‘ਬਾਕੀ ਸਾਰੇ ਦੇਸ਼ ਸਮਝੌਤੇ ਕਰਦੇ ਰਹੇ ਅਤੇ ਭਾਰਤ ਇਸ ਦੌੜ ’ਚ ਪਿੱਛੇ ਰਹਿ ਗਿਆ’
ਨਿਊਯਾਰਕ: ਅਮਰੀਕਾ ਦੇ ਵਣਜ ਮੰਤਰੀ ਹਾਵਰਡ ਲੁਟਨਿਕ ਨੇ ਕਿਹਾ ਕਿ ਭਾਰਤ ਨਾਲ ਵਪਾਰ ਸਮਝੌਤਾ ਇਸ ਲਈ ਨਹੀਂ ਹੋ ਸਕਿਆ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫ਼ੋਨ ਨਹੀਂ ਕੀਤਾ।
ਲੁਟਨਿਕ ਨੇ ਵੀਰਵਾਰ ਨੂੰ ‘ਆਲ-ਇਨ ਪੌਡਕਾਸਟ’ ’ਚ ਇਸ ਬਾਰੇ ਵਿਸਤਾਰ ਨਾਲ ਗੱਲ ਕੀਤੀ ਕਿ ਅਖ਼ੀਰ ਭਾਰਤ-ਅਮਰੀਕਾ ਵਪਾਰ ਸਮਝੌਤਾ ਅਜੇ ਤਕ ਕਿਉਂ ਨਹੀਂ ਹੋ ਸਕਿਆ ਹੈ? ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਭਾਰਤ ਬਾਰੇ ਇਕ ਕਿੱਸਾ ਸੁਣਾਉਂਦਾ ਹਾਂ। ਮੈਂ ਬਰਤਾਨੀਆਂ ਨਾਲ ਪਹਿਲਾ ਸਮਝੌਤਾ ਕੀਤਾ ਅਤੇ ਅਸੀਂ ਬਰਤਾਨੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਆਉਣ ਵਾਲੇ ਦੋ ਸ਼ੁਕਰਵਾਰ ਤਕ ਇਸ ਨੂੰ ਪੂਰਾ ਕਰਨਾ ਹੋਵੇਗਾ। ਯਾਨੀਕਿ, ਰੇਲਗੱਡੀ ਅਗਲੇ ਦੋ ਸ਼ੁਕਰਵਾਰ ਬਾਅਦ ਸਟੇਸ਼ਨ ਤੋਂ ਨਿਕਲ ਜਾਵੇਗੀ ਕਿਉਂਕਿ ਕਈ ਹੋਰ ਦੇਸ਼ਾਂ ਨਾਲ ਵੀ ਸਮਝੌਤੇ ਹੋ ਰਹੇ ਹਨ। ਤੁਸੀਂ ਜਾਣਦੇ ਹੋ ਜੋ ਪਹਿਲਾਂ ਆਉਂਦਾ ਹੈ ਉਹ ਪਹਿਲਾਂ ਪਾਉਂਦਾ ਹੈ। ਰਾਸ਼ਟਰਪਤੀ ਟਰੰਪ ਸਮਝੌਤੇ ਪੜਾਅਵਾਰ ਤਰੀਕੇ ਨਾਲ ਕਰਦੇ ਹਨ।’’
ਉਨ੍ਹਾਂ ਕਿਹਾ, ‘‘ਜੋ (ਦੇਸ਼) ਪਹਿਲੇ ਪੜਾਅ (ਪਹਿਲੀ ਪੌੜੀ) ਦਾ ਸੌਦਾ ਕਰਦਾ ਹੈ, ਉਸ ਨੂੰ ਬਿਹਤਰੀਨ ਸ਼ਰਤਾਂ ਮਿਲਦੀਆਂ ਹਨ।’’ ਲੁਟਨਿਕ ਨੇ ਕਿਹਾ ਕਿ ਟਰੰਪ ਇਸ ਤਰ੍ਹਾਂ ਨਾਲ ਕੰਮ ਕਰਦੇ ਹਨ ‘ਕਿਉਂਕਿ ਇਸ ਤਰ੍ਹਾਂ ਨਾਲ ਤੁਹਾਨੂੰ ਗੱਲਬਾਤ ਨਾਲ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਹੈ।’
