
ਅਲਬਾਮਾ ਦੇ ਗਵਰਨਰ ਕੇ ਆਈਵੀ ਨੇ ਐਲਨ ਯੂਜੀਨ ਮਿਲਰ ਦੀ ਸਜ਼ਾ ਲਈ 26 ਸਤੰਬਰ ਨਿਰਧਾਰਤ ਕੀਤੀ ਹੈ।
US News: ਅਮਰੀਕਾ ਦੇ ਅਲਬਾਮਾ ਰਾਜ ਵਿਚ ਨਾਈਟਰੋਜਨ ਗੈਸ ਸੁੰਘਾ ਕੇ ਇਕ ਕਤਲ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਦਿਤੀ ਜਾਵੇਗੀ। ਇਸ ਤੋਂ ਪਹਿਲਾਂ ਸੂਬੇ ’ਚ ਇਕ ਦੋਸ਼ੀ ਨੂੰ ਇਸੇ ਤਰ੍ਹਾਂ ਸਜ਼ਾ ਸੁਣਾਈ ਗਈ ਸੀ ਅਤੇ ਇਸ ਦੀ ਕਾਫੀ ਆਲੋਚਨਾ ਹੋਈ ਸੀ। ਅਲਬਾਮਾ ਦੇ ਗਵਰਨਰ ਕੇ ਆਈਵੀ ਨੇ ਐਲਨ ਯੂਜੀਨ ਮਿਲਰ ਦੀ ਸਜ਼ਾ ਲਈ 26 ਸਤੰਬਰ ਨਿਰਧਾਰਤ ਕੀਤੀ ਹੈ।
ਮਿਲਰ ਨੂੰ 1999 ਵਿਚ ਤਿੰਨ ਲੋਕਾਂ ਦੀ ਹਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ। ਗਵਰਨਰ ਦੇ ਦਫ਼ਤਰ ਨੇ ਕਿਹਾ ਕਿ ਮਿਲਰ ਨੂੰ ਨਾਈਟਰੋਜਨ ਗੈਸ ਰਾਹੀਂ ਮੌਤ ਦੇ ਘਾਟ ਉਤਾਰ ਦਿਤਾ ਜਾਵੇਗਾ। ਅਲਾਬਾਮਾ ਦੀ ਅਦਾਲਤ ਨੇ ਇਕ ਹਫ਼ਤਾ ਪਹਿਲਾਂ ਦੋਸ਼ੀ ਨੂੰ ਨਾਈਟਰੋਜਨ ਗੈਸ ਦੁਆਰਾ ਮੌਤ ਦੇਣ ਦੀ ਇਜਾਜ਼ਤ ਦਿਤੀ ਸੀ, ਜਿਸ ਤੋਂ ਬਾਅਦ ਰਾਜਪਾਲ ਨੇ ਸਜ਼ਾ ਦੀ ਤਰੀਕ ਤੈਅ ਕੀਤੀ ਸੀ।
ਇਸ ਤੋਂ ਪਹਿਲਾਂ ਜਨਵਰੀ ਵਿਚ ਅਲਬਾਮਾ ਵਿਚ ਕੇਨੇਥ ਸਮਿਥ ਨੂੰ ਨਾਈਟਰੋਜਨ ਗੈਸ ਰਾਹੀਂ ਸਜ਼ਾ ਦਿਤੀ ਗਈ ਸੀ। 25 ਜਨਵਰੀ ਨੂੰ, ਜਦੋਂ ਸਮਿਥ ਨੂੰ ਨਾਈਟਰੋਜਨ ਗੈਸ ਸੁੰਘਾ ਕੇ ਮੌਤ ਦੀ ਸਜ਼ਾ ਦਿਤੀ ਜਾ ਰਹੀ ਸੀ, ਉਹ ਲੰਮੇ ਸਮੇਂ ਤਕ ਤੜਫਦਾ ਰਿਹਾ ਸੀ ਤੇ ਉਸ ਨੂੰ ਦੌਰੇ ਪੈਣੇ ਸ਼ੁਰੂ ਹੋ ਗਏ ਅਤੇ ਉਸ ਦਾ ਸਰੀਰ ਆਕੜ ਗਿਆ। ਲੋਕਾਂ ਨੇ ਇਸ ਤਰੀਕੇ ਨੂੰ ਬੇਹੱਦ ਅਣਮਨੁੱਖੀ ਕਰਾਰ ਦਿਤਾ ਸੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਮੌਤ ਦੀ ਸਜ਼ਾ ਦਾ ਕੋਈ ਹੋਰ ਤਰੀਕਾ ਲਭਿਆ ਜਾਵੇ।
(For more Punjabi news apart from Alabama schedules nitrogen gas execution for inmate who survived lethal injection attempt, stay tuned to Rozana Spokesman)