
ਟਰੰਪ ਨੇ ਵੀਡੀਓ ਸੰਦੇਸ਼ ਜ਼ਰੀਏ ਕੋਰੋਨਾ ਮਹਾਂਮਾਰੀ ਲਈ ਚੀਨ ਨੂੰ ਦੋਸ਼ੀ ਠਹਿਰਾਇਆ
ਵਾਸ਼ਿੰਗਟਨ: ਕੋਰੋਨਾ ਵਾਇਰਸ ਨਾਲ ਪੀੜਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਹੌਲੀ-ਹੌਲੀ ਠੀਕ ਹੋ ਰਹੇ ਹਨ। ਇਸ ਦੌਰਾਨ ਦੇਸ਼ ਦੇ ਨਾਂਅ ਇਕ ਵੀਡੀਓ ਸੰਦੇਸ਼ ਦੌਰਾਨ ਉਹਨਾਂ ਨੇ ਕੋਰੋਨਾ ਮਹਾਂਮਾਰੀ ਲਈ ਚੀਨ ਨੂੰ ਦੋਸ਼ੀ ਠਹਿਰਾਇਆ ਹੈ। ਉਹਨਾਂ ਕਿਹਾ ਕਿ ਚੀਨ ਨੇ ਜੋ ਦੁਨੀਆਂ ਨਾਲ ਕੀਤਾ ਹੈ, ਉਸ ਦੇ ਲਈ ਉਸ ਨੂੰ ਵੱਡੀ ਕੀਮਤ ਦੇਣੀ ਹੋਵੇਗੀ।
Donald Trump
ਡੋਨਾਲਡ ਟਰੰਪ ਨੇ ਟਵਿਟਰ 'ਤੇ ਇਕ ਵੀਡੀਓ ਸੰਦੇਸ਼ ਜ਼ਰੀਏ ਕਿਹਾ ਕਿ, 'ਮੈਨੂੰ ਜੋ ਇਲਾਜ ਮਿਲਿਆ ਹੈ। ਉਹ ਇਲਾਜ ਮੈਂ ਤੁਹਾਡੇ ਲਈ ਉਪਲਬਧ ਕਰਵਾਉਣਾ ਚਾਹੁੰਦਾ ਹਾਂ ਅਤੇ ਮੈਂ ਇਸ ਨੂੰ ਮੁਫ਼ਤ ਕਰਨ ਜਾ ਰਿਹਾ ਹਾਂ। ਤੁਹਾਡੇ ਲਈ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ। ਜੋ ਹੋਇਆ, ਇਸ ਵਿਚ ਤੁਹਾਡੀ ਕੋਈ ਗਲਤੀ ਨਹੀਂ ਹੈ। ਇਹ ਚੀਨ ਦੀ ਗਲਤੀ ਹੈ। ਇਸ ਦੇਸ਼ ਅਤੇ ਦੁਨੀਆਂ ਨਾਲ ਚੀਨ ਨੇ ਜੋ ਕੀਤਾ ਹੈ, ਉਹ ਉਸ ਦੀ ਇਕ ਵੱਡੀ ਕੀਮਤ ਦੇਣ ਜਾ ਰਿਹਾ ਹੈ'।
Xi Jinping and Donald Trump
ਡੋਨਾਲਡ ਟਰੰਪ ਨੇ ਕਿਹਾ ਕਿ ਉਹਨਾਂ ਲਈ ਕੋਰੋਨਾ ਵਾਇਰਸ ਦੀ ਲਾਗ ਇਕ ਤਰ੍ਹਾਂ ਈਸ਼ਵਰ ਦਾ ਆਸ਼ਿਰਵਾਦ ਸੀ ਕਿਉਂਕਿ ਉਹਨਾਂ ਨੇ ਬਿਮਾਰੀ ਦੇ ਇਲਾਜ ਲਈ ਸੰਭਾਵਿਤ ਦਵਾਈਆਂ ਬਾਰੇ ਜਾਣਕਾਰੀ ਦਿੱਤੀ। ਸੋਮਵਾਰ ਨੂੰ ਹਸਪਤਾਲ ਤੋਂ ਵਾਪਸ ਆਉਣ ਤੋਂ ਬਾਅਦ ਪਹਿਲੀ ਵਾਰ ਟਰੰਪ ਨੇ ਵੀਡੀਓ ਸੰਦੇਸ਼ ਜਾਰੀ ਕੀਤਾ।
Donald Trump- Melania Trump
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਅਤੇ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਸੀ। ਇਸ ਤੋਂ ਬਾਅਦ ਉਹਨਾਂ ਨੂੰ ਆਰਮੀ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ। ਚਾਰ ਦਿਨ ਹਸਪਤਾਲ ਵਿਚ ਰਹਿਣ ਤੋਂ ਬਾਅਦ ਉਹ ਵ੍ਹਾਈਟ ਹਾਊਸ ਵਾਪਸ ਪਰਤ ਆਏ।