
ਇਮਰਾਨ ਖਾਨ ਨੇ ਪਾਕਿਸਤਾਨ ਚੋਣਾਂ ’ਚ ਜਿੱਤ ਦਾ ਦਾਅਵਾ ਕਰਨ ਲਈ ਏ.ਆਈ. ਦੀ ਵਰਤੋਂ ਕੀਤੀ
Imran Khan : ਇਸਲਾਮਾਬਾਦ : ਪਾਕਿਸਤਾਨ ਦੀ ਜੇਲ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਮ ਚੋਣਾਂ ’ਚ ਜਿੱਤ ਦਾ ਦਾਅਵਾ ਕਰਨ ਲਈ ਏ.ਆਈ. ਦੀ ਵਰਤੋਂ ਕਰਦੇ ਹੋਏ ਇਕ ਵੀਡੀਉ ਸੰਦੇਸ਼ ਭੇਜਿਆ ਹੈ ਅਤੇ ਅਪਣੇ ਕੱਟੜ ਵਿਰੋਧੀ ਨਵਾਜ਼ ਸ਼ਰੀਫ ਨੂੰ ‘ਮੂਰਖ’ ਵਿਅਕਤੀ ਦਸਿਆ ਹੈ। ਖਾਨ ਦਾ ਸੰਦੇਸ਼ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਸਾਂਝਾ ਕੀਤਾ ਹੈ। ਖਾਨ ਨੇ ਇਕ ਵੀਡੀਉ ਸੰਦੇਸ਼ ’ਚ ਅਪਣੇ ਸਮਰਥਕਾਂ ਨੂੰ ਚੋਣ ਨਤੀਜਿਆਂ ’ਤੇ ਵਧਾਈ ਦਿਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ’ਤੇ ਭਰੋਸਾ ਹੈ।
ਇਸ ਦੌਰਾਨ ਅਤਿਵਾਦ ਰੋਕੂ ਅਦਾਲਤ (ਏ.ਟੀ.ਸੀ.) ਨੇ ਸਨਿਚਰਵਾਰ ਨੂੰ ਇਮਰਾਨ ਖਾਨ ਨੂੰ ਦੇਸ਼ ’ਚ ਫੌਜੀ ਟਿਕਾਣਿਆਂ ’ਤੇ 9 ਮਈ ਨੂੰ ਹੋਏ ਹਮਲਿਆਂ ਨਾਲ ਜੁੜੇ 12 ਮਾਮਲਿਆਂ ’ਚ ਜ਼ਮਾਨਤ ਦੇ ਦਿਤੀ। ‘ਦ ਐਕਸਪ੍ਰੈਸ ਟ੍ਰਿਬਿਊਨ ਪਾਕਿਸਤਾਨ’ ਦੀ ਖਬਰ ਮੁਤਾਬਕ ਏ.ਟੀ.ਸੀ. ਜੱਜ ਮਲਿਕ ਇਜਾਜ਼ ਆਸਿਫ ਨੇ ਜਨਰਲ ਹੈੱਡਕੁਆਰਟਰ (ਪਾਕਿਸਤਾਨੀ ਫੌਜ) ਅਤੇ ਆਰਮੀ ਮਿਊਜ਼ੀਅਮ ’ਤੇ ਹਮਲੇ ਸਮੇਤ 12 ਮਾਮਲਿਆਂ ’ਚ ਖਾਨ ਨੂੰ ਜ਼ਮਾਨਤ ਦੇ ਦਿਤੀ ਅਤੇ ਉਸ ਨੂੰ 1,00,000 ਰੁਪਏ ਦਾ ਜ਼ਮਾਨਤ ਬਾਂਡ ਭਰਨ ਲਈ ਕਿਹਾ।
ਅਦਾਲਤ ਨੇ ਕਿਹਾ ਕਿ 71 ਸਾਲ ਦੇ ਖਾਨ ਨੂੰ ਜੇਲ੍ਹ ’ਚ ਰੱਖਣ ਦਾ ਕੋਈ ਕਾਰਨ ਨਹੀਂ ਹੈ ਕਿਉਂਕਿ 9 ਮਈ ਦੇ ਮਾਮਲੇ ’ਚ ਬਾਕੀ ਸਾਰੇ ਦੋਸ਼ੀ ਜ਼ਮਾਨਤ ’ਤੇ ਬਾਹਰ ਹਨ। ਅਦਾਲਤ ਦੇ ਹੁਕਮ ਦੇ ਬਾਵਜੂਦ, ਖਾਨ ਜੇਲ੍ਹ ’ਚ ਹੀ ਰਹਿਣਗੇ ਕਿਉਂਕਿ ਉਸ ਨੂੰ ਕਈ ਹੋਰ ਮਾਮਲਿਆਂ ’ਚ ਦੋਸ਼ੀ ਠਹਿਰਾਇਆ ਗਿਆ ਹੈ। ਪਾਕਿਸਤਾਨ ’ਚ ਚੋਣਾਂ ਤੋਂ ਬਾਅਦ ਜਾਰੀ ਇਕ ਵੀਡੀਉ ’ਚ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਵੋਟ ਪਾਉਣ ਲਈ ਬਾਹਰ ਆਉਣਗੇ ਅਤੇ ਉਨ੍ਹਾਂ ਨੇ ਵੱਡੀ ਗਿਣਤੀ ’ਚ ਵੋਟ ਪਾਉਣ ’ਤੇ ਭਰੋਸਾ ਰੱਖਣ ਲਈ ਅਪਣੇ ਸਮਰਥਕਾਂ ਦੀ ਸ਼ਲਾਘਾ ਕੀਤੀ।
