
ਤਾਲਿਬਾਨ ਨੇ ਅਫਗਾਨਿਸਤਾਨ ਦੀ ਸੰਸਦ ’ਚ ਸਿੱਖਾਂ ਤੇ ਹਿੰਦੂਆਂ ਦੇ ਸਾਬਕਾ ਨੁਮਾਇੰਦੇ ਦੀ ਵਾਪਸੀ ਦਾ ਕੀਤਾ ਐਲਾਨ
ਕਾਬੁਲ: ਸਾਬਕਾ ਅਫਗਾਨ ਅਧਿਕਾਰੀਆਂ ਦੀ ਵਾਪਸੀ ਅਤੇ ਉਨ੍ਹਾਂ ਨਾਲ ਸੰਚਾਰ ਬਾਰੇ ਤਾਲਿਬਾਨ ਦੇ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਸਾਬਕਾ ਅਫਗਾਨ ਸੰਸਦ ਵਿਚ ਹਿੰਦੂਆਂ ਅਤੇ ਸਿੱਖਾਂ ਦੇ ਨੁਮਾਇੰਦੇ ਨਰਿੰਦਰ ਸਿੰਘ ਖਾਲਸਾ ਕੈਨੇਡਾ ਤੋਂ ਦੇਸ਼ ਵਾਪਸ ਆ ਗਏ ਹਨ। ਅਫਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ’ਤੇ ਕਬਜ਼ਾ ਕਰਨ ਅਤੇ ਲਗਾਤਾਰ ਹਮਲਿਆਂ ਕਾਰਨ ਜ਼ਿਆਦਾਤਰ ਹਿੰਦੂ ਅਤੇ ਸਿੱਖ ਨਾਗਰਿਕ ਦੇਸ਼ ਛੱਡ ਕੇ ਭੱਜ ਗਏ ਸਨ। ਅਗੱਸਤ 2021 ’ਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਗੁਰਦੁਆਰਿਆਂ ’ਚ ਕਈ ਧਮਾਕੇ ਹੋਏ ਸਨ। ਖ਼ਾਲਸਾ ਨੇ ਅਪਣੀ ਵਾਪਸੀ ਮੌਕੇ ਕੋਈ ਟਿਪਣੀ ਨਹੀਂ ਕੀਤੀ ਹੈ।
ਨਰਿੰਦਰ ਸਿੰਘ ਸਾਬਕਾ ਅਫਗਾਨ ਸੰਸਦ ਵਿਚ ਹਿੰਦੂਆਂ ਅਤੇ ਸਿੱਖਾਂ ਦੇ ਇਕਲੌਤੇ ਨੁਮਾਇੰਦੇ ਸਨ। ਨੰਗਰਹਾਰ ’ਚ ਇਕ ਆਤਮਘਾਤੀ ਹਮਲੇ ’ਚ ਅਪਣੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਸਿਆਸਤ ’ਚ ਕਦਮ ਰਿਖਆ ਸੀ। ਤਾਲਿਬਾਨ ਦੇ ਕਾਬੁਲ ’ਚ ਦਾਖਲ ਹੋਣ ਦੇ ਪੰਜ ਮਹੀਨੇ ਬਾਅਦ, ਨਰਿੰਦਰ ਸਿੰਘ ਨੇ ਕੁੱਝ ਹਿੰਦੂਆਂ ਅਤੇ ਸਿੱਖਾਂ ਦੇ ਨਾਲ ਕਾਬੁਲ ’ਚ ਸਿਆਸੀ ਮਾਮਲਿਆਂ ਲਈ ਤਾਲਿਬਾਨ ਦੇ ਉਪ ਪ੍ਰਧਾਨ ਮੰਤਰੀ ਨਾਲ ਮੀਟਿੰਗ ਕੀਤੀ ਸੀ।
ਅਕਤੂਬਰ 2021 ’ਚ, ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਸੀ ਕਿ ਹਥਿਆਰਬੰਦ ਵਿਅਕਤੀਆਂ ਦਾ ਇਕ ਸਮੂਹ, ਖ਼ੁਦ ਨੂੰ ਤਾਲਿਬਾਨ ਅਧਿਕਾਰੀ ਦਸਦੇ ਹੋਏ, ਕਾਬੁਲ ਦੇ ਕਾਰਤ-ਏ-ਪਰਵਾਨ ਖੇਤਰ ’ਚ ਗੁਰਦੁਆਰੇ ’ਚ ਦਾਖਲ ਹੋਇਆ ਅਤੇ ਤਲਾਸ਼ੀ ਮੁਹਿੰਮ ਦੌਰਾਨ ਸਾਰੇ ਸੀ.ਸੀ.ਟੀ.ਵੀ. ਕੈਮਰੇ ਤੋੜ ਦਿਤੇ। ਕਾਬੁਲ ਸਥਿਤ ਗੁਰਦੁਆਰੇ ’ਚ 2022 ਦੌਰਾਨ ਹੋਏ ਹਮਲੇ ਤੋਂ ਬਾਅਦ ਵੱਡੀ ਗਿਣਤੀ ’ਚ ਅਫਗਾਨ ਹਿੰਦੂ ਅਤੇ ਸਿੱਖ ਨਾਗਰਿਕ ਦੇਸ਼ ਛੱਡ ਕੇ ਭਾਰਤ ’ਚ ਸ਼ਰਨ ਲੈ ਰਹੇ ਸਨ।
ਇਨ੍ਹਾਂ ਹਮਲਿਆਂ ਦੇ ਜਵਾਬ ’ਚ, ਅਫਗਾਨਿਸਤਾਨ ਲਈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਪ੍ਰਤੀਨਿਧੀ ਨੇ ਅਫਗਾਨਿਸਤਾਨ ’ਚ ਧਾਰਮਕ ਘੱਟ ਗਿਣਤੀਆਂ ਵਿਰੁਧ ਯੋਜਨਾਬੱਧ ਹਮਲਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਦਸਤਾਵੇਜ਼ਬੱਧ ਕਰਨ, ਜਾਂਚ ਕਰਨ ਅਤੇ ਜਵਾਬਦੇਹ ਠਹਿਰਾਉਣ ਦੀ ਜ਼ਰੂਰਤ ’ਤੇ ਜ਼ੋਰ ਦਿਤਾ ਸੀ।
ਹਿੰਦੂ ਅਤੇ ਸਿੱਖ ਨੁਮਾਇੰਦਿਆਂ ਨੇ ਪਿਛਲੇ ਲਗਭਗ ਤਿੰਨ ਸਾਲਾਂ ’ਚ ਕਾਬੁਲ ’ਚ ਤਾਲਿਬਾਨ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਨੇ ਉਨ੍ਹਾਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰਨ ਬਾਰੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਤਾਲਿਬਾਨ ਨੂੰ ਇਸ ਮੁੱਦੇ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ।