2024 ’ਚ ਭਾਰਤ ਸਮੇਤ 50 ਤੋਂ ਵੱਧ ਦੇਸ਼ਾਂ ’ਚ ਚੋਣਾਂ ਹੋਣਗੀਆਂ, ਦੁਨੀਆਂ ਦੀ ਅੱਧੀ ਆਬਾਦੀ ਪਾਵੇਗੀ ਵੋਟਾਂ
Published : Jan 10, 2024, 7:55 pm IST
Updated : Jan 10, 2024, 7:55 pm IST
SHARE ARTICLE
Representative image.
Representative image.

ਸਭ ਤੋਂ ਤਕੜਾ ਹੋਵੇਗਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਸੰਭਾਵਤ ਮੁੜ ਮੁਕਾਬਲਾ

ਲੰਡਨ: ਭਾਰਤ, ਰੂਸ ਅਤੇ ਬਰਤਾਨੀਆਂ ਸਮੇਤ ਦੁਨੀਆਂ ਭਰ ਦੇ 50 ਤੋਂ ਜ਼ਿਆਦਾ ਦੇਸ਼ਾਂ ’ਚ 2024 ’ਚ ਕੌਮੀ ਚੋਣਾਂ ਹੋਣਗੀਆਂ। ਇਹ ਦੇਸ਼ ਦੁਨੀਆਂ ਦੀ ਅੱਧੀ ਆਬਾਦੀ ਦਾ ਘਰ ਹਨ। ਅਜਿਹਾ ਜਾਪਦਾ ਹੈ ਕਿ ਇਹ ਸਾਲ ਸੱਭ ਤੋਂ ਮਜ਼ਬੂਤ ਲੋਕਤੰਤਰਾਂ ਦੀ ਵੀ ਪਰਖ ਕਰਨ ਅਤੇ ਤਾਨਾਸ਼ਾਹੀ ਰੁਝਾਨ ਵਾਲੇ ਨੇਤਾਵਾਂ ਦੇ ਹੱਥ ਮਜ਼ਬੂਤ ਕਰਨ ਲਈ ਤਿਆਰ ਹੈ। 

ਰੂਸ, ਤਾਈਵਾਨ ਅਤੇ ਬਰਤਾਨੀਆਂ ਤੋਂ ਲੈ ਕੇ ਭਾਰਤ, ਅਲ ਸਲਵਾਡੋਰ ਅਤੇ ਦਖਣੀ ਅਫਰੀਕਾ ਤਕ, ਰਾਸ਼ਟਰਪਤੀ ਅਤੇ ਸੰਸਦੀ ਚੋਣਾਂ ਦਾ ਮਨੁੱਖੀ ਅਧਿਕਾਰਾਂ, ਅਰਥਵਿਵਸਥਾਵਾਂ, ਕੌਮਾਂਤਰੀ ਸਬੰਧਾਂ ਅਤੇ ਅਸਥਿਰ ਸੰਸਾਰ ’ਚ ਸ਼ਾਂਤੀ ਦੀਆਂ ਸੰਭਾਵਨਾਵਾਂ ’ਤੇ ਬਹੁਤ ਅਸਰ ਪੈਂਦਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਸੰਭਾਵਤ ਮੁੜ ਮੁਕਾਬਲਾ ਚੋਣ ਕੈਲੰਡਰ ’ਤੇ ਇਕ ਵੱਡਾ ਮੁਕਾਬਲਾ ਜਾਪਦਾ ਹੈ। 

ਲੰਡਨ ਸਥਿਤ ਥਿੰਕ ਟੈਂਕ ‘ਚੈਥਮ ਹਾਊਸ’ ਦੇ ਡਾਇਰੈਕਟਰ ਬ੍ਰੋਨਵੇਨ ਮੈਡੌਕਸ ਨੇ ਕਿਹਾ ਕਿ ਇਹ ਚੋਣਾਂ ਵੋਟਰਾਂ ਵਿਚ ਅਸੰਤੁਸ਼ਟੀ, ਬੇਸਬਰੀ ਅਤੇ ਚਿੰਤਾ ਦੇ ਮੂਡ ਦਾ ਮੁਲਾਂਕਣ ਕਰਨਗੀਆਂ। 

ਚੀਨ ਦੇ ਭਾਰੀ ਦਬਾਅ ਹੇਠ ਤਾਈਵਾਨ ਵਿਚ ਸਨਿਚਰਵਾਰ ਨੂੰ ਰਾਸ਼ਟਰਪਤੀ ਅਹੁਦੇ ਅਤੇ 113 ਮੈਂਬਰੀ ਸੰਸਦ ਦੇ ਚੋਣ ਨਤੀਜਿਆਂ ਦਾ ਅਮਰੀਕਾ ਸਮੇਤ ਏਸ਼ੀਆ-ਪ੍ਰਸ਼ਾਂਤ ਖੇਤਰ ’ਤੇ ਮਹੱਤਵਪੂਰਨ ਅਸਰ ਪਵੇਗਾ। 

