
ਲੰਡਨ ਸਥਿਤ ਭਾਰਤ ਦੇ ਦੂਤਾਵਾਸ ਬਾਹਰ ਪ੍ਰਦਰਸ਼ਨ ਕਰ ਰਹੇ ਸਿੱਖਾਂ ਅਤੇ ਕਸ਼ਮੀਰੀਆਂ ਦੀ ਭਾਰਤੀਆਂ ਨਾਲ ਹੱਥੋਪਾਈ ਹੋ ਗਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ..
ਲੰਡਨ: ਲੰਡਨ ਸਥਿਤ ਭਾਰਤ ਦੇ ਦੂਤਾਵਾਸ ਬਾਹਰ ਪ੍ਰਦਰਸ਼ਨ ਕਰ ਰਹੇ ਸਿੱਖਾਂ ਅਤੇ ਕਸ਼ਮੀਰੀਆਂ ਦੀ ਭਾਰਤੀਆਂ ਨਾਲ ਹੱਥੋਪਾਈ ਹੋ ਗਈ ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਹ ਘਟਨਾ ਬੀਤੇ ਕਲ੍ਹ ਵਾਪਰੀ। ਸਕੋਟਲੈਂਡ ਯਾਰਡ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿਚ ਇਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ ਵਿਚ ਉਸਨੂੰ ਰਿਹਾਅ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਿਕ ਸਿੱਖ ਅਤੇ ਕਸ਼ਮੀਰੀ ਪੰਜਾਬ ਅਤੇ ਕਸ਼ਮੀਰ ਵਿਚ ਭਾਰਤੀ ਕਬਜ਼ੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਅਤੇ ਭਾਰਤੀ ਸਮਰਥਕ ਇਸ ਦੇ ਵਿਰੋਧ ਵਿਚ ਮੋਦੀ ਜਿੰਦਾਬਾਦ ਵਰਗੇ ਨਾਅਰੇ ਲਾ ਰਹੇ ਸਨ। ਮੀਡੀਆ ਰਿਪੋਰਟਾਂ ਮੁਤਾਬਿਕ ਸਿੱਖਸ ਫਾਰ ਜਸਟਿਸ, ਓਵਰਸੀਸ ਪਾਕਿਸਤਾਨੀਸ ਵੈਲਫੇਅਰ ਕਾਉਂਸਿਲ ਵਲੋਂ ਭਾਰਤ ਵਿਚ ਘੱਟਗਿਣਤੀਆਂ 'ਤੇ ਹੁੰਦੇ ਜੁਲਮਾਂ ਖਿਲਾਫ ਭਾਰਤੀ ਦੂਤਾਵਾਸ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਉੱਥੇ ਉੱਥੇ ਫਰੈਂਡਸ ਆਫ ਇੰਡੀਆ ਸੋਸਾਇਟੀ ਯੂਕੇ ਤੇ ਹੋਰ ਭਾਰਤੀ ਜਥੇਬੰਦੀਆਂ ਇਸ ਦੇ ਵਿਰੋਧ ਵਿਚ ਪ੍ਰਦਰਸ਼ਨ ਕਰਨ ਲਈ ਪਹੁੰਚ ਗਈਆਂ।
ਇਸ ਦੌਰਾਨ ਇਕ ਦੂਜੇ ਵਿਰੁੱਧ ਨਾਅਰੇਬਾਜ਼ੀ ਦੇ ਚਲਦਿਆਂ ਤਲਖੀ ਵੱਧ ਗਈ ਤੇ ਗੱਲ ਹੱਥੋਪਾਈ ਤੱਕ ਜਾ ਪਹੁੰਚੀ। ਇਸ ਘਟਨਾ ਵਿਚ ਸਿਰਫ ਥੱਪੜ ਹੀ ਮਾਰੇ ਗਏ ਤੇ ਕਿਸੇ ਦੇ ਜ਼ਿਆਦਾ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਦੋਵੇਂ ਧਿਰਾਂ ਵਲੋਂ ਇਕ ਦੂਜੇ ਉੱਤੇ ਪਹਿਲ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ।