
Pakistan News: ਭਗਤ ਸਿੰਘ ਮੈਮੋਰੀਅਲ ਫ਼ਾਊਂਡੇਸ਼ਨ ਦੇ ਚੇਅਰਮੈਨ ਨੇ ਨੋਟਿਸ ਭੇਜ ਕੇ ਮੁਆਫ਼ੀ ਦੀ ਵੀ ਕੀਤੀ ਮੰਗ
Pakistan News: : ਲਾਹੌਰ ਸਥਿਤ ਇਕ ਗ਼ੈਰ-ਲਾਭਕਾਰੀ ਸੰਸਥਾ ਦੇ ਪ੍ਰਧਾਨ ਨੇ ਬੁਧਵਾਰ ਨੂੰ ਪਾਕਿਸਤਾਨ ਦੇ ਇਕ ਸੇਵਾਮੁਕਤ ਫ਼ੌਜੀ ਅਧਿਕਾਰੀ ਨੂੰ ਮਹਾਨ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ‘ਅਪਰਾਧੀ’ ਕਰਾਰ ਦੇਣ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ। ਉਨ੍ਹਾਂ ਨੇ ਅਧਿਕਾਰੀ ਨੂੰ ਕਾਨੂੰਨੀ ਨੋਟਿਸ ਭੇਜ ਕੇ 50 ਕਰੋੜ ਰੁਪਏ ਦੇ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ। ਇਹ ਕਾਨੂੰਨੀ ਨੋਟਿਸ ਲਾਹੌਰ ਮੈਟਰੋਪੋਲੀਟਨ ਕਾਰਪੋਰੇਸ਼ਨ ਦੇ ਚੀਫ਼ ਪਬਲਿਕ ਰਿਲੇਸ਼ਨ ਅਫ਼ਸਰ ਅਤੇ ਪਾਕਿਸਤਾਨ ਆਰਮਡ ਫ਼ੋਰਸਿਜ਼ ਦੇ ਸੇਵਾਮੁਕਤ ਅਧਿਕਾਰੀ ਤਾਰਿਕ ਮਜੀਦ ਨੂੰ ਐਡਵੋਕੇਟ ਖ਼ਾਲਿਦ ਜਾਮਾ ਖ਼ਾਨ ਰਾਹੀਂ ਭੇਜਿਆ ਗਿਆ ਹੈ।
ਮਜੀਦ ਨੇ ਭਗਤ ਸਿੰਘ ਮੈਮੋਰੀਅਲ ਫ਼ਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ ’ਤੇ ਵਿਦੇਸ਼ੀ ਫ਼ੰਡ ਲੈਣ ਦਾ ਦੋਸ਼ ਲਗਾਇਆ ਹੈ ਅਤੇ ਮਹਾਨ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ‘ਅਪਰਾਧੀ’ ਕਿਹਾ ਹੈ। ਨੋਟਿਸ ਵਿਚ ਕਿਹਾ ਗਿਆ ਹੈ, ‘‘ਮੇਰਾ ਮੁਵੱਕਿਲ (ਇਮਤਿਆਜ਼ ਰਸ਼ੀਦ ਕੁਰੈਸ਼ੀ) ਇਕ ਦੇਸ਼ਭਗਤ ਹੈ ਅਤੇ ਦੇਸ਼ ਅਤੇ ਇਸਲਾਮ ਪ੍ਰਤੀ ਇਮਾਨਦਾਰ ਹੈ... ਅਤੇ ਅਪਣੀ ਸਮਰੱਥਾ ਅਨੁਸਾਰ ਜੀਵਨ ਬਤੀਤ ਕਰ ਰਿਹਾ ਹੈ ਅਤੇ ਉਸਨੇ ਪਾਕਿਸਤਾਨ ਜਾਂ ਵਿਦੇਸ਼ ਵਿਚ ਕਿਸੇ ਵਿਅਕਤੀ ਜਾਂ ਸਮੂਹ ਤੋਂ ਇਕ ਵੀ ਪੈਸਾ ਨਹੀਂ ਲਿਆ ਗਿਆ ਹੈ।’’
ਨੋਟਿਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਮੁਵੱਕਿਲ (ਕੁਰੈਸ਼ੀ) ਦਾ ਉਦੇਸ਼ ਆਮ ਆਦਮੀ ਦੀ ਬਿਹਤਰੀ ਲਈ ਲੜਨਾ ਅਤੇ ਪਾਕਿਸਤਾਨ ਅਤੇ ਭਾਰਤ ਨੂੰ ਨੇੜੇ ਲਿਆਉਣਾ ਹੈ ਤਾਂ ਜੋ ਆਮ ਲੋਕਾਂ ਨੂੰ ਫ਼ਾਇਦਾ ਹੋ ਸਕੇ।
ਨੋਟਿਸ ਵਿਚ ਭਗਤ ਸਿੰਘ ਬਾਰੇ ਲਿਖਿਆ ਗਿਆ ਹੈ: ‘ਰਾਸ਼ਟਰ ਪਿਤਾ ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾਹ ਨੇ 12.09.1929 ਨੂੰ ਕੇਂਦਰੀ ਅਸੈਂਬਲੀ, ਦਿੱਲੀ ਵਿਚ ਭਗਤ ਸਿੰਘ ਦੀ ਤਾਰੀਫ਼ ਕੀਤੀ ਸੀ...’’ ਕੁਰੈਸ਼ੀ ਨੇ ਕਿਹਾ ਕਿ ਮਜੀਦ ਨੇ ਨਵੰਬਰ ਵਿਚ ਲਾਹੌਰ ਹਾਈ ਕੋਰਟ ਵਿਚ ਪੇਸ਼ ਕੀਤੀ ਅਪਣੀ ਰਿਪੋਰਟ ਵਿਚ ‘ਬਹੁਤ ਹੀ ਅਸ਼ਲੀਲ ਅਤੇ ਅਪਮਾਨਜਨਕ ਭਾਸ਼ਾ’ ਦੀ ਵਰਤੋਂ ਕੀਤੀ ਸੀ।
ਨਵੰਬਰ ’ਚ ਜ਼ਿਲ੍ਹਾ ਪ੍ਰਸ਼ਾਸਨ ਨੇ ਲਾਹੌਰ ਹਾਈ ਕੋਰਟ ਨੂੰ ਦਸਿਆ ਕਿ ਕਮੋਡੋਰ (ਸੇਵਾਮੁਕਤ) ਮਜੀਦ ਦੁਆਰਾ ਪੇਸ਼ ਕੀਤੀ ਗਈ ਰਿਪੋਰਟ ’ਚ ਉਸ ਨੇ ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਰੱਖਣ ਦੀ ਯੋਜਨਾ ਨੂੰ ਰੱਦ ਕਰ ਦਿਤਾ ਸੀ, ਜਿੱਥੇ ਉਨ੍ਹਾਂ ਨੂੰ ਲਗਭਗ 94 ਸਾਲ ਪਹਿਲਾਂ ਫਾਂਸੀ ਦਿਤੀ ਗਈ ਸੀ।
ਅਪਣੀ ਰਿਪੋਰਟ ਵਿਚ, ਮਜੀਦ ਨੇ ਦਾਅਵਾ ਕੀਤਾ ਕਿ ਸਿੰਘ ‘ਇਕ ਕ੍ਰਾਂਤੀਕਾਰੀ ਨਹੀਂ ਬਲਕਿ ਇਕ ਅਪਰਾਧੀ ਸੀ। ਅੱਜ ਦੀ ਭਾਸ਼ਾ ਵਿਚ, ਉਹ ਇਕ ਅਤਿਵਾਦੀ ਸੀ ਜਿਸਨੇ ਇਕ ਬ੍ਰਿਟਿਸ਼ ਪੁਲਿਸ ਅਫ਼ਸਰ ਦਾ ਕਤਲ ਕੀਤਾ ਸੀ ਅਤੇ ਇਸ ਅਪਰਾਧ ਲਈ ਉਸਨੂੰ ਦੋ ਸਾਥੀਆਂ ਸਮੇਤ ਫਾਂਸੀ ਦਿਤੀ ਗਈ ਸੀ। ਮਜੀਦ ਨੇ ਕੁਰੈਸ਼ੀ ’ਤੇ ਵਿਦੇਸ਼ੀ ਪੈਸਾ ਲੈਣ ਦਾ ਵੀ ਦੋਸ਼ ਲਗਾਇਆ ਸੀ।