13 ਲੋਕਾਂ ਨੂੰ ਜਿਊਂਦਾ ਬਾਹਰ ਕਢਿਆ ਹੈ
ਮਨੀਲਾ : ਫ਼ਿਲੀਪੀਨਜ਼ ’ਚ ਕੂੜੇ ਦਾ ਵਿਸ਼ਾਲ ਢੇਰ ਢਹਿਣ ਨਾਲ ਉਥੇ ਕੰਮ ਕਰ ਰਹੇ ਮਜ਼ਦੂਰ ਦੱਬ ਗਏ, ਜਿਸ ਨਾਲ ਇਕ ਔਰਤ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। 38 ਜਣੇ ਅਜੇ ਵੀ ਲਾਪਤਾ ਹਨ।
ਪੁਲਿਸ ਅਨੁਸਾਰ, ਸੇਬੂ ਸ਼ਹਿਰ ਦੇ ਬਿਨਾਲਿਵ ਪਿੰਡ ’ਚ ਸਥਿਤ ਲੈਂਡਫ਼ਿਲ (ਕੂੜੇ ਦਾ ਢੇਰ) ਵਾਲੀ ਥਾਂ ਉਤੇ ਕੂੜੇ ਅਤੇ ਮਲਬੇ ਦਾ ਇਕ ਬਹੁਤ ਵੱਡਾ ਹਿੱਸਾ ਵੀਰਵਾਰ ਦੁਪਹਿਰ ਅਚਾਨਕ ਢਹਿ ਗਿਆ, ਜਿਸ ਨਾਲ ਉਥੇ ਮੌਜੂਦ ਲੋਕ ਉਸ ਦੀ ਮਾਰ ਹੇਠ ਆ ਗਏ। ਰਾਹਤ ਮੁਲਾਜ਼ਮਾਂ ਨੇ ਹੁਣ ਤਕ 13 ਲੋਕਾਂ ਨੂੰ ਜਿਊਂਦਾ ਬਾਹਰ ਕਢਿਆ ਹੈ ਅਤੇ ਅਜੇ ਵੀ ਮਲਬੇ ਹੇਠਾਂ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।
ਖੇਤਰੀ ਪੁਲਿਸ ਡਾਇਰੈਕਟਰ ਬ੍ਰਿਗੇਡੀਅਰ ਜਨਰਲ ਰੋਡਰਿਕ ਮੈਰਾਨਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਬਚਾਇਆ ਗਿਆ, ਉਨ੍ਹਾਂ ’ਚ ਮਹਿਲਾ ਲੈਂਡਫ਼ਿਲ ਮੁਲਾਜ਼ਮ ਵੀ ਸੀ, ਜਿਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਬਾਕੀ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ। ਸੇਬੂ ਸਿਟੀ ਦੇ ਮੇਅਰ ਨੈਸਟਰ ਆਰਕਾਈਵਲ ਅਤੇ ਨਾਗਰਿਕ ਸੁਰੱਖਿਆ ਦਫ਼ਤਰ ਨੇ ਦਸਿਆ ਕਿ 38 ਲਾਪਤਾ ਲੋਕਾਂ ਲਈ ਖੋਜ ਅਤੇ ਬਚਾਅ ਮੁਹਿੰਮ ਅਜੇ ਜਾਰੀ ਹੈ।
ਅਧਿਕਾਰੀਆਂ ਵਲੋਂ ਜਾਰੀ ਕੀਤੀਆਂ ਤਸਵੀਰਾਂ ’ਚ ਬਚਾਅ ਮੁਲਾਜ਼ਮ ਕੂੜੇ ਦੇ ਢੇਰ ਧਸਣ ਕਾਰਨ ਤਬਾਹ ਹੋਈ ਇਕ ਇਮਾਰਤ ਦੀ ਤਲਾਸ਼ੀ ਲੈਂਦੇ ਦਿਸ ਰਹੇ ਹਨ। ਮੈਰਾਨਨ ਨੇ ਕਿਹਾ ਕਿ ਲੈਂਡਫ਼ਿਲ ’ਚ ਕੂੜੇ ਦੀ ਕੰਧ ਡਿੱਗਣ ਨਾਲ ਪ੍ਰਭਾਵਤ ਇਮਾਰਤਾਂ ’ਚੋਂ ਇਕ ਗੋਦਾਮ ਸੀ ਜਿਥੇ ਮੁਲਾਜ਼ਮਾਂ ਪੁਨਰਚੱਕਰਣਯੋਗ ਕੂੜੇ ਅਤੇ ਕੂੜੇ ਨੂੰ ਵੱਖ ਕਰਦੇ ਸਨ। ਉਨ੍ਹਾਂ ਕਿਹਾ ਕਿ ਇਹ ਅਜੇ ਵੀ ਸਪੱਸ਼ਟ ਨਹੀਂ ਹੈ ਕਿ ਨੇੜਲੇ ਮਕਾਨ ਵੀ ਪ੍ਰਭਾਵਤ ਹੋਏ ਹਨ ਜਾਂ ਨਹੀਂ। (ਪੀਟੀਆਈ)
