
ਅਹੁਦੇ ਤੋਂ ਹਟਾ ਕੇ ਮਿਰਜ਼ਾ ਸਲਮਾਨ ਬੇਗ ਨੂੰ ਵਾਪਸ ਬੁਲਾਇਆ ਗਿਆ ਪਾਕਿਸਤਾਨ
ਨਵੀਂ ਦਿੱਲੀ: ਸਪੇਨ 'ਚ ਪਾਕਿਸਤਾਨੀ ਡਿਪਲੋਮੈਟ ਮਿਰਜ਼ਾ ਸਲਮਾਨ ਬੇਗ 'ਤੇ ਇਕ ਮਹਿਲਾ ਕਰਮਚਾਰੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਇਲਜ਼ਾਮ ਲੱਗਿਆ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ। ਇਲਜ਼ਾਮ ਲੱਗਣ ਤੋਂ ਬਾਅਦ ਮਿਰਜ਼ਾ ਸਲਮਾਨ ਬੇਗ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਦਰਅਸਲ, ਇਸ ਮਹੀਨੇ ਦੀ ਸ਼ੁਰੂਆਤ ਵਿਚ ਦੂਤਾਵਾਸ ਵਿਚ ਕੰਮ ਕਰਨ ਵਾਲੀ ਇੱਕ ਸਥਾਨਕ ਮਹਿਲਾ ਕਰਮਚਾਰੀ ਨੇ ਪਾਕਿਸਤਾਨੀ ਡਿਪਲੋਮੈਟ ਮਿਰਜ਼ਾ ਸਲਮਾਨ ਬੇਗ 'ਤੇ ਕੰਮ ਵਾਲੀ ਥਾਂ 'ਤੇ ਲਗਾਤਾਰ ਤਿੰਨ ਮਹੀਨੇ ਤੱਕ ਜਿਨਸੀ ਸ਼ੋਸ਼ਣ ਕਰਨ ਦਾ ਆਰੋਪ ਲਗਾਇਆ ਸੀ। ਇਸ ਤੋਂ ਬਾਅਦ ਸਪੇਨ ਵਲੋਂ ਇਸ ਮਾਮਲੇ ਵਿਚ ਪਾਕਿਸਤਾਨੀ ਦੂਤਾਵਾਸ ਤੋਂ ਜਵਾਬ ਮੰਗਿਆ ਗਿਆ ਸੀ।
ਪੀੜਤਾ ਨੇ ਸਥਾਨਕ ਅਦਾਲਤ 'ਚ ਜਿਨਸੀ ਸ਼ੋਸ਼ਣ ਦਾ ਆਰੋਪ ਲਗਾਉਂਦੇ ਹੋਏ ਅਪਰਾਧਿਕ ਮਾਮਲਾ ਵੀ ਦਾਇਰ ਕੀਤਾ ਸੀ। ਪੀੜਤਾ ਨੇ ਦੋਸ਼ ਲਾਇਆ ਸੀ ਕਿ ਮੁਲਜ਼ਮ ਮਿਰਜ਼ਾ ਸਲਮਾਨ ਬੇਗ ਨੇ ਸੋਸ਼ਲ ਮੀਡੀਆ ਰਾਹੀਂ ਉਸ ਦਾ ਸ਼ੋਸ਼ਣ ਵੀ ਕੀਤਾ। ਇਸ ਦੇ ਨਾਲ ਹੀ ਉਸ ਨੇ ਬਾਰਸੀਲੋਨਾ ਸ਼ਹਿਰ ਦੇ ਇੱਕ ਹੋਟਲ ਵਿਚ ਪੀੜਤਾ ਦਾ ਬਲਾਤਕਾਰ ਦੀ ਕੋਸ਼ਿਸ਼ ਵੀ ਕੀਤੀ।
ਘਟਨਾ ਤੋਂ ਬਾਅਦ ਮਹਿਲਾ ਨੇ ਇਸ ਮਾਮਲੇ 'ਚ ਪਾਕਿਸਤਾਨੀ ਰਾਜਦੂਤ ਸ਼ੁਜਾਤ ਰਾਠੌੜ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਮਾਮਲੇ ਨੂੰ ਅਗਲੇਰੀ ਜਾਂਚ ਲਈ ਵਿਦੇਸ਼ ਮੰਤਰਾਲੇ ਨੂੰ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਦੋ ਮੈਂਬਰਾਂ ਦੀ ਟੀਮ ਬਾਰਸੀਲੋਨਾ ਅਤੇ ਮੈਡਰਿਡ ਨੂੰ ਜਾਂਚ ਲਈ ਭੇਜੀ ਗਈ ਸੀ।
ਜਾਂਚ ਤੋਂ ਬਾਅਦ ਵਿਦੇਸ਼ ਮੰਤਰਾਲੇ ਦੀ ਟੀਮ ਨੇ ਵਿਭਾਗ ਨੂੰ ਰਿਪੋਰਟ ਸੌਂਪੀ ਅਤੇ ਉਸ ਦੇ ਆਧਾਰ 'ਤੇ ਮਿਰਜ਼ਾ ਸਲਮਾਨ ਬੇਗ 'ਤੇ ਕਾਰਵਾਈ ਹੋਈ, ਅਤੇ ਉਸ ਨੂੰ ਅਹੁਦੇ ਤੋਂ ਹਟਾ ਕੇ ਵਾਪਸ ਇਸਲਾਮਾਬਾਦ ਬੁਲਾ ਲਿਆ ਗਿਆ।