹੈ ਕਿ ਦੋਵੇਂ ਹਮਲੇ ਨਾਈਜੀਰੀਆ ਦੀ ਵਿਗੜਦੀ ਸੁਰੱਖਿਆ ਸਥਿਤੀ ਨੂੰ ਦਰਸਾਉਂਦੇ ਹਨ। ਸਾਲ 2023 ’ਚ ਦੇਸ਼ ’ਚ ਹਿੰਸਾ ਦੀਆਂ ਕਈ ਘਟਨਾਵਾਂ ’ਚ ਸੈਂਕੜੇ ਲੋਕ ਮਾਰੇ ਗਏ ਸਨ।