ਇਮਰਾਨ ਖਾਨ (71) ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ’ਚ ਵੋਟ ਪਾ ਕੇ ਅਤੇ ਵੋਟ ਪਾਉਣ ਦੇ ਅਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰ ਕੇ ਤੁਸੀਂ ਨਾਗਰਿਕ ਅਧਿਕਾਰਾਂ ਦੀ ਵਰਤੋਂ ਕਰਨ ਦੀ ਆਜ਼ਾਦੀ ਦੀ ਬਹਾਲੀ ਦੀ ਨੀਂਹ ਰੱਖੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਖਾਨ ਦੀ ਪਾਰਟੀ ਨੇ ਅਪਣੇ ਸਮਰਥਕਾਂ ਤਕ ਪਹੁੰਚਣ ਲਈ ਏ.ਆਈ. ਤਕਨਾਲੋਜੀ ਦੀ ਵਰਤੋਂ ਕੀਤੀ ਹੈ।
ਇਸ ਨੇ ਖਾਨ ਦੇ ਸੰਦੇਸ਼ ਨੂੰ ਲੋਕਾਂ ਤਕ ਫੈਲਾਉਣ ਲਈ ਮੁਹਿੰਮ ਦੌਰਾਨ ਏਆਈ ਦੀ ਵਰਤੋਂ ਵੀ ਕੀਤੀ ਸੀ। ਖਾਨ ਨੇ ਪੋਲਿੰਗ ਸਟੇਸ਼ਨਾਂ ਦੇ ਨਤੀਜੇ ਵਿਖਾਉਣ ਵਾਲੇ ਫਾਰਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਅਸੀਂ ਹੁਣ ਫਾਰਮ 45 ਦੇ ਅਨੁਸਾਰ 170 ਸੀਟਾਂ ਜਿੱਤ ਰਹੇ ਹਾਂ।’’ ਉਨ੍ਹਾਂ ਨੇ ਪੀ.ਟੀ.ਆਈ. ਤੋਂ 30 ਸੀਟਾਂ ਘੱਟ ਹੋਣ ਦੇ ਬਾਵਜੂਦ ਜਿੱਤ ਦਾ ਭਾਸ਼ਣ ਦੇਣ ਲਈ ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ਦੀ ਆਲੋਚਨਾ ਕੀਤੀ।
ਵੀਡੀਉ ’ਚ ਨਵਾਜ਼ ਸ਼ਰੀਫ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਨਵਾਜ਼ ਸ਼ਰੀਫ ਇਕ ਮੂਰਖ ਵਿਅਕਤੀ ਹਨ, ਜਿਨ੍ਹਾਂ ਨੇ ਅਪਣੀ ਪਾਰਟੀ 30 ਸੀਟਾਂ ਤੋਂ ਪਿੱਛੇ ਹੋਣ ਦੇ ਬਾਵਜੂਦ ਜਿੱਤ ਦਾ ਭਾਸ਼ਣ ਦਿਤਾ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ.) ਦੇ ਮੁਖੀ ਨਵਾਜ਼ ਸ਼ਰੀਫ ਨੇ ਸ਼ੁਕਰਵਾਰ ਸ਼ਾਮ ਨੂੰ ਐਲਾਨ ਕੀਤਾ ਕਿ ਉਹ ਗੱਠਜੋੜ ਸਰਕਾਰ ਬਣਾਉਣ ਲਈ ਸਲਾਹ-ਮਸ਼ਵਰਾ ਸ਼ੁਰੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੋ ਸਾਲਾਂ ਦੇ ਭਾਰੀ ਜ਼ੁਲਮ ਅਤੇ ਬੇਇਨਸਾਫੀ ਤੋਂ ਬਾਅਦ ਵੀ ਅਸੀਂ ਪੂਰੀ ਤਾਕਤ ਨਾਲ 2024 ਦੀਆਂ ਚੋਣਾਂ ਜਿੱਤੀਆਂ ਹਨ।
(For more Punjabi news apart from 'Anti-terrorism court granted bail to Imran Khan in 12 cases , stay tuned to Rozana Spokesman)