
ਕੋਰੋਨਾ ਵਾਇਰਸ ਸੰਕਟ ਦੌਰਾਨ ਭਾਰਤ ਨੇ ਮਦਦ ਲਈ ਅਪਣੇ 88 ਸਿਹਤ ਕਰਮਚਾਰੀਆਂ ਨੂੰ ਸੰਯੁਕਤ ਅਰਬ ਅਮੀਰਾਤ ਭੇਜਿਆ ਹੈ।
ਦੁਬਈ: ਕੋਰੋਨਾ ਵਾਇਰਸ ਸੰਕਟ ਦੌਰਾਨ ਭਾਰਤ ਨੇ ਮਦਦ ਲਈ ਅਪਣੇ 88 ਸਿਹਤ ਕਰਮਚਾਰੀਆਂ ਨੂੰ ਸੰਯੁਕਤ ਅਰਬ ਅਮੀਰਾਤ ਭੇਜਿਆ ਹੈ। ਸੰਯੁਕਤ ਅਰਬ ਅਮੀਰਾਤ ਵਿਚ ਕੋਰੋਨਾ ਸੰਕਰਮਣ ਦੇ ਮਾਮਲਿਆਂ ਵਿਚ ਵਾਧਾ ਹੋਣ ਦੇ ਨਾਲ ਦੇਸ਼ ਦੇ ਸਿਹਤ ਕਰਮਚਾਰੀਆਂ ਦੀ ਮਦਦ ਲਈ ਭਾਰਤ ਤੋਂ 88 ਨਰਸਾਂ ਦਾ ਪਹਿਲਾ ਗਰੁੱਪ ਦੁਬਈ ਪਹੁੰਚਿਆ ਹੈ।
Photo
ਮੀਡੀਆ ਰਿਪੋਰਟਾਂ ਅਨੁਸਾਰ ਖਾੜੀ ਦੇਸ਼ ਵਿਚ ਕੋਰੋਨਾ ਵਾਇਰਸ ਮਾਮਲਿਆਂ ਦੀ ਗਿਣਤੀ 17 ਹਜ਼ਾਰ ਤੋਂ ਪਾਰ ਹੋ ਗਈ ਹੈ। ਸਿਹਤ ਅਤੇ ਰੋਕਥਾਮ ਮੰਤਰਾਲੇ ਨੇ ਇਹ ਕਿਹਾ ਹੈ ਕਿ ਯੂਏਈ ਵਿਚ ਸ਼ਨੀਵਾਰ ਨੂੰ ਇਸ ਮਹਾਮਾਰੀ ਦੇ 624 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਮਾਮਲਿਆਂ ਦੀ ਕੁੱਲ ਗਿਣਤੀ ਵਧ ਕੇ 17,417 ਹੋ ਗਈ ਹੈ।
Photo
ਇਸ ਦਿਨ ਵਾਇਰਸ ਦੇ ਕਾਰਨ 11 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 185 ਹੋ ਗਈ ਹੈ। ਸਥਾਨਕ ਮੀਡੀਆ ਅਨੁਸਾਰ ਇਹ ਨਰਸਾਂ ਕੇਰਲ, ਕਰਨਾਟਕ ਅਤੇ ਮਹਾਰਾਸ਼ਟਰ ਵਿਚ ਐਸਟਰ ਡੀਐਮ ਹੈਲਥਕੇਅਰ ਹਸਪਤਾਲਾਂ ਤੋਂ ਹਨ। ਇਹਨਾਂ ਨਰਸਾਂ ਨੂੰ 13 ਦਿਨ ਤੱਕ ਕੁਆਰੰਟੀਨ ਰੱਖੇ ਜਾਣ ਤੋਂ ਬਾਅਦ ਲੋੜ ਅਨੁਸਾਰ ਵੱਖ-ਵੱਖ ਹਸਪਤਾਲਾਂ ਵਿਚ ਭੇਜਿਆ ਜਾਵੇਗਾ।
Photo
ਨਰਸਾਂ ਦਾ ਇਹ ਸਮੂਹ ਸ਼ਨੀਵਾਰ ਨੂੰ ਇਕ ਵਿਸ਼ੇਸ਼ ਉਡਾਨ ਜ਼ਰੀਏ ਦੁਬਈ ਹਵਾਈ ਅੱਡੇ 'ਤੇ ਪਹੁੰਚਿਆ। ਯੂਏਈ ਵਿਚ ਭਾਰਤੀ ਰਾਜਦੂਤ ਪਵਨ ਕੁਮਾਰ ਨੇ ਕਿਹਾ ਕਿ ਇਸ ਨਾਲ ਦੋਵੇਂ ਦੇਸ਼ਾਂ ਵਿਚਕਾਰ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਨੂੰ ਹੋਰ ਮਜ਼ਬੂਤੀ ਮਿਲੇਗੀ। ਉਹਨਾਂ ਕਿਹਾ, 'ਭਾਰਤ ਅਤੇ ਯੂਏਈ ਦਿਖਾ ਰਹੇ ਹਨ ਕਿ ਕਿਵੇਂ ਇਕ ਰਣਨੀਤਕ ਭਾਈਵਾਲੀ ਨੂੰ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਇਕ ਮਜ਼ਬੂਤ ਸਹਿਯੋਗ ਵਿਚ ਬਦਲਿਆ ਜਾ ਸਕਦਾ ਹੈ।
Photo
ਲੋੜ ਸਮੇਂ ਦੋਸਤ ਦੀ ਮਦਦ ਕਰਨਾ ਦੋਵੇਂ ਦੇਸ਼ਾਂ ਵਿਚ ਸਹਿਯੋਗ ਦਾ ਮਕਸਦ ਹੈ'। ਦੁਬਈ ਹੈਲਥ ਅਥਾਰਟੀ ਦੇ ਡਾਇਰੈਕਟਰ ਜਨਰਲ ਹੁਮੈਦ ਅਲ ਕੁਤਾਮੀ ਨੇ ਜਾਣਕਾਰੀ ਦਿੰਦਿਆਂ ਕਿਹਾ, 'ਇਹ ਪਹਿਲ ਦੋਵੇਂ ਦੇਸ਼ਾਂ ਵੱਲੋਂ ਸਾਂਝੇ ਕੀਤੇ ਗਏ ਸਬੰਧਾਂ ਦੀ ਪਛਾਣ ਹੈ ਅਤੇ ਇਹ ਸਰਕਾਰੀ ਅਤੇ ਨਿੱਜੀ ਸਿਹਤ ਖੇਤਰ ਵਿਚ ਨਜ਼ਦੀਕੀ ਸਹਿਯੋਗ ਨੂੰ ਦਿਖਾਉਂਦਾ ਹੈ'।