
ਹਾਦਸੇ ਸਮੇਂ ਕਲੱਬ ’ਚ ਚਲ ਰਿਹਾ ਸੀ ਸੰਗੀਤ ਸਮਾਰੋਹ, ਸਾਬਕਾ ਬੇਸਬਾਲ ਖਿਡਾਰੀ, ਵਿਧਾਇਕ ਅਤੇ ਗਾਇਕ ਵੀ ਜ਼ਖ਼ਮੀਆਂ ’ਚ ਸ਼ਾਮਲ
ਸੈਂਟੋ ਡੋਮਿੰਗੋ (ਡੋਮਿਨਿਕਨ ਗਣਰਾਜ) : ਡੋਮਿਨਿਕਨ ਗਣਰਾਜ ਦੀ ਰਾਜਧਾਨੀ ਡੋਮਿਨਿਕਨ ਵਿਚ ਮੰਗਲਵਾਰ ਤੜਕੇ ਇਕ ਨਾਈਟ ਕਲੱਬ ਦੀ ਛੱਤ ਡਿੱਗਣ ਨਾਲ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਅਤੇ 160 ਹੋਰ ਜ਼ਖਮੀ ਹੋ ਗਏ। ਸੈਂਟਰ ਆਫ ਐਮਰਜੈਂਸੀ ਆਪਰੇਸ਼ਨਜ਼ ਦੇ ਡਾਇਰੈਕਟਰ ਜੁਆਨ ਮੈਨੂਅਲ ਮੇਂਡੇਜ਼ ਨੇ ਦਸਿਆ ਕਿ ਬਚਾਅ ਮੁਲਾਜ਼ਮ ਸੈਂਟੋ ਡੋਮਿੰਗੋ ਦੇ ਇਕ ਮੰਜ਼ਿਲਾ ਜੈੱਟ ਸੈੱਟ ਨਾਈਟ ਕਲੱਬ ਦੇ ਮਲਬੇ ਵਿਚ ਬਚੇ ਸੰਭਾਵਤ ਲੋਕਾਂ ਦੀ ਭਾਲ ਕਰ ਰਹੇ ਹਨ।
ਉਨ੍ਹਾਂ ਕਿਹਾ, ‘‘ਅਸੀਂ ਮੰਨਦੇ ਹਾਂ ਕਿ ਉਨ੍ਹਾਂ ਵਿਚੋਂ ਬਹੁਤ ਸਾਰੇ ਅਜੇ ਵੀ ਜ਼ਿੰਦਾ ਹਨ ਅਤੇ ਇਸ ਲਈ ਇੱਥੋਂ ਦੇ ਅਧਿਕਾਰੀ ਉਦੋਂ ਤਕ ਹਾਰ ਨਹੀਂ ਮੰਨਣਗੇ ਜਦੋਂ ਤਕ ਇਕ ਵੀ ਵਿਅਕਤੀ ਮਲਬੇ ਹੇਠ ਨਹੀਂ ਰਹਿੰਦਾ।’’ ਪੀੜਤਾਂ ਵਿਚ ਉੱਤਰ-ਪਛਮੀ ਸੂਬੇ ਮੌਂਟੇਕ੍ਰਿਸਟੀ ਦੇ ਗਵਰਨਰ ਨੈਲਸੀ ਕਰੂਜ਼ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦਸਿਆ ਕਿ ਜ਼ਖਮੀਆਂ ’ਚ ਮੇਜਰ ਲੀਗ ਦੇ ਸਾਬਕਾ ਬੇਸਬਾਲ ਖਿਡਾਰੀ ਓਕਟਾਵੀਓ ਡੋਟੇਲ, ਵਿਧਾਇਕ ਬ੍ਰੇ ਵਰਗਾਸ ਅਤੇ ਮੇਰੇਂਗੂ ਗਾਇਕ ਰੂਬੀ ਪੇਰੇਜ਼ ਸ਼ਾਮਲ ਹਨ।
ਉਨ੍ਹਾਂ ਦੇ ਮੈਨੇਜਰ ਐਨਰਿਕ ਪੌਲੀਨੋ, ਜਿਸ ਦੀ ਕਮੀਜ਼ ਖੂਨ ਨਾਲ ਲਥਪਥ ਸੀ, ਨੇ ਮੌਕੇ ’ਤੇ ਪੱਤਰਕਾਰਾਂ ਨੂੰ ਦਸਿਆ ਕਿ ਸੰਗੀਤ ਸਮਾਰੋਹ ਅੱਧੀ ਰਾਤ ਤੋਂ ਥੋੜ੍ਹੀ ਦੇਰ ਪਹਿਲਾਂ ਸ਼ੁਰੂ ਹੋਇਆ ਅਤੇ ਲਗਭਗ ਇਕ ਘੰਟੇ ਬਾਅਦ ਛੱਤ ਢਹਿ ਗਈ, ਜਿਸ ਨਾਲ ਸਮੂਹ ਦੇ ਸੈਕਸੋਫੋਨਿਸਟ ਦੀ ਮੌਤ ਹੋ ਗਈ। ਉਨ੍ਹਾਂ ਕਿਹਾ, ‘‘ਇਹ ਬਹੁਤ ਜਲਦੀ ਹੋਇਆ। ਮੈਂ ਇਕ ਕੋਨੇ ’ਚ ਭੱਜਣ ’ਚ ਕਾਮਯਾਬ ਰਿਹਾ। ਸ਼ੁਰੂ ’ਚ ਮੈਂ ਸੋਚਿਆ ਕਿ ਇਹ ਭੂਚਾਲ ਸੀ।’’ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਛੱਤ ਡਿੱਗਣ ਦਾ ਕਾਰਨ ਕੀ ਹੈ।
ਮੈਨੂਅਲ ਓਲੀਵੋ ਓਰਟਿਜ਼, ਜਿਸ ਦਾ ਬੇਟਾ ਸੰਗੀਤ ਸਮਾਰੋਹ ਵਿਚ ਸ਼ਾਮਲ ਹੋਇਆ ਸੀ ਪਰ ਘਰ ਵਾਪਸ ਨਹੀਂ ਆਇਆ, ਉਨ੍ਹਾਂ ਲੋਕਾਂ ਵਿਚੋਂ ਇਕ ਸੀ ਜੋ ਸੋਮਵਾਰ ਨੂੰ ਆਯੋਜਿਤ ਅਪਣੀਆਂ ਰਵਾਇਤੀ ਪਾਰਟੀਆਂ ਲਈ ਜਾਣੇ ਜਾਂਦੇ ਕਲੱਬ ਦੇ ਬਾਹਰ ਬੇਸਬਰੀ ਨਾਲ ਉਡੀਕ ਕਰ ਰਹੇ ਸਨ, ਜਿੱਥੇ ਪ੍ਰਸਿੱਧ ਕੌਮੀ ਅਤੇ ਕੌਮਾਂਤਰੀ ਕਲਾਕਾਰ ਪ੍ਰਦਰਸ਼ਨ ਕਰਦੇ ਹਨ। ਓਲੀਵੋ ਨੇ ਕਿਹਾ, ‘‘ਹੁਣ ਸਾਡਾ ਸਿਰਫ਼ ਰੱਬ ’ਤੇ ਭਰੋਸਾ ਹੈ।’’
ਰਾਸ਼ਟਰਪਤੀ ਲੁਈਸ ਅਬੀਨਾਦਰ ਨੇ ‘ਐਕਸ’ ’ਤੇ ਲਿਖਿਆ ਕਿ ਸਾਰੀਆਂ ਬਚਾਅ ਏਜੰਸੀਆਂ ਪ੍ਰਭਾਵਤ ਲੋਕਾਂ ਦੀ ਮਦਦ ਲਈ ਅਣਥੱਕ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘‘ਜੈੱਟ ਸੈੱਟ ਨਾਈਟ ਕਲੱਬ ’ਚ ਵਾਪਰੀ ਦੁਖਾਂਤ ’ਤੇ ਸਾਨੂੰ ਡੂੰਘਾ ਅਫਸੋਸ ਹੈ। ਘਟਨਾ ਵਾਪਰਨ ਤੋਂ ਬਾਅਦ ਅਸੀਂ ਮਿੰਟ-ਦਰ-ਮਿੰਟ ਇਸ ’ਤੇ ਨਜ਼ਰ ਰੱਖ ਰਹੇ ਹਾਂ।’’ ਅਬੀਨਾਦਰ ਮੌਕੇ ’ਤੇ ਪਹੁੰਚੇ ਅਤੇ ਦੋਸਤਾਂ ਅਤੇ ਪਰਵਾਰ ਦੀ ਭਾਲ ਕਰ ਰਹੇ ਲੋਕਾਂ ਨੂੰ ਗਲੇ ਲਗਾਇਆ, ਕੁੱਝ ਦੇ ਚਿਹਰਿਆਂ ਤੋਂ ਹੰਝੂ ਵਹਿ ਰਹੇ ਸਨ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਨਹੀਂ ਕੀਤੀ।