ਚੀਨ ਨੇ ਇਕ ਵਾਰ ਫਿਰ ਸਵੈ-ਸ਼ਾਸਿਤ ਟਾਪੂ ਦੀ ਫੌਜੀ ਵਰਤੋਂ ਦੀ ਧਮਕੀ ਦਿਤੀ ਹੈ ਕਿਉਂਕਿ ਉਹ ਤਾਈਵਾਨ ਨੂੰ ਅਪਣਾ ਹਿੱਸਾ ਮੰਨਦਾ ਹੈ। ਚੀਨ ਨੇ ਇਸ ਚੋਣ ਨੂੰ ਜੰਗ ਅਤੇ ਸ਼ਾਂਤੀ ਵਿਚਾਲੇ ਬਦਲ ਦਸਿਆ ਹੈ। ਹਾਲਾਂਕਿ, ਰਾਸ਼ਟਰਪਤੀ ਅਹੁਦੇ ਦੇ ਤਿੰਨ ਵੱਡੇ ਉਮੀਦਵਾਰਾਂ ਵਿਚੋਂ ਕਿਸੇ ਨੇ ਵੀ ਤਾਈਵਾਨ ਦੀ ਆਜ਼ਾਦੀ ਦਾ ਐਲਾਨ ਕਰ ਕੇ ਚੀਨ ਨੂੰ ਨਾਰਾਜ਼ ਕਰਨ ਦੀ ਇੱਛਾ ਜ਼ਾਹਰ ਨਹੀਂ ਕੀਤੀ ਹੈ। 

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੁਨੀਆਂ ਦੀ ਸੱਭ ਤੋਂ ਲੰਮੇ ਸਮੇਂ ਤਕ ਸੇਵਾ ਕਰਨ ਵਾਲੀ ਮਹਿਲਾ ਆਗੂ ਹੈ। ਹਸੀਨਾ ਐਤਵਾਰ ਨੂੰ ਹੋਈਆਂ ਦੇਸ਼ ਦੀਆਂ ਚੋਣਾਂ ਵਿਚ ਲਗਾਤਾਰ ਚੌਥੀ ਵਾਰ ਮੁੜ ਚੁਣੀ ਗਈ ਸੀ, ਜਿਸ ਦਾ ਵਿਰੋਧੀ ਪਾਰਟੀਆਂ ਨੇ ਬਾਈਕਾਟ ਕੀਤਾ ਸੀ ਅਤੇ ਦੇਸ਼ ਵਿਚ ਹਿੰਸਾ ਹੋਈ ਸੀ। 

ਸੱਭ ਤੋਂ ਵੱਧ ਆਬਾਦੀ ਵਾਲੇ ਦੇਸ਼ ਭਾਰਤ ’ਚ 2024 ਦੇ ਮੱਧ ’ਚ ਆਮ ਚੋਣਾਂ ਹੋਣੀਆਂ ਹਨ, ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਗਾਤਾਰ ਤੀਜੀ ਵਾਰ ਜਿੱਤਣ ਦੀ ਉਮੀਦ ਹੈ। 

ਸੱਤਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੇ ਇਕ ਹੋਰ ਨੇਤਾ ਅਲ ਸਲਵਾਡੋਰ ਦੇ ਰਾਸ਼ਟਰਪਤੀ ਨਾਇਬ ਬੁਕੇਲੇ ਹਨ, ਜਿਨ੍ਹਾਂ ਨੂੰ ਹਿੰਸਕ ਸਮੂਹਾਂ ’ਤੇ ਕਾਰਵਾਈ ਕਰਨ ਲਈ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਨ ਲਈ ਵਿਆਪਕ ਸਮਰਥਨ ਮਿਲ ਰਿਹਾ ਹੈ। 

ਮੈਕਸੀਕੋ ਵਿਚ 2 ਜੂਨ ਨੂੰ ਹੋਣ ਵਾਲੀਆਂ ਚੋਣਾਂ ਵਿਚ ਅਪਣੀ ਪਹਿਲੀ ਮਹਿਲਾ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ। ਮੈਕਸੀਕੋ ਸਿਟੀ ਦੀ ਮੇਅਰ ਕਲਾਉਡੀਆ ਸ਼ੇਨਬਾਮ ਅਤੇ ਸਾਬਕਾ ਵਿਰੋਧੀ ਸੈਨੇਟਰ ਜੋਚਿਟੇਲ ਗਾਲਵੇਜ਼ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰਾਂ ਵਿਚ ਸ਼ਾਮਲ ਹਨ। 

