
ਔਰਤਾਂ ਨੂੰ ਵਿੱਤੀ ਮਦਦ ਅਤੇ ਸਿਖਿਆ ਉਪਲਬਧ ਕਰਾਉਣ ਦੇ ਮਕਸਦ ਨਾਲ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਵਪਾਰਕ ਸਿਖਲਾਈ ਕੇਂਦਰ ਸ਼ੁਰੂ ਕੀਤੇ ਜਾਣਗੇ
ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਸੂਬੇ ਵਿਚ ਸਿੱਖ ਔਰਤਾਂ ਨੂੰ ਵਪਾਰਕ ਸਿਖਲਾਈ ਦਿਤੀ ਜਾਵੇਗੀ ਤਾਕਿ ਉਹ ਵਧੀਆ ਪੱਧਰ ਦੀ ਜ਼ਿੰਦਗੀ ਬਤੀਤ ਕਰ ਸਕਣ। ਇਹ ਸੂਬਾ ਅਤਿਵਾਦ ਪ੍ਰਭਾਵਤ ਕਬਾਇਲੀ ਖੇਤਰ ਹੈ। ਔਰਤਾਂ ਦੀ ਸਥਿਤੀ ਸਬੰਧੀ ਖ਼ੈਬਰ ਪਖ਼ਤੂਨਖ਼ਵਾ ਕਮਿਸ਼ਨ ਨੇ ਇਹ ਫ਼ੈਸਲਾ ਕੀਤਾ ਹੈ ਕਿ ਸਿੱਖ ਔਰਤਾਂ ਨੂੰ ਵਿੱਤੀ ਮਦਦ ਅਤੇ ਸਿਖਿਆ ਉਪਲਬਧ ਕਰਾਉਣ ਦੇ ਮਕਸਦ ਨਾਲ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਵਪਾਰਕ ਸਿਖਲਾਈ ਕੇਂਦਰ ਸ਼ੁਰੂ ਕੀਤੇ ਜਾਣਗੇ। ਕਮਿਸ਼ਨ ਦੀ ਇਕ ਮੈਂਬਰ ਰੁਬੀਨਾ ਮਸੀਹ ਨੇ ਕਿਹਾ ਕਿ ਇਸ ਸੂਬੇ ਵਿਚ ਘੱਟ ਗਿਣਤੀ ਕੌਮਾਂ ਨਾਲ ਸਬੰਧਤ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਵਿਚ ਪੈਸੇ ਅਤੇ ਸਿਖਿਆ ਦੀ ਪ੍ਰੇਸ਼ਾਨੀ ਵੀ ਇਕ ਹੈ।
Sikh Women in Pakistan
ਮਸੀਹ ਨੇ ਕਿਹਾ ਕਿ ਅਤਿਵਾਦ ਪ੍ਰਭਾਵਤ ਇਲਾਕਾ ਹੋਣ ਕਾਰਨ ਸਿੱਖ ਔਰਤਾਂ ਨੂੰ ਵੱਖ-ਵੱਖ ਥਾਵਾਂ 'ਤੇ ਭੇਜਿਆ ਗਿਆ ਸੀ ਜਿਥੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਸਿੱਖ ਔਰਤਾਂ ਦੀ ਭਲਾਈ ਲਈ ਵਪਾਰਕ ਸਿਖਲਾਈ ਕੇਂਦਰ ਸ਼ੁਰੂ ਕੀਤੇ ਜਾਣਗੇ ਤਾਕਿ ਉਨ੍ਹਾਂ ਦੀ ਸਥਿਤੀ ਵਧੀਆ ਹੋ ਸਕੇ। ਉਨ੍ਹਾਂ ਕਿਹਾ ਕਿ ਇਹ ਸਿਖਲਾਈ ਕੇਂਦਰ ਉਨ੍ਹਾਂ ਦੇ ਘਰ ਦੇ ਨੇੜੇ ਹੀ ਖੋਲ੍ਹੇ ਜਾਣਗੇ ਜਿਥੇ ਉਹ ਵੱਖ-ਵੱਖ ਵਪਾਰ ਦੀ ਸਿਖਲਾਈ ਲੈ ਸਕਣਗੀਆਂ। ਸਿੱਖਾਂ ਨੇ ਕਮਿਸ਼ਨ ਨੂੰ ਸੁਝਾਅ ਦਿਤਾ ਹੈ ਕਿ ਇਹ ਸਿਖਲਾਈ ਕੇਂਦਰ ਪੇਸ਼ਾਵਰ ਸ਼ਹਿਰ ਦੇ ਮੁਹੱਲਾ ਜੋਗਨ ਸ਼ਾਹ ਵਿਖੇ ਖੋਲ੍ਹੇ ਜਾਣ। ਉਨ੍ਹਾਂ ਕਿਹਾ ਕਿ ਅਜਿਹੇ ਕੇਂਦਰ ਬੁਨੇਰ ਅਤੇ ਹੋਰ ਜ਼ਿਲ੍ਹਿਆਂ ਵਿਚ ਵੀ ਖੋਲ੍ਹੇ ਜਾਣਗੇ ਜਿਥੇ ਵੱਡੀ ਗਿਣਤੀ ਵਿਚ ਸਿੱਖ ਰਹਿੰਦੇ ਹਨ। (ਪੀ.ਟੀ.ਆਈ.)