
ਇਨ੍ਹਾਂ ਵਿਚ ਮਰਦਾਂ ਨਾਲੋਂ ਔਰਤਾਂ ਦੀ ਗਿਣਤੀ ਜ਼ਿਆਦਾ ਹੈ
ਕਾਬੁਲ : ਮਿਲੀ ਜਾਣਕਾਰੀ ਅਨੁਸਾਰ 2022 ਵਿਚ ਅਫਗਾਨਿਸਤਾਨ ਦੇ 9 ਸੂਬਿਆਂ ਵਿਚ 347 ਲੋਕਾਂ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਇਹ ਖ਼ੌਫ਼ਨਾਕ ਸੱਚ ਇਕ ਮੀਡੀਆ ਰਿਪੋਰਟ 'ਚ ਸਾਹਮਣੇ ਆਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਖ਼ੁਦਕੁਸ਼ੀਆਂ ਗਰੀਬੀ, ਪਰਿਵਾਰਕ ਕਲੇਸ਼, ਬੇਰੁਜ਼ਗਾਰੀ ਅਤੇ ਨਾਗਰਿਕ ਆਜ਼ਾਦੀਆਂ 'ਤੇ ਪਾਬੰਦੀਆਂ ਕਾਰਨ ਹੁੰਦੀਆਂ ਹਨ। ਇਨ੍ਹਾਂ ਵਿਚ ਮਰਦਾਂ ਨਾਲੋਂ ਔਰਤਾਂ ਦੀ ਗਿਣਤੀ ਜ਼ਿਆਦਾ ਹੈ।
ਅਫਗਾਨੀ ਮੀਡੀਆ ਮੁਤਾਬਕ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲਿਆਂ 'ਚੋਂ 60 ਲੋਕਾਂ ਦੀ ਜਾਨ ਚਲੀ ਗਈ। ਬਦਖ਼ਸ਼ਾਨ ਸੂਬਾ ਖ਼ੁਦਕੁਸ਼ੀਆਂ ਦੇ ਮਾਮਲੇ ਵਿਚ ਸਭ ਤੋਂ ਉਪਰ ਹੈ। ਇਸ ਸੂਬੇ ਵਿਚ 251 ਲੋਕਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।
ਬਦਖਸ਼ਾਨ ਪ੍ਰਾਂਤ ਦੇ ਇੱਕ ਹਸਪਤਾਲ ਦੇ ਮੁਖੀ ਨੇ ਕਿਹਾ ਕਿ ਅਸੀਂ ਪਿਛਲੇ ਸਾਲ 250 ਖੁਦਕੁਸ਼ੀ ਦੀਆਂ ਕੋਸ਼ਿਸ਼ਾਂ ਦਰਜ ਕੀਤੀਆਂ ਹਨ। ਜਿਨ੍ਹਾਂ ਵਿਚੋਂ 188 ਔਰਤਾਂ ਅਤੇ 62 ਪੁਰਸ਼ ਹਨ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਹਰ ਸਾਲ ਦੁਨੀਆਂ ਭਰ ਵਿਚ ਲਗਭਗ 80 ਲੱਖ ਲੋਕ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਦੇ ਹਨ।
ਇਸ ਦੌਰਾਨ ਅਫਗਾਨਿਸਤਾਨ ਸੁਤੰਤਰ ਮਨੁੱਖੀ ਅਧਿਕਾਰ ਕਮਿਸ਼ਨ (ਏਆਈਐਚਆਰਸੀ) ਨੇ ਤਾਲਿਬਾਨ ਅਦਾਲਤ ਦੇ ਅਪਰਾਧੀਆਂ ਨੂੰ ਪੱਥਰ ਮਾਰਨ, ਬਦਲਾ ਲੈਣ ਅਤੇ ਸ਼ਰੀਆ ਕਾਨੂੰਨ ਦੇ ਤਹਿਤ ਸਜ਼ਾ ਦੇਣ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ। ਕਮਿਸ਼ਨ ਨੇ ਅਪਰਾਧੀਆਂ ਨੂੰ ਸਜ਼ਾ ਦੇਣ ਦੇ ਇਸ ਤਰੀਕੇ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ ਹੈ।
ਕਮਿਸ਼ਨ ਨੇ ਕਿਹਾ ਹੈ ਕਿ ਤਾਲਿਬਾਨ ਅਦਾਲਤ ਦੇ ਇਸ ਫੈਸਲੇ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਸਮੂਹਿਕ ਅਪਰਾਧ ਵਜੋਂ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈਸੀਸੀ) ਵਿਚ ਦਰਜ ਕੀਤਾ ਜਾ ਸਕਦਾ ਹੈ।