
ਭਾਰਤੀ ਮੂਲ ਦੀ ਰੇਸ਼ਮਾ ਕੇਵਲਰਮਾਨੀ ਦਾ ਨਾਂ 100 ਸ਼ਕਤੀਸ਼ਾਲੀ ਕਾਰੋਬਾਰੀਆਂ ’ਚ ਸ਼ਾਮਿਲ
Fortune magazine releases list of 100 most powerful businesspeople : ਫਾਰਚੂਨ ਮੈਗਜ਼ੀਨ ਵਲੋਂ ਕਾਰੋਬਾਰ ’ਚ ਸੱਭ ਤੋਂ ਵੱਧ ਸ਼ਕਤੀਸ਼ਾਲੀ ਕਾਰੋਬਾਰੀਆਂ ਦੀ ਇਕ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ’ਚ ਚੋਟੀ ਦੇ ਸ਼ਕਤੀਸ਼ਾਲੀ 100 ਵਿਅਕਤੀਆਂ ਦੇ ਨਾਂਅ ਸ਼ਾਮਿਲ ਹਨ। ਇਨ੍ਹਾਂ ’ਚ ਭਾਰਤੀ ਮੂਲ ਦੀ ਮੁੰਬਈ ਦੀ ਜਮਪਲ ਰੇਸ਼ਮਾ ਕੇਵਲਰਮਾਨੀ ਜੋ ਕਿ ਵਰਟੈਕਸ ਫਾਰਮਾਸਿਊਟੀਕਲਜ਼ ਦੀ ਸੀ.ਈ.ਓ. ਹੈ, ਦਾ ਨਾਂਅ ਵੀ ਸ਼ਾਮਿਲ ਹੈ।
ਕੌਮਾਂਤਰੀ ਕਾਰੋਬਾਰੀ ਆਗੂਆਂ ਦੀ ਸੂਚੀ ’ਚ ਕੇਵਲਰਮਾਨੀ 62ਵੇਂ ਸਥਾਨ ’ਤੇ ਹੈ। ਇਸ ਸੂਚੀ ’ਚ ਉਨ੍ਹਾਂ ਕਾਰੋਬਾਰੀਆਂ ਨੂੰ ਜਗ੍ਹਾ ਦਿੱਤੀ ਜਾਂਦੀ ਹੈ ਜੋ ਭਵਿੱਖ ਦੇ ਕਾਰੋਬਾਰ ਨੂੰ ਸ਼ਕਲ ਦਿੰਦੇ ਹਨ। ਕੇਵਲਰਮਾਨੀ ਪਹਿਲੀ ਔਰਤ ਹੈ ਜਿਸ ਨੇ ਇਕ ਵੱਡੀ ਯੂ.ਐਸ. ਬਾਇਓਟੈਕਨਾਲੋਜੀ ਫਰਮ ਦੀ ਅਗਵਾਈ ਕੀਤੀ ਹੈ। ਉਹ ਇਕ ਡਾਕਟਰ ਹੈ ਤੇ ਉਸ ਨੇ ਵਰਟੈਕਸ ਦੇ ਸੀ.ਈ.ਓ. ਵਜੋਂ ਅਪ੍ਰੈਲ 2020 ’ਚ ਅਹੁਦਾ ਸੰਭਾਲਿਆ ਸੀ।
ਇਸ ਤੋਂ ਪਹਿਲਾਂ ਉਹ 2017 ਤੋਂ ਕੰਪਨੀ ਦੇ ਚੀਫ ਮੈਡੀਕਲ ਅਫਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਸ ਦੀ ਅਗਵਾਈ ’ਚ ਕੰਪਨੀ ਦੇ ਅਸਾਸੇ 110 ਅਰਬ ਡਾਲਰ ਤੱਕ ਪੁੱਜ ਗਏ ਹਨ । ਇਸ ਸੂਚੀ ’ਚ ਸ਼ਾਮਿਲ ਭਾਰਤੀ ਮੂਲ ਦੇ ਹੋਰ ਕਾਰੋਬਾਰੀਆਂ ’ਚ ਮਾਈਕਰੋ ਸਾਫਟ ਦਾ ਸੀ.ਈ.ਓ. ਸਤਿਆ ਨਾਡੇਲਾ (ਦੂਸਰਾ ਸਥਾਨ), ਗੁੱਗਲ ਸੀ.ਈ.ਓ. ਸੁੰਦਰ ਪਿਚਾਈ (6ਵਾਂ ਸਥਾਨ), ਯੂ ਟਿਊਬ ਸੀ.ਈ.ਓ. ਨੀਲ ਮੋਹਨ (83 ਵਾਂ ਸਥਾਨ), ਰਿਲਾਇੰਸ ਇੰਡਸਟਰੀਜ਼ ਚੇਅਰਮੈਨ ਮੁਕੇਸ਼ ਅੰਬਾਨੀ (56 ਵਾਂ ਸਥਾਨ) ਤੇ ਅਡਾਨੀ ਗਰੁੱਪ ਚੇਅਰਮੈਨ ਗੌਤਮ ਅਡਾਨੀ (96 ਵਾਂ ਸਥਾਨ) ਸ਼ਾਮਿਲ ਹਨ ।