
ਪ੍ਰੈਸ ਕਾਨਫਰੰਸ ’ਚ ਕਿਹਾ, ‘ਤੁਸੀਂ ਪੱਤਰਕਾਰ ਨਹੀਂ ਚੋਰ ਹੋ’
ਵਾਸ਼ਿੰਗਟਨ, 8 ਮਈ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਰੂਸੀ ਜਾਂਚ ਦੀ ਕਵਰੇਜ ਲਈ ਪੁਲਿਤਜ਼ਰ ਪੁਰਸਕਾਰ ਜਿੱਤਣ ਵਾਲੇ ਅਖਬਾਰਾਂ ਨੂੰ ਪੱਤਰਕਾਰੀ ਦੇ ਸਰਵ ਉੱਚ ਸਨਮਾਨ ਨੂੰ ਵਾਪਸ ਕਰ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ 2016 ’ਚ ਹੋਈਆਂ ਰਾਸ਼ਟਰਪਤੀ ਚੋਣਾਂ ’ਚ ਰੂਸ ਨਾਲ ਮਿਲੀਭਗਤ ਦਾ ਖੁਲਾਸਾ ਕਰਨ ’ਤੇ ਵਾਸ਼ਿੰਗਟਨ ਪੋਸਟ ਤੇ ਨਿਊਯਾਰਕ ਟਾਈਮਜ਼ ਦੇ ਪੱਤਰਕਾਰਾਂ ਨੂੰ 2018 ਵਿਚ ਪੁਲਿਤਜ਼ਰ ਪੁਰਸਕਾਰ ਦਿਤਾ ਗਿਆ ਸੀ।
ਟਰੰਪ ਨੇ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿਚ ਪੱਤਰਕਾਰਾਂ ਨੂੰ ਕਿਹਾ,‘‘ਉਹ ਪੱਤਰਕਾਰ ਨਹੀਂ ਹਨ।
ਉਹ ਚੋਰ ਹਨ। ਉਹ ਸਾਰੇ ਪੱਤਰਕਾਰ ਜਿਹਨਾਂ ਨੂੰ ਅਸੀਂ ਪੁਲਿਤਜ਼ਰ ਪੁਰਸਕਾਰ ਦੇ ਨਾਲ ਦੇਖਦੇ ਹਾਂ, ਉਹਨਾਂ ਨੂੰ ਪੁਰਸਕਾਰ ਵਾਪਸ ਕਰਨ ਲਈ ਮਜਬੂਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹ ਸਾਰੇ ਗ਼ਲਤ ਸਨ।
ਟਰੰਪ ਨੇ ਕਿਹਾ ਤੁਸੀਂ ਅੱਜ ਦੇਖਿਆ ਹੋਰ ਦਸਤਾਵੇਜ਼ ਸਾਹਮਣੇ ਆ ਰਹੇ ਹਨ ਜੋ ਕਹਿ ਰਹੇ ਹਨ ਕਿ ਰੂਸ ਨਾਲ ਕਿਸੇ ਤਰ੍ਹਾਂ ਦੀ ਮਿਲੀਭਗਤ ਨਹੀਂ ਸੀ।’’ ਉਹਨਾਂ ਨੇ ਇਹ ਗੱਲ ਉਦੋਂ ਕਹੀ ਜਦੋਂ ਨਿਆਂ ਮੰਤਰਾਲੇ ਨੇ ਕਿਹਾ ਕਿ ਉਹ ਉਹਨਾਂ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਨਰਲ (ਰਿਟਾਇਰਡ) ਮਾਈਕਲ ਫਲਿਨ ਦੇ ਮੁਕੱਦਮੇ ਨੂੰ ਖ਼ਤਮ ਕਰ ਰਿਹਾ ਹੈ। ਫਲਿਨ ’ਤੇ ਰੂਸ ਨਾਲ ਮਿਲੀਭਗਤ ਦੇ ਮਾਮਲੇ ਦੀ ਜਾਂਚ ਚੱਲ ਰਹੀ ਸੀ। ਟਰੰਪ ਨੇ ਕਿਹਾ, ਫਲਿਨ ਬੇਕਸੂਰ ਵਿਅਕਤੀ ਸਨ। ਟਰੰਪ ਨੇ ਕਿਹਾ ਉਹ ਭਲੇ ਪੁਰਸ਼ ਸਨ।
File photo
ਉਹਨਾਂ ਨੂੰ ਓਬਾਮਾ ਪ੍ਰਸ਼ਾਸਨ ਨੇ ਨਿਸ਼ਾਨਾ ਬਣਾਇਆ ਅਤੇ ਉਹਨਾਂ ਨੂੰ ਨਿਸ਼ਾਨਾ ਇਸ ਲਈ ਬਣਾਇਆ ਗਿਆ ਤਾਂ ਜੋ ਰਾਸ਼ਟਰਪਤੀ ਨੂੰ ਹੇਠਾਂ ਡੇਗਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਉਹਨਾਂ ਨੇ ਜੋ ਕੀਤਾ ਉਹ ਸ਼ਰਮ ਦੀ ਗੱਲ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਸ ਦੀ ਵੱਡੀ ਕੀਮਤ ਚੁਕਾਉਣੀ ਹੋਵੇਗੀ। ਸਾਡੇ ਦੇਸ਼ ਦੇ ਇਤਿਹਾਸ ਵਿਚ ਅਜਿਹਾ ਕਦੇ ਨਹੀਂ ਹੋਇਆ। ਉਹਨਾਂ ਨੇ ਦੋਸ਼ ਲਗਾਇਆ ਕਿ ਪੱਤਰਕਾਰ ਚੁਣੇ ਗਏ ਰਾਸ਼ਟਰਪਤੀ ਦੇ ਪਿੱਛੇ ਪਏ ਰਹੇ। (ਪੀਟੀਆਈ)
ਸਹੀ ਲੋਕਾਂ ਨੂੰ ਮਿਲਣਾ ਚਾਹੀਦੈ ਪੁਰਸਕਾਰ
ਟਰੰਪ ਨੇ ਕਿਹਾ,‘‘ਪੁਲਿਤਜ਼ਰ ਪੁਰਸਕਾਰ ਵਾਪਸ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹ ਗ਼ਲਤ ਕੰਮ ਲਈ ਦਿਤੇ ਗਏ। ਸਾਰੀਆਂ ਖਬਰਾਂ ਫਰਜ਼ੀ ਸਨ। ਉਹਨਾਂ ਪੁਲਿਤਜ਼ਰ ਪੁਰਸਕਾਰਾਂ ਨੂੰ ਤੁਰੰਤ ਵਾਪਸ ਕੀਤਾ ਜਾਣਾ ਚਾਹੀਦਾ ਹੈ ਅਤੇ ਪੁਲਿਤਜ਼ਰ ਕਮੇਟੀ ਜਾਂ ਜਿਹੜਾ ਕੋਈ ਵੀ ਇਹ ਪੁਰਸਕਾਰ ਦਿੰਦਾ ਹੈ ਉਹਨਾਂ ਲਈ ਸ਼ਰਮ ਦੀ ਗੱਲ ਹੈ। ਉਹਨਾਂ ਨੂੰ ਪੁਲਿਤਜ਼ਰ ਪੁਰਸਕਾਰ ਉਹਨਾਂ ਖਬਰਾਂ ਲਈ ਮਿਲੇ ਹਨ ਜੋ ਗਲਤ ਸਾਬਤ ਹੋਈਆਂ।’’ ਉਹਨਾਂ ਨੇ ਕਿਹਾ,‘‘ਪੁਲਿਤਜ਼ਰ ਪੁਰਸਕਾਰ ਉਹਨਾਂ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਜਿਹਨਾ ਨੇ ਸਹੀ ਖਬਰ ਦਿਤੀ ਸੀ ਅਤੇ ਮੈਂ ਤੁਹਾਨੂੰ ਉਹਨਾਂ ਨਾਵਾਂ ਦੀ ਵੀ ਲੰਬੀ ਸੂਚੀ ਦੇ ਸਕਦਾ ਹਾਂ। ਤੁਹਾਨੂੰ ਪਤਾ ਹੋਵੇਗਾ ਕਿ ਮੈਂ ਕਿਸ ਦੀ ਗੱਲ ਕਰ ਰਿਹਾ ਹਾਂ।’’