
26 ਅਕਤੂਬਰ ਨੂੰ ਸ਼ੀਆ ਮਸਜਿਦ 'ਤੇ ਹੋਏ ਹਮਲੇ 'ਚ 13 ਲੋਕਾਂ ਦੀ ਮੌਤ ਹੋਈ ਸੀ
ਪਿਛਲੇ ਸਾਲ ਅਕਤੂਬਰ 'ਚ ਈਰਾਨ ਦੀ ਸ਼ੀਆ ਮਸਜਿਦ 'ਤੇ ਹਮਲਾ ਕਰਨ ਵਾਲੇ ਦੋ ਅੱਤਵਾਦੀਆਂ ਨੂੰ ਸ਼ਨੀਵਾਰ ਨੂੰ ਜਨਤਕ ਤੌਰ 'ਤੇ ਫਾਂਸੀ ਦੇ ਦਿਤੀ ਗਈ। ਸਰਕਾਰੀ ਮੀਡੀਆ ਆਈਆਰਐਨਏ ਦੇ ਅਨੁਸਾਰ, ਸ਼ੀਰਾਜ਼ ਸ਼ਹਿਰ ਵਿਚ ਉਹਨਾਂ ਨੂੰ ਤੜਕੇ ਫਾਂਸੀ ਦਿਤੀ ਗਈ। ਸੁਣਵਾਈ ਦੌਰਾਨ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਉਹ ਅਫਗਾਨਿਸਤਾਨ ਵਿਚ ਅੱਤਵਾਦੀ ਸੰਗਠਨ ਆਈਐਸਆਈਐਸ ਦੇ ਸੰਪਰਕ ਵਿਚ ਸਨ। ਉਸ ਨੇ ਸ਼ਾਹ ਚੇਰਾਗ ਮਸਜਿਦ 'ਤੇ ਹਮਲੇ 'ਚ ਅੱਤਵਾਦੀਆਂ ਦੀ ਮਦਦ ਕੀਤੀ ਸੀ।
ਆਈਆਰਐਨਏ ਨੇ ਦਸਿਆ ਕਿ ਦੋ ਦੋਸ਼ੀਆਂ ਦੇ ਨਾਂ ਮੁਹੰਮਦ ਰਮੀਜ਼ ਰਸ਼ੀਦੀ ਅਤੇ ਨਈਮ ਹਾਸ਼ਮ ਘੋਟਾਲੀ ਹਨ। ਦੋਵਾਂ ਨੂੰ ਈਰਾਨ ਦੀ ਸੁਪਰੀਮ ਕੋਰਟ ਨੇ 16 ਮਾਰਚ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਦੱਸ ਦਈਏ ਕਿ ਪਿਛਲੇ ਸਾਲ 26 ਅਕਤੂਬਰ ਨੂੰ ਸ਼ੀਆ ਮਸਜਿਦ 'ਤੇ ਹੋਏ ਹਮਲੇ 'ਚ 13 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 30 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਇਨ੍ਹਾਂ ਵਿਚ ਕਈ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਅੱਤਵਾਦੀ ਸੰਗਠਨ ਆਈਐਸਆਈਐਸ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਮਸਜਿਦ ਵਿਚ ਹੋਏ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ। ਪੁਲਿਸ ਰਿਪੋਰਟ ਮੁਤਾਬਕ 3 ਹਥਿਆਰਬੰਦ ਅੱਤਵਾਦੀਆਂ ਨੇ ਮਸਜਿਦ 'ਚ ਦਾਖਲ ਹੁੰਦੇ ਹੀ ਗੋਲੀਬਾਰੀ ਸ਼ੁਰੂ ਕਰ ਦਿਤੀ। ਇਸ ਦੌਰਾਨ ਪੁਲਿਸ ਨੇ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਇਕ ਉਥੋਂ ਭੱਜਣ 'ਚ ਕਾਮਯਾਬ ਹੋ ਗਿਆ। ਹਾਲਾਂਕਿ ਬਾਅਦ 'ਚ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਮੁੱਖ ਅੱਤਵਾਦੀ ਦੀ ਹਸਪਤਾਲ 'ਚ ਮੌਤ ਹੋ ਗਈ।
ਇਸ ਤੋਂ ਪਹਿਲਾਂ 24 ਜੁਲਾਈ 2022 ਨੂੰ ਈਰਾਨ ਵਿੱਚ ਇੱਕ ਅਪਰਾਧੀ ਨੂੰ ਜਨਤਕ ਤੌਰ 'ਤੇ ਫਾਂਸੀ ਦਿੱਤੀ ਗਈ ਸੀ। ਈਰਾਨ ਹਿਊਮਨ ਰਾਈਟਸ ਮੁਤਾਬਕ ਪੁਲਿਸ ਅਧਿਕਾਰੀ ਦੀ ਹੱਤਿਆ ਦੇ ਦੋਸ਼ੀ ਇਮਾਨ ਸਬਜ਼ੀਕਰ ਨੂੰ ਮੌਕੇ 'ਤੇ ਹੀ ਫਾਂਸੀ ਦੇ ਦਿੱਤੀ ਗਈ। 2020 ਤੋਂ ਬਾਅਦ ਇਹ ਪਹਿਲਾ ਮਾਮਲਾ ਸੀ ਜਦੋਂ ਈਰਾਨ ਵਿੱਚ ਕਿਸੇ ਨੂੰ ਜਨਤਕ ਤੌਰ 'ਤੇ ਫਾਂਸੀ ਦਿੱਤੀ ਗਈ ਸੀ।