
ਨਹੀਂ ਕਰ ਸਕਿਆ ਤੈਅਸ਼ੁਦਾ ਰੱਖਿਆ ਖ਼ਰਚ, ਫ਼ੌਜੀ ਸਾਜ਼ੋ-ਸਾਮਾਨ ਹੋਇਆ ਪੁਰਾਣਾ
ਔਟਵਾ: ਕੈਨੇਡਾ ਨਾਟੋ ਦੇ 32 ਮੈਂਬਰ ਦੇਸ਼ਾਂ ’ਚ ਇਕੱਲਾ ਰਹਿ ਗਿਆ ਹੈ। ਇਕ ਅਮਰੀਕੀ ਮੀਡੀਆ ਚੈਨਲ ਨੇ ਇਹ ਦਾਅਵਾ ਕੀਤਾ ਹੈ। ਇਸ ਚੈਨਲ ਅਨੁਸਾਰ ਕੈਨੇਡਾ ਆਪਣਾ ਘਰੇਲੂ ਰੱਖਿਆ ਖਰਚਾ ਨਿਰਧਾਰਤ ਸੀਮਾ ਤੱਕ ਨਹੀਂ ਕਰ ਪਾ ਰਿਹਾ ਹੈ। ਇਸ ਕਾਰਨ ਕੈਨੇਡੀਅਨ ਫੌਜ ਦੇ ਬਹੁਤ ਸਾਰੇ ਸਾਜ਼ੋ-ਸਾਮਾਨ ਪੁਰਾਣੇ ਹੋ ਗਏ ਹਨ ਅਤੇ ਰੱਖਿਆ ਖਰਚ ਕਰਨਾ ਵੀ ਕੈਨੇਡੀਅਨ ਸਰਕਾਰ ਦੀ ਤਰਜੀਹ ਨਹੀਂ ਹੈ। ਇਹ ਰਿਪੋਰਟ ਅਜਿਹੇ ਸਮੇਂ ’ਚ ਸਾਹਮਣੇ ਆਈ ਹੈ, ਜਦੋਂ ਕੈਨੇਡੀਅਨ ਪੀਐੱਮ ਜਸਟਿਨ ਟਰੂਡੋ ਨਾਟੋ ਦੀ ਬੈਠਕ ’ਚ ਸ਼ਾਮਲ ਹੋਣ ਲਈ ਵਾਸ਼ਿੰਗਟਨ ਡੀਸੀ ਪਹੁੰਚੇ ਹਨ। ਵਾਸ਼ਿੰਗਟਨ ਵਿੱਚ ਰਾਸ਼ਟਰਪਤੀ ਜੋਅ ਬਿਡੇਨ ਦੀ ਪ੍ਰਧਾਨਗੀ ਵਿੱਚ ਨਾਟੋ ਦੀ ਇੱਕ ਅਹਿਮ ਬੈਠਕ ਹੋ ਰਹੀ ਹੈ।
ਨਾਟੋ ਮੀਟਿੰਗ ਵਿੱਚ, ਪ੍ਰਧਾਨ ਮੰਤਰੀ ਟਰੂਡੋ ਕੈਨੇਡਾ ਦੀ ਸਭ ਤੋਂ ਵੱਡੀ ਸਰਗਰਮ ਵਿਦੇਸ਼ੀ ਫੌਜੀ ਤਾਇਨਾਤੀ, ਓਪਰੇਸ਼ਨ ਰੀ-ਅਸ਼ੋਰੈਂਸ ਸਮੇਤ ਨਾਟੋ ਵਿਚ ਕੈਨੇਡਾ ਦੇ ਯੋਗਦਾਨ ’ਤੇ ਬੋਲਣਗੇ। ਟਰੂਡੋ ਯੂਰੋ-ਅਟਲਾਂਟਿਕ ਖੇਤਰ ਦੀ ਸੁਰੱਖਿਆ ਅਤੇ ਸਥਿਰਤਾ ਲਈ ਕੈਨੇਡਾ ਦੀ ਵਚਨਬੱਧਤਾ ਵੀ ਪ੍ਰਗਟ ਕਰਨਗੇ।
ਰਿਪੋਰਟ ਵਿਚ ਕਿਹਾ ਗਿਆ ਹੈ, ‘ਪਿਛਲੇ ਕਈ ਸਾਲਾਂ ਵਿਚ, ਕੈਨੇਡਾ 32 ਮੈਂਬਰੀ ਗੱਠਜੋੜ ਵਿਚੋਂ ਅਲੱਗ-ਥਲੱਗ ਪੈ ਗਿਆ ਹੈ। ਇਹ ਘਰੇਲੂ ਫੌਜੀ ਖ਼ਰਚਿਆਂ ਦੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਿਹਾ ਹੈ ਅਤੇ ਨਾਲ ਹੀ ਨਵੇਂ ਉਪਕਰਨਾਂ ਨੂੰ ਫ਼ੰਡ ਦੇਣ ਲਈ ਨਿਰਧਾਰਤ ਮਾਪਦੰਡਾਂ ਤੋਂ ਵੀ ਘੱਟ ਹੈ। ਫ਼ਿਲਹਾਲ ਕੈਨੇਡਾ ਤੋਂ ਉਨ੍ਹਾਂ ਟੀਚਿਆਂ ਦੀ ਪ੍ਰਾਪਤੀ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ।
ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ, ਕੈਨੇਡਾ, ਨਾਟੋ ਦੇ 12 ਬਾਨੀ ਮੈਂਬਰਾਂ ’ਚੋਂ ਇਕ, ਨੇ 2014 ਵਿਚ ਰੂਸ ਦੁਆਰਾ ਕ੍ਰੀਮੀਆ ਦੇ ਕਬਜ਼ੇ ਤੋਂ ਬਾਅਦ ਰੱਖਿਆ ’ਤੇ ਜੀਡੀਪੀ ਦਾ 2 ਪ੍ਰਤੀਸ਼ਤ ਖਰਚ ਕਰਨ ਦਾ ਵਾਅਦਾ ਕੀਤਾ ਸੀ। ਹਾਲਾਂਕਿ ਕੈਨੇਡਾ ਆਪਣੇ ਵਾਅਦੇ ਤੋਂ ਕਾਫੀ ਪਿੱਛੇ ਹੈ।
ਨਾਟੋ ਦੇ 32 ਮੈਂਬਰ ਦੇਸ਼ਾਂ ’ਚੋਂ 23 ਦੇਸ਼ਾਂ ਨੇ ਰੱਖਿਆ ਖ਼ਰਚ ਲਈ ਮਿੱਥੇ ਟੀਚੇ ਹਾਸਲ ਕਰ ਲਏ ਹਨ। ਯੂਕਰੇਨ ’ਤੇ ਹਮਲੇ ਤੋਂ ਬਾਅਦ ਪੂਰਬੀ ਮੋਰਚੇ ’ਤੇ ਪੁਤਿਨ ਨੂੰ ਲੈ ਕੇ ਖ਼ਦਸ਼ਾ ਵਧਦਾ ਜਾ ਰਿਹਾ ਹੈ। ਇਹੋ ਕਾਰਨ ਹੈ ਕਿ ਯੂਰਪੀ ਦੇਸ਼ ਆਪਣੇ ਰੱਖਿਆ ਖ਼ਰਚੇ ਵਧਾਉਣ ’ਚ ਲੱਗੇ ਹੋਏ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੈਨੇਡਾ ’ਤੇ ਨਾਟੋ ਸੰਮੇਲਨ ਦੌਰਾਨ ਆਪਣਾ ਵਾਅਦਾ ਪੂਰਾ ਕਰਨ ਲਈ ਦਬਾਅ ਪਾਇਆ ਜਾ ਸਕਦਾ ਹੈ। ਇਹ ਚਿੰਤਾ ਵੀ ਹੈ ਕਿ ਜੇ ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਹਨ ਤਾਂ ਯੂਰਪ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ।