
ਰੂਸ ਦੇ ਤਾਜ਼ਾ ਹਮਲੇ 'ਚ 37 ਵਿਅਕਤੀਆਂ ਦੀ ਮੌਤ ਕਾਰਣ ਪੈਦਾ ਹੋਈ ਭੜਕਾਹਟ
ਮਾਸਕੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਰੂਸ ਦੇ ਦੌਰੇ ’ਤੇ ਹਨ, ਜਿਥੇ ਉਹ ਮੰਗਲਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿਖਰ ਵਾਰਤਾ ’ਚ ਹਿੱਸਾ ਲੈ ਰਹੇ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਪੀਐਮ ਮੋਦੀ ਦੇ ਰੂਸ ਦੌਰੇ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਜ਼ੇਲੈਂਸਕੀ ਨੇ ਕਿਹਾ ਕਿ ਪੀਐਮ ਮੋਦੀ ਦੀ ਰੂਸ ਯਾਤਰਾ ਨਾਲ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ।
ਪ੍ਰਧਾਨ ਮੰਤਰੀ ਮੋਦੀ ਰੂਸ ਦੇ ਦੋ ਦਿਨਾ ਦੌਰੇ ’ਤੇ ਸੋਮਵਾਰ ਨੂੰ ਮਾਸਕੋ ਪਹੁੰਚੇ। ਜਿਥੇ ਪੀਐਮ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ ਇੱਕ ਦੂਜੇ ਨੂੰ ਜੱਫੀ ਪਾ ਕੇ ਨਿਘਾ ਸਵਾਗਤ ਕੀਤਾ।
ਇਥੇ ਵਰਨਣਯੋਗ ਹੈ ਕਿ ਜਿਸ ਦਿਨ ਪੀਐਮ ਮੋਦੀ ਨੇ ਰੂਸ ਦਾ ਦੌਰਾ ਕੀਤਾ ਸੀ, ਉਸੇ ਦਿਨ ਰੂਸੀ ਹਮਲੇ ’ਚ ਯੂਕਰੇਨ ਵਿਚ ਤਿੰਨ ਬੱਚਿਆਂ ਸਮੇਤ 37 ਵਿਅਕਤੀ ਮਾਰੇ ਗਏ ਸਨ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਇਕ ਪੋਸਟ ਸ਼ੇਅਰ ਕੀਤੀ ਹੈ।
ਇਸ ਪੋਸਟ ’ਚ ਉਨ੍ਹਾਂ ਲਿਖਿਆ ਹੈ ਕਿ - ‘ਅੱਜ ਯੂਕਰੇਨ ’ਚ ਰੂਸ ਦੇ ਬੇਰਹਿਮ ਮਿਜ਼ਾਈਲ ਹਮਲੇ ’ਚ 37 ਵਿਅਕਤੀਆਂ ਦੀ ਜਾਨ ਚਲੀ ਗਈ ਹੈ, ਜਿਨ੍ਹਾਂ ’ਚ ਤਿੰਨ ਬੱਚੇ ਵੀ ਸ਼ਾਮਲ ਹਨ। ਨਾਲ ਹੀ, ਰੂਸੀ ਹਮਲਿਆਂ ਵਿਚ 170 ਵਿਅਕਤੀ ਜ਼ਖ਼ਮੀ ਹੋਏ ਸਨ, ਜਿਨ੍ਹਾਂ ਵਿਚ 13 ਬੱਚੇ ਸਨ। ਰੂਸੀ ਮਿਜ਼ਾਈਲ ਨੇ ਯੂਕਰੇਨ ਵਿਚ ਬੱਚਿਆਂ ਦੇ ਹਸਪਤਾਲ ਨੂੰ ਨਿਸ਼ਾਨਾ ਬਣਾਇਆ, ਜਿੱਥੇ ਬੱਚਿਆਂ ਦੇ ਕੈਂਸਰ ਦਾ ਇਲਾਜ ਕੀਤਾ ਜਾਂਦਾ ਹੈ। ਕਈ ਬੱਚੇ ਮਲਬੇ ਹੇਠ ਦੱਬ ਗਏ। ਇਹ ਬਹੁਤ ਹੀ ਨਿਰਾਸ਼ਾਜਨਕ ਅਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਲਈ ਇੱਕ ਵੱਡਾ ਝਟਕਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਨੇਤਾ ਇਸ ਦਿਨ ਮਾਸਕੋ ਵਿੱਚ ਦੁਨੀਆ ਦੇ ਸਭ ਤੋਂ ਕਾਤਲ ਅਪਰਾਧੀ ਨੂੰ ਗਲੇ ਲਗਾ ਰਿਹਾ ਹੈ।’’