ਮਾਸਕੋ ਅਤੇ ਵਾਸ਼ਿੰਗਟਨ ਗੁਪਤ ਜ਼ਰੀਆਂ ਰਾਹੀਂ ਰੂਸ-ਯੂਕਰੇਨ ਜੰਗ ’ਤੇ ਗੱਲਬਾਤ ਕਰ ਰਹੇ ਹਨ
ਕੀਵ : ਰੂਸ ਦੇ ਉਪ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਯੂਕਰੇਨ ’ਚ ਜੰਗ ਖਤਮ ਕਰਨ ਦੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸਤਾਵਾਂ ਨੂੰ ਸੁਣਨ ਲਈ ਤਿਆਰ ਹੈ।
ਇਸ ਦੌਰਾਨ ਯੂਕਰੇਨ ਦੇ ਸ਼ਹਿਰ ਓਡੇਸਾ ’ਚ ਰੂਸੀ ਡਰੋਨ ਹਮਲੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਯੂਰਪੀ ਸੰਘ ਦੀ ਵਿਦੇਸ਼ ਨੀਤੀ ਦੇ ਮੁਖੀ ਨੇ ਅਮਰੀਕਾ ’ਚ ਲੀਡਰਸ਼ਿਪ ਬਦਲਣ ਤੋਂ ਬਾਅਦ ਯੂਕਰੇਨ ਦਾ ਸਮਰਥਨ ਕਰਨ ਲਈ ਕੀਵ ’ਚ ਗੱਲਬਾਤ ਕੀਤੀ।
ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਰਿਆਬਕੋਵ ਨੇ ਕਿਹਾ ਕਿ ਮਾਸਕੋ ਅਤੇ ਵਾਸ਼ਿੰਗਟਨ ਗੁਪਤ ਜ਼ਰੀਆਂ ਰਾਹੀਂ ਰੂਸ-ਯੂਕਰੇਨ ਜੰਗ ’ਤੇ ਗੱਲਬਾਤ ਕਰ ਰਹੇ ਹਨ। ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਗੱਲਬਾਤ ਬਾਈਡਨ ਪ੍ਰਸ਼ਾਸਨ ਨਾਲ ਸੀ ਜਾਂ ਟਰੰਪ ਅਤੇ ਉਨ੍ਹਾਂ ਦੇ ਆਉਣ ਵਾਲੇ ਪ੍ਰਸ਼ਾਸਨ ਦੇ ਮੈਂਬਰਾਂ ਨਾਲ।
ਰਿਆਬਕੋਵ ਨੇ ਸਨਿਚਰਵਾਰ ਨੂੰ ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ‘ਇੰਟਰਫੈਕਸ’ ਨੂੰ ਦਿਤੇ ਇਕ ਇੰਟਰਵਿਊ ਵਿਚ ਕਿਹਾ ਕਿ ਰੂਸ ਯੂਕਰੇਨ ’ਤੇ ਟਰੰਪ ਦੇ ਪ੍ਰਸਤਾਵਾਂ ਨੂੰ ਸੁਣਨ ਲਈ ਤਿਆਰ ਹੈ, ਬਸ਼ਰਤੇ ਉਹ ‘‘ਸਮਝੌਤੇ ਲਈ ਅੱਗੇ ਵਧਣ ਦੇ ਵਿਚਾਰ ਹੋਣ ਨਾ ਕਿ ਕੀਵ ਸ਼ਾਸਨ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਬਾਰੇ।’’
ਓਡੇਸਾ ਦੇ ਖੇਤਰੀ ਗਵਰਨਰ ਓਲੇਹ ਕਿਪਰ ਨੇ ਕਿਹਾ ਕਿ ਡਰੋਨ ਨਾਲ ਕਾਲੇ ਸਾਗਰ ਦੇ ਨਾਲ ਲਗਦੇ ਸ਼ਹਿਰ ਵਿਚ ਉੱਚੀਆਂ ਰਿਹਾਇਸ਼ੀ ਇਮਾਰਤਾਂ, ਨਿੱਜੀ ਮਕਾਨ ਅਤੇ ਗੋਦਾਮ ਨੁਕਸਾਨੇ ਗਏ ਹਨ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦਸਿਆ ਕਿ ਡਰੋਨ ਨੂੰ ਮਾਰ ਸੁੱਟਿਆ ਗਿਆ ਸੀ ਜਾਂ ਇਸ ਨੂੰ ਖੁਦ ਡਿੱਗਿਆ।
ਯੂਕਰੇਨ ਦੀ ਹਵਾਈ ਫੌਜ ਮੁਤਾਬਕ ਯੂਕਰੇਨ ਦੇ 10 ਖੇਤਰਾਂ ’ਚ 32 ਰੂਸੀ ਡਰੋਨ ਮਾਰੇ ਗਏ, ਜਦਕਿ 18 ਖੁਦ ਡਿੱਗ ਗਏ। ਰੂਸ ਨੇ ਹਵਾਈ ਮੁਹਿੰਮ ਤੇਜ਼ ਕਰ ਦਿਤੀ ਹੈ, ਜਿਸ ਬਾਰੇ ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦਾ ਮੁਕਾਬਲਾ ਕਰਨ ਲਈ ਹੋਰ ਪਛਮੀ ਮਦਦ ਦੀ ਜ਼ਰੂਰਤ ਹੈ।
ਹਾਲਾਂਕਿ, ਇਸ ਬਾਰੇ ਸ਼ੱਕ ਹੋਰ ਡੂੰਘਾ ਹੋ ਰਿਹਾ ਹੈ ਕਿ ਕੀਵ ਨਵੇਂ ਅਮਰੀਕੀ ਪ੍ਰਸ਼ਾਸਨ ਤੋਂ ਕੀ ਉਮੀਦ ਕਰ ਰਿਹਾ ਹੈ। ਟਰੰਪ ਨੇ ਵਾਰ-ਵਾਰ ਯੂਕਰੇਨ ਨੂੰ ਅਮਰੀਕੀ ਸਹਾਇਤਾ ਦਾ ਮੁੱਦਾ ਚੁਕਿਆ ਹੈ, ਜੰਗ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਹੈ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਪ੍ਰਸ਼ੰਸਾ ਕੀਤੀ ਹੈ।
ਹਾਲਾਂਕਿ, ਯੂਰਪੀ ਸੰਘ ਦੀ ਵਿਦੇਸ਼ ਨੀਤੀ ਦੇ ਮੁਖੀ ਜੋਸੇਪ ਬੋਰੇਲ ਨੇ ਸਨਿਚਰਵਾਰ ਨੂੰ ਕੀਵ ਦੀ ਯਾਤਰਾ ਦੌਰਾਨ ਯੂਕਰੇਨ ਨੂੰ ਸਮਰਥਨ ਦੇਣ ਦਾ ਭਰੋਸਾ ਦਿਤਾ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸ ਦੇ ਸੱਤ ਖੇਤਰਾਂ ’ਚ 50 ਯੂਕਰੇਨੀ ਡਰੋਨ ਮਾਰੇ ਗਏ।