ਦੱਖਣ-ਪੂਰਬੀ ਏਸ਼ੀਆ ਦੇ ਸੱਭ ਤੋਂ ਵੱਡੇ ਲੋਕਤੰਤਰ ਇੰਡੋਨੇਸ਼ੀਆ ਦੇ ਵੋਟਰ 14 ਫਰਵਰੀ ਨੂੰ ਰਾਸ਼ਟਰਪਤੀ ਜੋਕੋ ਵਿਡੋਡੋ ਦੇ ਉੱਤਰਾਧਿਕਾਰੀ ਦੀ ਚੋਣ ਕਰਨ ਜਾ ਰਹੇ ਹਨ। ਓਪੀਨੀਅਨ ਪੋਲ ਸੰਕੇਤ ਦਿੰਦੇ ਹਨ ਕਿ ਰਖਿਆ ਮੰਤਰੀ ਪ੍ਰਬੋਵੋ ਸੁਬੀਆਂਤੋ ਅਤੇ ਮੱਧ ਜਾਵਾ ਦੇ ਸਾਬਕਾ ਗਵਰਨਰ ਗੰਜਰ ਪ੍ਰਨੋਵੋ ਵਿਚਾਲੇ ਸਖਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ। 

ਪਾਕਿਸਤਾਨ ’ਚ 8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ’ਚ ਸਥਾਪਤ ਨੇਤਾਵਾਂ ਵਿਚਾਲੇ ਮੁਕਾਬਲਾ ਵੇਖਣ ਨੂੰ ਮਿਲੇਗਾ। ਵਿਰੋਧੀ ਧਿਰ ਦਾ ਮੁੱਖ ਚਿਹਰਾ ਰਹੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਜੇਲ੍ਹ ’ਚ ਹਨ ਅਤੇ ਚੋਣ ਅਧਿਕਾਰੀਆਂ ਨੇ ਉਨ੍ਹਾਂ ਦੇ ਚੋਣ ਲੜਨ ’ਤੇ ਪਾਬੰਦੀ ਲਗਾ ਦਿਤੀ ਹੈ। 

ਪਾਕਿਸਤਾਨ ਮੁਸਲਿਮ ਲੀਗ ਦੇ ਨੇਤਾ ਅਤੇ ਉਨ੍ਹਾਂ ਦੇ ਵਿਰੋਧੀ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁਕੇ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਰੀ ਹੋਣ ਤੋਂ ਬਾਅਦ ਚੋਣ ਲੜਨ ਦੀ ਇਜਾਜ਼ਤ ਦੇ ਦਿਤੀ ਗਈ ਹੈ। ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ ਵੀ ਚੋਣ ਲੜ ਰਹੀ ਹੈ। 

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮਾਰਚ ਵਿਚ ਹੋਣ ਵਾਲੀਆਂ ਰੂਸ ਦੀਆਂ ਰਾਸ਼ਟਰਪਤੀ ਚੋਣਾਂ ਕੌਣ ਜਿੱਤੇਗਾ, ਕਿਉਂਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਜੋ ਪੰਜਵੇਂ ਕਾਰਜਕਾਲ ਲਈ ਚੋਣ ਲੜ ਰਹੇ ਹਨ, ਨੂੰ ਸਿਰਫ ਪ੍ਰਤੀਕਾਤਮਕ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਦੇ ਮੁੱਖ ਵਿਰੋਧੀ ਜਾਂ ਤਾਂ ਜੇਲ੍ਹ ’ਚ ਹਨ, ਜਾਂ ਜਲਾਵਤਨ ਹਨ ਜਾਂ ਮਰ ਗਏ ਹਨ ਅਤੇ ਯੂਕਰੇਨ ’ਚ ਸ਼ਾਂਤੀ ਦੀ ਮੰਗ ਕਰਨ ਵਾਲੇ ਇਕ ਨੇਤਾ ਨੂੰ ਅਯੋਗ ਕਰਾਰ ਦਿਤਾ ਗਿਆ ਹੈ। 

ਇਸੇ ਤਰ੍ਹਾਂ ਦੀ ਕਹਾਣੀ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੇਂਕੋ ਦੀ ਅਗਵਾਈ ਹੇਠ ਹੈ। ਸੰਸਦੀ ਚੋਣਾਂ ਅਗਲੇ ਮਹੀਨੇ ਦੀ 25 ਤਰੀਕ ਨੂੰ ਹੋਣ ਦੀ ਉਮੀਦ ਹੈ। ਹਜ਼ਾਰਾਂ ਵਿਰੋਧੀ ਜਾਂ ਤਾਂ ਜੇਲ੍ਹ ’ਚ ਹਨ ਜਾਂ ਦੇਸ਼ ਛੱਡ ਚੁਕੇ ਹਨ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement