
ਹਮਾਸ ਸੂਬੇ ਵਿਚ ਇਕ ਹਾਈਵੇਅ ਨੂੰ ਨੁਕਸਾਨ ਪਹੁੰਚਿਆ
ਦਮਿਸ਼ਕ: ਇਜ਼ਰਾਈਲ ਨੇ ਐਤਵਾਰ ਦੇਰ ਰਾਤ ਸੀਰੀਆ ਦੇ ਕਈ ਇਲਾਕਿਆਂ ’ਤੇ ਹਮਲੇ ਕੀਤੇ, ਜਿਸ ’ਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਜ਼ਿਆਦਾ ਜ਼ਖਮੀ ਹੋ ਗਏ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿਤੀ। ਸੀਰੀਆ ਦੀ ਸਰਕਾਰੀ ਸਮਾਚਾਰ ਏਜੰਸੀ ‘ਸਨਾ’ ਨੇ ਦਸਿਆ ਕਿ ਇਜ਼ਰਾਇਲੀ ਹਮਲਿਆਂ ਨੇ ਐਤਵਾਰ ਦੇਰ ਰਾਤ ਮੱਧ ਸੀਰੀਆ ਦੇ ਕਈ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ, ਹਮਾਸ ਸੂਬੇ ਵਿਚ ਇਕ ਹਾਈਵੇਅ ਨੂੰ ਨੁਕਸਾਨ ਪਹੁੰਚਿਆ ਅਤੇ ਅੱਗ ਲੱਗ ਗਈ, ਜਿਸ ਤੋਂ ਬਾਅਦ ਫ਼ਾਇਰ ਬ੍ਰਿਗੇਡ ਮੁਲਾਜ਼ਮ ਅੱਗ ’ਤੇ ਕਾਬੂ ਪਾਉਣ ਲਈ ਜੂਝਦੇ ਦਿਸੇ।
ਪਛਮੀ ਹਮਾਸ ਸੂਬੇ ਦੇ ਮਸਯਾਫ ਨੈਸ਼ਨਲ ਹਸਪਤਾਲ ਦੀ ਸ਼ੁਰੂਆਤੀ ਰੀਪੋਰਟ ਵਿਚ ਮਰਨ ਵਾਲਿਆਂ ਦੀ ਗਿਣਤੀ ਚਾਰ ਦੱਸੀ ਗਈ ਹੈ। ਹਸਪਤਾਲ ਦੇ ਮੁਖੀ ਫੈਸਲ ਹੈਦਰ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ, ਜਦਕਿ 40 ਹੋਰਾਂ ਨੂੰ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।
ਬਰਤਾਨੀਆਂ ਸਥਿਤ ਜੰਗ ਨਿਗਰਾਨ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਇਕ ਹਮਲਾ ਮਸਯਾਫ ਵਿਚ ਇਕ ਵਿਗਿਆਨਕ ਖੋਜ ਕੇਂਦਰ ਅਤੇ ਹੋਰ ਥਾਵਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ, ਜਿੱਥੇ ‘ਈਰਾਨੀ ਮਿਲੀਸ਼ੀਆ ਅਤੇ ਮਾਹਰ ਹਥਿਆਰ ਵਿਕਸਿਤ ਕਰਨ ਲਈ ਸੀਰੀਆ ਵਿਚ ਤਾਇਨਾਤ ਸਨ।’
ਸਥਾਨਕ ਮੀਡੀਆ ਨੇ ਤੱਟਵਰਤੀ ਸ਼ਹਿਰ ਟਾਰਟਸ ਦੇ ਆਸ ਪਾਸ ਹਮਲਿਆਂ ਦੀ ਵੀ ਖਬਰ ਦਿਤੀ ਹੈ। ਇਜ਼ਰਾਈਲੀ ਫੌਜ ਨੇ ਤੁਰਤ ਕੋਈ ਪ੍ਰਤੀਕਿਰਿਆ ਨਹੀਂ ਦਿਤੀ। ਇਜ਼ਰਾਈਲ ਨੇ ਹਾਲ ਹੀ ਦੇ ਸਾਲਾਂ ਵਿਚ ਜੰਗ ਗ੍ਰਸਤ ਸੀਰੀਆ ਦੇ ਸਰਕਾਰ ਦੇ ਕਬਜ਼ੇ ਵਾਲੇ ਹਿੱਸਿਆਂ ਵਿਚ ਸੈਂਕੜੇ ਹਮਲੇ ਕੀਤੇ ਹਨ, ਪਰ ਉਨ੍ਹਾਂ ਨੂੰ ਕਦੇ ਮਨਜ਼ੂਰ ਨਹੀਂ ਕੀਤਾ। ਇਹ ਹਮਲੇ ਅਕਸਰ ਸੀਰੀਆਈ ਫੌਜ ਜਾਂ ਈਰਾਨ ਦੇ ਸਮਰਥਨ ਵਾਲੇ ਸਮੂਹਾਂ ਨੂੰ ਨਿਸ਼ਾਨਾ ਬਣਾਉਂਦੇ ਹਨ।