ਉਨ੍ਹਾਂ ਕਿਹਾ ਕਿ ਬਰਤਾਨੀਆਂ ਨਾਲ ਹੋਏ ਸਮਝੌਤੇ ਤੋਂ ਬਾਅਦ, ਹਰ ਕਿਸੇ ਨੇ ਟਰੰਪ ਤੋਂ ਪੁਛਿਆ ਕਿ ਅਗਲਾ ਦੇਸ਼ ਕਿਹੜਾ ਹੋਵੇਗਾ ਅਤੇ ਰਾਸ਼ਟਰਪਤੀ ਨੇ ਕਈ ਦੇਸ਼ਾਂ ਬਾਰੇ ਗੱਲ ਕੀਤੀ, ‘ਪਰ ਉਨ੍ਹਾਂ ਨੇ ਜਨਤਕ ਰੂਪ ’ਚ ਕਈ ਵਾਰੀ ਭਾਰਤ ਦਾ ਨਾਂ ਲਿਆ।’ ਲੁਟਨਿਕ ਨੇ ਕਿਹਾ, ‘‘ਅਸੀਂ ਭਾਰਤ ਨਾਲ ਗੱਲ ਕਰ ਰਹੇ ਸੀ ਅਤੇ ਅਸੀਂ ਭਾਰਤ ਨੂੰ ਕਿਹਾ, ‘ਤੁਹਾਡੇ ਕੋਲ ਤਿੰਨ ਸ਼ੁਕਰਵਾਰ ਹਨ।’ ਉਨ੍ਹਾਂ ਨੂੰ ਇਹ ਕੰਮ ਪੂਰਾ ਕਰਨਾ ਹੀ ਹੋਵੇਗਾ।’’
ਅਮਰੀਕਾ ਦੇ ਵਣਜ ਮੰਤਰੀ ਨੇ ਕਿਹਾ ਕਿ ਹਾਲਾਂਕਿ ਉਹ ਦੇਸ਼ਾਂ ਨਾਲ ਸਮਝੌਤਿਆਂ ਉਤੇ ਗੱਲਬਾਤ ਕਰਨਗੇ ਅਤੇ ਪੂਰਾ ਸੌਦਾ ਤੈਅ ਕਰਨਗੇ, ‘‘ਪਰ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਇਹ ਉਨ੍ਹਾਂ (ਟਰੰਪ) ਦਾ ਸਮਝੌਤਾ ਹੈ। ਉਹੀ ਆਖ਼ਰੀ ਫ਼ੈਸਲਾ ਲੈਂਦੇ ਹਨ। ਉਹ ਸਮਝੌਤਾ ਕਰਦੇ ਹਨ। ਇਸ ਲਈ ਮੈਂ ਕਿਹਾ, ‘ਤੁਹਾਨੂੰ ਮੋਦੀ ਨੂੰ ਸ਼ਾਮਲ ਕਰਨਾ ਹੋਵੇਗਾ, ਸਾਰਾ ਕੁਝ ਤੈਅ ਹੈ, ਤੁਹਾਨੂੰ ਮੋਦੀ ਤੋਂ ਰਾਸ਼ਟਰਪਤੀ ਨੂੰ ਫ਼ੋਨ ਕਰਵਾਉਣਾ ਹੋਵੇਗਾ।’ ਭਾਰਤ ਨੂੰ ਅਜਿਹਾ ਕਰਨ ’ਚ ਅਸਹਿਜਤਾ ਮਹਿਸੂਸ ਹੋਈ, ਇਸ ਲਈ ਮੋਦੀ ਨੇ ਫ਼ੋਨ ਨਹੀਂ ਕੀਤਾ।’’
ਲੁਟਨਿਕ ਨੇ ਕਿਹਾ, ‘‘ਉਸ ਸ਼ੁਕਰਵਾਰ ਤੋਂ ਬਾਅਦ ਅਮਰੀਕਾ ਨੇ ਇੰਡੋਨੇਸ਼ੀਆ, ਫ਼ਿਲੀਪੀਨਜ਼ ਅਤੇ ਵੀਅਤਨਾਮ ਨਾਲ ਵਪਾਰ ਸਮਝੌਤਿਆਂ ਦਾ ਐਲਾਨ ਕੀਤਾ। ਅਮਰੀਕਾ ਹੋਰ ਦੇਸ਼ਾਂ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਇਹ ਮੰਨਿਆ ਜਾ ਰਿਹਾ ਸੀ ਕਿ ਭਾਰਤ ਉਨ੍ਹਾਂ ਤੋਂ ਪਹਿਲਾਂ ਗੱਲਬਾਤ ਪੂਰੀ ਕਰ ਲਵੇਗਾ।’’ ਉਨ੍ਹਾਂ ਅੱਗੇ ਕਿਹਾ, ‘‘ਮੈਂ ਉਨ੍ਹਾਂ ਨਾਲ ਉੱਚੀ ਦਰ ਉਤੇ ਗੱਲਬਾਤ ਕੀਤੀ ਸੀ। ਤਾਂ ਹੁਣ ਸਮੱਸਿਆ ਇਹ ਹੈ ਕਿ ਸਮਝੌਤੇ ਉੱਚੀਆਂ ਦਰਾਂ ਉਤੇ ਹੋਏ। ਫਿਰ ਭਾਰਤ ਨੇ ਫ਼ੋਨ ਕੀਤਾ ਅਤੇ ਕਿਹਾ, ‘ਠੀਕ ਹੈ ਅਸੀਂ ਤਿਆਰ ਹਾਂ।’ ਮੈਂ ਕਿਹਾ, ‘ਤਿੰਨ ਹਫ਼ਤੇ ਬਾਅਦ, ਕਿਸ ਗੱਲ ਲਈ ਤਿਆਰ ਹੋ? ਤੁਸੀਂ ਉਸ ਰੇਲਗੱਡੀ ਨੂੰ ਫੜਨ ਲਈ ਤਿਆਰ ਹੋ ਜੋ ਤਿੰਨ ਹਫ਼ਤੇ ਪਹਿਲਾਂ ਸਟੇਸ਼ਨ ਤੋਂ ਨਿਕਲ ਚੁਕੀ ਹੈ?’’
ਉਨ੍ਹਾਂ ਕਿਹਾ ਕਿ ਇਸ ਲਈ ਬਾਕੀ ਸਾਰੇ ਦੇਸ਼ ਸਮਝੌਤੇ ਕਰਦੇ ਰਹੇ ਅਤੇ ਭਾਰਤ ਇਸ ਦੌੜ ’ਚ ਪਿੱਛੇ ਰਹਿ ਗਿਆ। ਲੁਟਨਿਕ ਨੇ ਕਿਹਾ ਬਿਆਨ ਉਸ ਸਮੇਂ ਦਿਤਾ ਹੈ ਜਦੋਂ ਹਾਲ ਹੀ ’ਚ ਟਰੰਪ ਨੇ ਕਿਹਾ ਸੀ ਕਿ ‘ਮੋਦੀ ਜਾਣਦੇ ਸਨ ਕਿ ਉਹ ਭਾਰਤ ਦੇ ਰੂਸੀ ਤੇਲ ਖ਼ਰੀਦਣ ਤੋਂ ਨਾਖੁਸ਼ ਹਨ ਅਤੇ ਅਮਰੀਕਾ ਕਦੇ ਵੀ ਭਾਰਤ ਉਤੇ ਟੈਰਿਫ਼ ਵਧਾ ਸਕਦਾ ਹੈ।’
ਅਮਰੀਕੀ ਰਾਸ਼ਟਰਪਤੀ ਨੇ ਇਹ ਬਿਆਨ ਦੋਹਾਂ ਦੇਸ਼ਾਂ ਵਿਚਕਾਰ ਦੁਵੱਲੇ ਵਪਾਰ ਸਮਝੌਤੇ ਉਤੇ ਗੱਲਬਾਤ ਦੌਰਾਨ ਦਿਤਾ। ਵਪਾਰ ਸਮਝੌਤੇ ਉਤੇ ਹੁਣ ਤਕ ਛੇ ਦੌਰ ਦੀ ਗੱਲ ਹੋ ਚੁਕੀ ਹੈ। ਇਸ ਸਮਝੌਤੇ ’ਚ ਅਮਰੀਕਾ ਦੇ ਦਾਖ਼ਲ ਹੋਣ ਨਾਲ ਭਾਰਤੀ ਸਮਾਨਾਂ ਉਤੇ ਲੱਗਣ ਵਾਲੇ 50 ਫ਼ੀ ਸਦੀ ਟੈਰਿਫ਼ ਦੇ ਹੱਲ ਲਈ ਇਕ ਢਾਂਚਾਗਤ ਸਮਝੌਤਾ ਸ਼ਾਮਲ ਹੈ।
