
ਅਪਰਾਧਕ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਹੋਣਗੇ ਟਰੰਪ
ਨਿਊਯਾਰਕ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸ਼ੁਕਰਵਾਰ ਨੂੰ ਇਕ ‘ਪੋਰਨ ਸਟਾਰ’ (ਵੇਸ਼ਵਾ) ਨੂੰ ਗੁਪਤ ਪੈਸੇ ਦੇਣ ਦੇ ਦੋਸ਼ ’ਚ ਰਸਮੀ ਤੌਰ ’ਤੇ ਸਜ਼ਾ ਸੁਣਾਈ ਗਈ ਪਰ ਜੱਜ ਨੇ ਨਾ ਤਾਂ ਉਨ੍ਹਾਂ ਨੂੰ ਜੇਲ ਦੀ ਸਜ਼ਾ ਦਾ ਐਲਾਨ ਕੀਤਾ ਅਤੇ ਨਾ ਹੀ ਉਨ੍ਹਾਂ ’ਤੇ ਜੁਰਮਾਨਾ ਜਾਂ ਪਾਬੰਦੀ ਲਗਾਈ। ਇਹ ਫੈਸਲਾ ਟਰੰਪ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਦਸ ਦਿਨ ਪਹਿਲਾਂ ਆਇਆ ਹੈ।
ਇਸ ਫੈਸਲੇ ਨੂੰ ਟਰੰਪ ਲਈ ਵੱਡੀ ਰਾਹਤ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ ਅਤੇ ਰਾਸ਼ਟਰਪਤੀ ਦੇ ਤੌਰ ’ਤੇ ਦੂਜੇ ਕਾਰਜਕਾਲ ਲਈ ਉਨ੍ਹਾਂ ਦੀ ਵ੍ਹਾਈਟ ਹਾਊਸ ’ਚ ਵਾਪਸੀ ਦਾ ਰਸਤਾ ਵੀ ਸਾਫ ਹੋ ਗਿਆ ਹੈ। ਮੈਨਹਟਨ ਅਦਾਲਤ ਦੇ ਜੱਜ ਜੁਆਨ ਐਮ. ਮਾਰਚਨ ਨੇ ‘ਹੱਸ਼ ਮਨੀ’ ਮਾਮਲੇ ’ਚ 78 ਸਾਲ ਦੇ ਟਰੰਪ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾ ਸਕਦੇ ਸਨ। ਹਾਲਾਂਕਿ, ਉਨ੍ਹਾਂ ਨੇ ਇਕ ਅਜਿਹਾ ਫੈਸਲਾ ਚੁਣਿਆ ਜਿਸ ਨੇ ਕੇਸ ਨੂੰ ਅਸਰਦਾਰ ਢੰਗ ਨਾਲ ਸੁਲਝਾਉਣ ਦੌਰਾਨ ਕਈ ਸੰਵਿਧਾਨਕ ਮੁੱਦਿਆਂ ਨੂੰ ਪੈਦਾ ਹੋਣ ਤੋਂ ਰੋਕਿਆ।
ਟਰੰਪ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਚੁਣੇ ਜਾਣ ਵਾਲੇ ਪਹਿਲੇ ਵਿਅਕਤੀ ਹੋਣਗੇ, ਜਿਨ੍ਹਾਂ ਨੂੰ ਅਪਰਾਧਕ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਰਸਮੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਟਰੰਪ ਵਲੋਂ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਇਕ ਸਹਿਯੋਗੀ ਰਾਹੀਂ ਸਟਾਰ ਸਟੋਰਮੀ ਡੈਨੀਅਲਜ਼ ਨੂੰ 1,30,000 ਡਾਲਰ ਦੀ ਅਦਾਇਗੀ ਦੇ ਆਲੇ-ਦੁਆਲੇ ਘੁੰਮਦਾ ਹੈ ਤਾਂ ਜੋ ਉਹ ਉਸ ਨਾਲ ਸੈਕਸ ਕਰਨ ਬਾਰੇ ਜਨਤਕ ਤੌਰ ’ਤੇ ਬਿਆਨ ਨਾ ਦੇਵੇ।
ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਕੋਲ ਗਏ ਸਨ ਅਤੇ ਅਪੀਲ ਕੀਤੀ ਸੀ ਕਿ ਸਟਾਰ ਨੂੰ ਅਪਣਾ ਮੂੰਹ ਬੰਦ ਰੱਖਣ ਲਈ ਭੁਗਤਾਨ ਕਰਨ ਨਾਲ ਜੁੜੇ ਮਾਮਲੇ ਵਿਚ ਸਜ਼ਾ ’ਤੇ ਰੋਕ ਲਗਾਈ ਜਾਵੇ। ਹਾਲਾਂਕਿ, ਸੁਪਰੀਮ ਕੋਰਟ ਨੇ ਟਰੰਪ ਦੀ ਪਟੀਸ਼ਨ ਖਾਰਜ ਕਰ ਦਿਤੀ, ਜਿਸ ਨਾਲ ਜਸਟਿਸ ਮਰਚਨ ਲਈ ਸ਼ੁਕਰਵਾਰ ਨੂੰ ਅਪਣੀ ਸਜ਼ਾ ਦਾ ਐਲਾਨ ਕਰਨ ਦਾ ਰਸਤਾ ਸਾਫ ਹੋ ਗਿਆ।
ਹਾਲਾਂਕਿ, ਜਸਟਿਸ ਮਾਰਚਨ ਨੇ ਸੰਕੇਤ ਦਿਤਾ ਕਿ ਉਹ ਟਰੰਪ ਨੂੰ ਜੇਲ੍ਹ ਦੀ ਸਜ਼ਾ ਨਹੀਂ ਦੇਣਗੇ ਅਤੇ ਨਾ ਹੀ ਉਨ੍ਹਾਂ ’ਤੇ ਕੋਈ ਜੁਰਮਾਨਾ ਜਾਂ ਪਾਬੰਦੀਆਂ ਲਗਾਉਣਗੇ।
ਟਰੰਪ ਦੇ ਦੋਸ਼ ਅਤੇ ਮੁਕੱਦਮੇ ’ਚ ਕਦੋਂ ਕੀ ਹੋਇਆ?
ਮਾਰਚ 2023: ਮੈਨਹਟਨ DA ਨੇ ਟਰੰਪ ਨੂੰ 2016 ’ਚ ਸਟੌਰਮੀ ਡੈਨੀਅਲਜ਼ ਨੂੰ ਗੁਪਤ ਪੈਸੇ ਦੇ ਭੁਗਤਾਨ ਨਾਲ ਜੁੜੇ ਦੋਸ਼ਾਂ ’ਚ ਦੋਸ਼ੀ ਠਹਿਰਾਇਆ।
30 ਮਈ, 2024: ਟਰੰਪ ਨੂੰ ਚੋਣਾਂ ਨਾਲ ਸਬੰਧਤ ਜਾਣਕਾਰੀ ਨੂੰ ਦਬਾਉਣ ਦੀ ਸਾਜ਼ਸ਼ ਨਾਲ ਜੁੜੇ ਕਾਰੋਬਾਰੀ ਰੀਕਾਰਡਾਂ ਨੂੰ ਜਾਅਲੀ ਬਣਾਉਣ ਦੇ 34 ਦੋਸ਼ਾਂ ’ਚ ਦੋਸ਼ੀ ਪਾਇਆ ਗਿਆ।
19 ਨਵੰਬਰ, 2024: DA ਸਜ਼ਾ ਸੁਣਾਉਣ ’ਚ ਦੇਰੀ ਕਰਨ ਲਈ ਸਹਿਮਤ ਹੋਇਆ ਤਾਂ ਜੋ ਸੰਭਾਵਤ ਪ੍ਰਸਤਾਵ ਨੂੰ ਖਾਰਜ ਕਰਨ ਦੀ ਇਜਾਜ਼ਤ ਦਿਤੀ ਜਾ ਸਕੇ।
22 ਨਵੰਬਰ, 2024: ਜੱਜ ਮਰਚਨ ਨੇ ਸਜ਼ਾ ਮੁਲਤਵੀ ਕਰ ਦਿਤੀ ਅਤੇ ਟਰੰਪ ਦੀ ਖਾਰਜ ਕਰਨ ਦਾ ਮਤਾ ਦਾਇਰ ਕਰਨ ਦੀ ਬੇਨਤੀ ਨੂੰ ਮਨਜ਼ੂਰ ਕਰ ਲਿਆ।
3 ਜਨਵਰੀ, 2025: ਜੱਜ ਮਰਚਨ ਨੇ ਖਾਰਜ ਕਰਨ ਦੇ ਪ੍ਰਸਤਾਵ ਨੂੰ ਰੱਦ ਕਰ ਦਿਤਾ।
10 ਜਨਵਰੀ 2025: ਟਰੰਪ ਨੂੰ ਸ਼ਰਤਾਂ ’ਤੇ ਦੋਸ਼ਮੁਕਤ ਕੀਤਾ ਗਿਆ।